''ਹਿਪਨੋਟਿਜ਼ਮ''  ਦੇ ਸਿਧਾਂਤ ਨਾਲ ਮਨੁੱਖੀ ਮਨ ਦੀਆਂ ਗੁੰਝਲਾਂ ਜਾਣਨ ਵਾਲਾ ਸਿੰਗਮੰਡ ਫ੍ਰਾਇਡ

05/05/2021 1:01:10 PM

ਜਦੋਂ ਵੀ ਕਿਤੇ ਮਹਾਨ ਮਨੋਵਿਗਿਆਨੀਆਂ ਦੀ ਗੱਲ ਚੱਲਦੀ ਹੋਵੇ ਤਾਂ ਸਿੰਗਮੰਡ ਫ੍ਰਾਇਡ ਦਾ ਜ਼ਿਕਰ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ।ਮਨੋਵਿਗਿਆਨਿਕ ਸਿੰਗਮੰਡ ਫ੍ਰਾਇਡ ਨੇ ਮਨੁੱਖੀ ਵਿਅਕਤਿਤਵ ਦਾ ਵਿਸ਼ਲੇਸ਼ਣ ਕਰਕੇ ਸਿਰਫ ਡਾਕਟਰੀ ਪੇਸ਼ੇ ਨੂੰ ਹੀ ਨਹੀਂ ਸਗੋਂ ਆਪਣੇ ਵਿਚਾਰਾਂ ਰਾਹੀਂ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ ।ਸਿੰਗਮੰਡ ਫਰਾਇਡ ਦਾ ਜਨਮ 6 ਮਈ 1856 ਨੂੰ ਉਸ ਸਮੇਂ ਦੇ ਆਸਟਰੀਆ-ਹੰਗਰੀ ਸਾਮਰਾਜ ਦੇ ਮੋਰਾਵੀਆ ਸੂਬੇ 'ਚ ਯਹੂਦੀ ਪਰਿਵਾਰ ਵਿਚ ਹੋਇਆ।ਅੱਜ ਕਲ੍ਹ ਇਹ ਸਥਾਨ ਜਰਮਨੀ ਦੇ ਛੋਟੇ ਜਿਹੇ ਕਸਬੇ ਫ੍ਰੀਅਬਰਗ ਵਿੱਚ ਹੈ।ਫ੍ਰਾਇਡ ਦਾ ਪਿਤਾ 'ਜੈਕਬ ਫ੍ਰਾਇਡ' ਉੱਨ ਦਾ ਵਪਾਰੀ ਸੀ।ਸਿੰਗਮੰਡ ਆਪਣੇ ਪਿਤਾ ਦੀ ਦੂਸਰੀ ਪਤਨੀ ਅਮਾਲੀ ਨਾਥਨਸੋਹਨ ਦਾ ਪਹਿਲਾ ਬੱਚਾ ਸੀ ਤੇ ਫ੍ਰਾਇਡ ਦੇ ਜਨਮ ਤੋਂ ਬਾਅਦ ਸੱਤ ਭੈਣ-ਭਰਾ ਹੋਰ ਪੈਦਾ ਹੋਏ। 1930 ਈ: ਵਿਚ ਉਨ੍ਹਾਂ ਦੀ ਮਾਂ 95 ਸਾਲ ਦੀ ਉਮਰ ਭੋਗ ਕੇ ਚਲਾਣਾ ਕਰ ਗਈ।ਬਚਪਨ ਫ੍ਰਾਇਡ ਦਾ ਰੋਮਨ ਵਿੱਚ ਬੀਤਿਆ। 1859 ਵਿੱਚ ਫ੍ਰਾਇਡ  ਦੇ ਪਰਿਵਾਰ ਨੇ ਫ੍ਰੀਅਬਰਗ ਵੱਲ ਕੂਚ ਕੀਤਾ।ਕੁਝ ਸਮਾਂ ਲੀਪਜ਼ਿਗ ਵਿੱਚ ਰਹਿ ਕੇ ਫਿਰ ਵਿਆਨਾ ਵੱਲ ਰਵਾਨਾ ਹੋਏ ਤੇ ਉੱਥੇ ਰਹਿਣ ਲੱਗ ਪਏ।

ਫ੍ਰਾਇਡ ਨੂੰ ਸੰਗੀਤ ਨਾਲ ਤਾਂ ਜਿਵੇਂ ਨਫ਼ਰਤ ਹੀ ਸੀ ਪਰ ਉਸਨੂੰ ਕਿਤਾਬਾਂ ਪੜ੍ਹਨ,ਖ਼ਰੀਦਣ ਤੇ ਇਕੱਠੀਆਂ ਕਰਨ ਦਾ ਬਹੁਤ ਸ਼ੌਕ ਸੀ।ਪੜ੍ਹਾਈ ਵਿਚ ਹੁਸ਼ਿਆਰ ਹੋਣ ਕਰਕੇ ਉਸਨੂੰ ਆਮ ਵਿਦਿਆਰਥੀਆਂ ਨਾਲੋਂ ਇਕ ਸਾਲ ਪਹਿਲਾਂ ਹੀ ਨੌਂ ਸਾਲ ਦੀ ਉਮਰ ਵਿਚ ਹੀ ਹਾਈ ਸਕੂਲ ਵਿਚ ਦਾਖ਼ਲਾ ਮਿਲ ਗਿਆ।ਇੱਥੇ ਉਸਨੇ ਤਕਰੀਬਨ 8 ਸਾਲ ਜੀ-ਤੋੜ ਮਿਹਨਤ ਕੀਤੀ ਤੇ ਛੇ ਸਾਲ ਲਗਾਤਾਰ ਜਮਾਤ ਵਿੱਚੋਂ ਪਹਿਲੇ ਦਰਜੇ 'ਤੇ ਆਉਂਦਾ ਰਿਹਾ।ਸਕੂਲ ਛੱਡਣ ਤੋਂ ਬਾਅਦ ਫ੍ਰਾਇਡ ਨੇ ਵਿਗਿਆਨ ਪੇਸ਼ੇ ਨੂੰ ਚੁਣਿਆ।ਸੰਨ 1873 'ਚ ਉਸਨੇ ਵਿਆਨਾ ਦੇ ਵਿਸ਼ਵ ਵਿਦਿਆਲੇ ਵਿੱਚ ਡਾਕਟਰੀ ਦੇ ਕੋਰਸ 'ਚ ਦਾਖ਼ਲਾ ਲਿਆ ਤੇ 30 ਮਾਰਚ 1881 ਨੂੰ ਅੱਵਲ ਦਰਜੇ ਨਾਲ ਪਾਸ ਹੋਇਆ। 

ਫ੍ਰਾਇਡ ਨੇ ਜਰਮਨ,ਲੈਟਿਨ,ਗ੍ਰੀਕ,ਫ੍ਰੈਂਚ,ਅੰਗਰੇਜ਼ੀ ਤੋਂ ਇਲਾਵਾ ਇਟੈਲਿਅਨ,ਸਪੇਨਸ਼ ਅਤੇ ਹਿਬਰੂ ਭਾਸ਼ਾਵਾ ਵੀ ਸਿੱਖੀਆਂ ਤੇ ਸਭ ਵਿੱਚ ਮੁਹਾਰਤ ਹਾਸਲ ਕੀਤੀ।ਸੰਨ 1882 ਵਿੱਚ ਉਹ ਵਿਆਨਾ ਦੇ ਜਨਰਲ ਹਸਪਤਾਲ ਵਿੱਚ ਡਾਕਟਰ ਲੱਗਿਆ।ਤਿੰਨ ਸਾਲ ਉਥੇ ਉਸਨੇ ਕਈ ਮਹਿਕਮਿਆਂ ਵਿੱਚ ਕੰਮ ਕੀਤਾ ਤੇ ਅੰਤ ਉਸਦਾ ਝੁਕਾਅ ਨਸਤੰਤਰ ਵਿਗਿਆਨ ਵੱਲ ਹੋ ਗਿਆ।ਸਰਕਾਰੀ ਗ੍ਰਾਂਟ ਮਿਲਣ ਤੇ ਉਹ ਮਸ਼ਹੂਰ ਫ੍ਰਾਂਸੀਸੀ ਨਸਤੰਤਰ ਵਿਗਿਆਨੀ 'ਜੀਨ ਮਾਰਟਿਨ ਚਾਰਕੋਟ' ਕੋਲ ਪੈਰਿਸ ਚਲਿਆ ਗਿਆ।ਛੇ ਮਹੀਨੇ ਪੈਰਿਸ ਵਿੱਚ ਰਹਿ ਕੇ ਉਹ ਵਿਆਨਾ ਵਾਪਸ ਆ ਗਿਆ ਤੇ ਇੱਥੇ ਹੀ ਡਾਕਟਰੀ ਦੀ ਨਿੱਜੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਫ੍ਰਾਇਡ ਦਾ ਵਿਆਹ ਮਾਰਥਾ ਬਰਨੇਜ਼ ਨਾਲ ਹੋਇਆ ਜਿਸਦੀ ਕੁੱਖੋਂ ਤਿੰਨ ਕੁੜੀਆਂ ਤੇ ਤਿੰਨ ਮੁੰਡਿਆਂ ਨੇ ਜਨਮ ਲਿਆ।

ਇਹ ਵੀ ਪੜ੍ਹੋ :ਆਖ਼ਿਰ ਕੀ ਸੁਨੇਹਾ ਦਿੰਦੇ ਨੇ ਪੰਜ ਸੂਬਿਆਂ ਦੇ ਚੋਣ ਨਤੀਜੇ !
ਸੰਨ 1882 ਨੂੰ ਫ੍ਰਾਇਡ ਦਾ ਮੇਲ ਡਾਕਟਰ ਜੋਸੇਫ ਬ੍ਰਿਊਰ ਨਾਲ ਹੋਇਆ। ਸੰਨ 1880-82 ਦੌਰਾਨ ਬ੍ਰਿਊਰ ਨੇ ਇਕ ਹਿਸਟੀਰਿਆ ਦੀ ਰੋਗੀ ਕੁੜੀ ਦਾ ਇਲਾਜ ਕੀਤਾ।ਉਹ ਕੁੜੀ ਜਦੋਂ ਆਪਣੇ ਅਣਸੁਖਾਵੇਂ ਅਨੁਭਵ ਅਤੇ ਡਰਾਉਣੀਆਂ ਮਨੋਭ੍ਰਾਂਤੀਆਂ ਬਾਰੇ ਗੱਲਾਂ ਕਰਦੀ ਤਾਂ ਕੁਝ ਸਮੇਂ ਵਿੱਚ ਠੀਕ ਹੋ ਜਾਂਦੀ ਸੀ।ਇਸ ਕੁੜੀ ਦਾ ਇਲਾਜ ਕਰਨ ਲਈ ਹਿਪਨੋਟਿਜ਼ਮ ਦੀ ਵਰਤੋਂ ਕੀਤੀ ਜਾਂਦੀ ਸੀ।ਫ੍ਰਾਇਡ ਇਸ ਕੇਸ ਤੋਂ ਬਹੁਤ ਪ੍ਰਭਾਵਿਤ ਹੋਇਆ।ਜਿੱਥੇ  ਫ੍ਰਾਇਡ ਨੇ ਆਪਣੀ ਨਿੱਜੀ ਪ੍ਰੈਕਟਿਸ ਦੌਰਾਨ ਬਿਜਲੀ-ਚਿਕਿਤਸਾ,ਸਨਾਨ ਅਤੇ ਮਾਲਿਸ਼ ਆਦਿ ਵਰਗੇ ਹੋਰ ਸਾਧਨਾਂ ਨੂੰ ਵਰਤਣਾ ਸ਼ੁਰੂ ਕੀਤਾ ਸੀ ਉਥੇ ਉਸਨੇ ਸਮਾਂ ਪਾ ਕੇ ਹਿਪਨੋਟਿਜ਼ਮ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ।ਫ੍ਰਾਇਡ  ਹਿਪਨੋਟਿਜ਼ਮ ਰਾਹੀ ਰੋਗੀ ਦਾ ਇਤਿਹਾਸ ਜਾਣ ਕੇ ਬ੍ਰਿਊਰ ਦੇ ਕਥਾਰਸਿਸ ਤਰੀਕੇ ਦੀ ਵਰਤੋਂ ਕਰਦਾ।ਸੰਨ 1885 ਵਿੱਚ ਫ੍ਰਾਇਡ ਨੇ ਬ੍ਰਿਊਰ ਨਾਲ ਮਿਲ ਕੇ Studies in Hysteria ਨਾਂ ਦੀ ਕਿਤਾਬ ਛਾਪੀ।

ਹੌਲੀ ਹੌਲੀ ਸਿੰਗਮੰਡ ਦਾ ਰੁਝਾਨ ਰੋਗੀਆਂ ਨੂੰ ਹਿਪਨੋਟਿਜ਼ ਕਰਕੇ ਉਨ੍ਹਾਂ ਨਾਲ  ਖੁੱਲ੍ਹੇ ਸੰਬੰਧ ਨਾਲ ਸੰਵਾਦ ਕਰਕੇ ਇਲਾਜ ਕਰਨ ਵੱਲ ਹੋਣ ਲੱਗਿਆ ਤੇ ਸੰਨ 1886 ਦੇ ਸ਼ੁਰੂ ਵਿੱਚ ਛਪੇ ਇਕ ਲੇਖ ਵਿੱਚ ਉਸਨੇ ਮਨੋਵਿਸ਼ਲੇਸ਼ਣ ਸ਼ਬਦ ਪਹਿਲੀ ਵਾਰ ਵਰਤਿਆ।1896ਈ: ਵਿਚ ਉਸਨੇ ਇਕ ਪਰਚਾ ਪੜ੍ਹਿਆ,ਜਿਸ ਵਿਚ ਉਸਨੇ ਕਿਹਾ ਕਿ ਹਰ ਹਿਸਟੀਰਿਆਂ ਦੀ ਜੜ੍ਹ ਵਿਚ  ਬਚਪਨ ਦੇ ਮੁੱਢਲੇ ਸਾਲਾਂ ਦੇ ਅਗੇਤੇ ਕਾਮ ਅਨੁਭਵ ਹੁੰਦੇ ਹਨ ਅਤੇ ਜਦੋਂ ਮਨੋਵਿਸ਼ਲੇਸ਼ਣ ਰਾਹੀਂ ਉਹੀ ਤਜਰਬੇ ਫੇਰ ਚੇਤਨਾ ਵਿੱਚ ਲਿਆ ਕੇ ਰੋਗੀ ਨੂੰ ਉਨ੍ਹਾਂ ਨੂੰ ਸਮਝਣ ਵਿੱਚ ਮਦਦ ਕੀਤੀ ਜਾਂਦੀ ਹੈ ਤਾਂ ਉਹ ਠੀਕ ਹੋ ਜਾਂਦਾ ਹੈ।
ਸੰਨ 1900 ਵਿੱਚ ਉਸਨੇ ਆਪਣੀ Interpretation of Dreams ਨਾਂ ਦੀ ਮਸ਼ਹੂਰ ਕਿਤਾਬ ਛਪਵਾਈ।ਇਸ ਕਿਤਾਬ ਵਿੱਚ ਉਸਨੇ ਆਪਣੇ ਅਤੇ ਹੋਰ ਲੋਕਾਂ ਦੇ ਸੁਫ਼ਨਿਆਂ ਦਾ ਵਿਸ਼ਲੇਸ਼ਣ ਕੀਤਾ।ਇਸ ਕਿਤਾਬ ਵਿੱਚ ਉਸਨੇ ਪਹਿਲੀ ਵਾਰ ਅਵਚੇਤਨ ਮਨ ਦੀ ਧਾਰਣਾ ਦੀ ਰੂਪ-ਰੇਖਾ ਪੇਸ਼ ਕੀਤੀ। ਇਸੇ ਤਰ੍ਹਾਂ ਸੰਨ 1905 ਵਿੱਚ ਉਸਦੀ ਕਿਤਾਬ Three Essays on the Theory of Sexuality ਛਪੀ।ਇਸ ਕਿਤਾਬ ਵਿੱਚ ਉਸਨੇ ਬੱਚੇ ਦੇ ਸ਼ਿਸ਼ੂਕਾਲ ਤੋਂ ਹੀ ਕਾਮਵਾਸਨਾ ਦੇ ਵਿਕਾਸ ਬਾਰੇ ਵਿਚਾਰ ਪੇਸ਼ ਕੀਤੇ। ਇਸ ਕਿਤਾਬ ਦੀ ਬਹੁਤ ਆਲੋਚਨਾ ਹੋਈ। ਸੰਨ 1912-13 ਦੌਰਾਨ ਉਸਨੇ ਮਾਨਵ ਵਿਗਿਆਨੀ ਸਾਮਗ੍ਰੀ ਦੇ ਆਧਾਰ 'ਤੇ ਧਰਮ ਉੱਤੇ 'ਟੋਟਮ ਅਤੇ ਟੈਬੂ' ਨਾਂ ਦੀ ਪੁਸਤਕ ਲਿਖੀ ਤੇ 1912 ਵਿੱਚ ਹੀ Imago ਨਾਂ ਦਾ ਰਸਾਲਾ ਸ਼ੁਰੂ ਕੀਤਾ।ਫ੍ਰਾਇਡ ਨੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਹਿੱਸਾ ਲਿਆ। ਮਨੋਵਿਸ਼ਲੇਸ਼ਣ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਉੱਪਰ ਲੇਖ ਲਿਖੇ,ਭਾਸ਼ਣ ਦਿੱਤੇ ਤੇ ਕਿਤਾਬਾਂ ਲਿਖੀਆਂ। 

ਜਦੋਂ 1933ਵਿੱਚ ਹਿਟਲਰ ਦਾ ਜਰਮਨੀ ਵਿੱਚ ਰਾਜ ਸ਼ੁਰੂ ਹੋਇਆ।ਨਾਜ਼ੀਆਂ ਨੇ ਫ੍ਰਾਇਡ ਦੀਆਂ ਕਿਤਾਬਾਂ ਨੂੰ ਸ਼ਰੇਆਮ ਸਾੜਿਆ।1938 'ਚ ਹਿਟਲਰ ਨੇ ਆਸਟਰੀਆ ਉੱਤੇ ਕਬਜ਼ਾ ਕਰ ਲਿਆ ਤੇ ਯਹੂਦੀ ਵਿਰੋਧੀ ਪ੍ਰਬਲ ਜ਼ਜ਼ਬਾਤਾਂ ਕਰਕੇ ਫ੍ਰਾਇਡ ਨੂੰ ਵਿਆਨਾ ਤੋਂ ਭੱਜ ਕੇ ਲੰਦਨ ਜਾਣਾ ਪਿਆ ਜਿੱਥੇ 23 ਸਤੰਬਰ 1939 ਨੂੰ ਉਸਦੀ ਕੈਂਸਰ ਨਾਲ ਮੌਤ ਹੋ ਗਈ।

ਸੁਰਜੀਤ ਸਿੰਘ 'ਦਿਲਾ ਰਾਮ'
ਸੰਪਰਕ 99147-22933
ਨੋਟ: ਇਹ ਆਰਟੀਕਲ ਤੁਹਾਨੂੰ ਕਿਵੇਂ ਲੱਗਾ?ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News