ਸਕੂਲ ਸਿੱਖਿਆ ਵਿਭਾਗ ਵੱਲੋਂ ਨੰਨੇ-ਮੁੰਨੇ ਵਿਦਿਆਰਥੀਆਂ ਲਈ ''ਆਓ ਖੇਡੀਏ, ਆਓ ਗਾਈਏ'' ਦੀ ਮੁਹਿੰਮ ਸ਼ੁਰੂਆਤ

08/28/2020 3:23:19 PM

ਐੱਸ.ਏ.ਐੱਸ ਨਗਰ (ਬਿਊਰੋ) - ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕਰਕੇ ਦੇਸ਼ ਭਰ 'ਚ ਨਵੀਂ ਪਹਿਲਕਦਮੀ ਕਰਨ ਵਾਲੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਨੰਨੇ-ਮੁੰਨੇ ਵਿਦਿਆਰਥੀਆਂ ਨੂੰ ਮਨੋਰੰਜਕ ਤਰੀਕੇ ਨਾਲ ਵਿਦਿਅਕ ਲੀਹਾਂ 'ਤੇ ਤੋਰਨ ਹਿੱਤ 'ਆਓ ਖੇਡੀਏ, ਆਓ ਗਾਈਏ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ‘ਪੜ੍ਹੋ ਪੰਜਾਬ ਪੜਾਓ ਪੰਜਾਬ’ ਪ੍ਰਾਜੈਕਟ ਤਹਿਤ ਪ੍ਰੀ-ਪ੍ਰਾਇਮਰੀ-1 ਤੇ ਪ੍ਰੀ-ਪ੍ਰਾਇਮਰੀ-2 ਜਮਾਤਾਂ ਲਈ ਆਕਰਸ਼ਕ ਅਤੇ ਮਨੋਰੰਜਕ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ। ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਸਕੂਲੀ ਸਿੱਖਿਆ ਦੇ ਵਿਕਾਸ ਲਈ ਨਿਰੰਤਰ ਕੀਤੇ ਜਾ ਰਹੇ ਯਤਨਾਂ ਦੀ ਲੜੀ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਵਿਸ਼ੇਸ਼ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ।

ਸਿੱਖਣ ਪੱਧਰਾਂ ਅਤੇ ਰੁਚੀਆਂ ਨੂੰ ਧਿਆਨ ਵਿੱਚ ਰੱਖ ਕੇ ਭੇਜੀਆਂ ਕੀਤਾਬਾਂ
ਇਸ ਸਬੰਧੀ ਸਟੇਟ ਕੋਆਰਡੀਨੇਟਰ ‘ਪੜ੍ਹੋ ਪੰਜਾਬ ਪੜਾਓ ਪੰਜਾਬ’ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ-1 ਅਤੇ ਪ੍ਰੀ-ਪ੍ਰਾਇਮਰੀ-2 ਜਮਾਤਾਂ ਲਈ, ਜੋ ਕਿਤਾਬਾਂ ਸਕੂਲਾਂ ਵਿੱਚ ਭੇਜੀਆਂ ਗਈਆਂ ਹਨ, ਉਨ੍ਹਾਂ ਦੀ ਸਿਰਜਣਾ ਬੱਚਿਆਂ ਦੇ ਸਿੱਖਣ ਪੱਧਰਾਂ ਅਤੇ ਰੁਚੀਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਭੇਜੀਆਂ ਗਈਆਂ ਕਿਤਾਬਾਂ ਦੀ ਸੂਚੀ ਅਨੁਸਾਰ ਪ੍ਰੀ-ਪ੍ਰਾਇਮਰੀ-1 ਜਮਾਤ ਲਈ ਖੇਡ ਵਿਧੀ ਰਾਹੀਂ ਸਿੱਖਿਆ ਪ੍ਰਦਾਨ ਕਰਨ ਲਈ 'ਆਓ ਖੇਡੀਏ' ਕਿਤਾਬ ਲਗਾਈ ਗਈ ਹੈ। ਬੱਚਿਆਂ ਦੀ ਕਵਿਤਾਵਾਂ ਪ੍ਰਤੀ ਰੁਚੀ ਪੈਦਾ ਕਰਨ ਲਈ 'ਆਓ ਗਾਈਏ' ਕਿਤਾਬ (ਰਾਈਮ ਬੁੱਕ) ਲਗਾਈ ਗਈ ਹੈ। ਛੋਟੇ ਬੱਚੇ ਕਹਾਣੀਆਂ ਪ੍ਰਤੀ ਵਿਸ਼ੇਸ਼ ਆਕਰਸ਼ਿਤ ਹੁੰਦੇ ਹਨ, ਇਸ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋਂ ਕਹਾਣੀਆਂ ਦੀ ਰੋਚਕ ਕਿਤਾਬ ਲਗਾਈ ਗਈ ਹੈ। ਦੁਹਰਾਈ ਲਈ ਗਿਆਨ ਦਾ ਰੰਗੀਨ ਖਜ਼ਾਨਾ ਪ੍ਰੀ- ਪ੍ਰਾਇਮਰੀ-1 ਅਤੇ ਲਿਖਣ ਕਲਾ ਪ੍ਰੀ-ਪ੍ਰਾਇਮਰੀ-1 ਅਭਿਆਸ ਪੁਸਤਕਾਂ (ਵਰਕ ਬੁੱਕਸ) ਲਗਾਈਆਂ ਗਈਆਂ ਹਨ।

ਸਿੱਖਿਆ ਵਿਭਾਗ ਦੇ ਇਸ ਉੱਦਮ ਦੀ ਹਰ ਪਾਸੇ ਹੋ ਰਹੀ ਹੈ ਸ਼ਲਾਘਾ 
ਪ੍ਰੀ-ਪ੍ਰਾਇਮਰੀ-2 ਜਮਾਤ ਲਈ ਕਹਾਣੀਆਂ ਦੀ ਪੁਸਤਕ 'ਅੰਬਰੋਂ ਟੁੱਟਿਆ ਤਾਰਾ, ਗੁੱਲੂ ਦਾ ਗਜ਼ਬ ਪਟਾਰਾ, ਮਾਣੋ ਦੀ ਚੋਰੀ, ਸੈਰ ਸਪਾਟਾ, ਉੱਡਦੇ-ਉੱਡਦੇ ਤੇ ਮੇਰੇ ਦੋਸਤ ਵਰਗੀਆਂ ਦਿਲਕਸ਼ ਕਿਤਾਬਾਂ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਗਿਆਨ ਦਾ ਰੰਗੀਨ ਖਜ਼ਾਨਾ ਪ੍ਰੀ-ਪ੍ਰਾਇਮਰੀ-2 ਅਤੇ ਲਿਖਣ ਕਲਾ ਪ੍ਰੀ-ਪ੍ਰਾਇਮਰੀ-2 ਵਰਕ ਬੁੱਕਸ ਲਗਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਨਵੀਂ ਰਾਸਟਰੀ ਸਿੱਖਿਆ ਨੀਤੀ ਵਿੱਚ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ ਪਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਹ ਜਮਾਤਾਂ ਨਵੰਬਰ 2017 'ਚ ਆਰੰਭ ਕਰ ਦਿੱਤੀਆਂ ਗਈਆ ਸਨ। ਸਿੱਖਿਆ ਵਿਭਾਗ ਦੇ ਇਸ ਉੱਦਮ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਇਸ ਉੱਦਮ ਨਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲਿਆਂ ਵਿੱਚ ਅਥਾਹ ਵਾਧਾ ਹੋਇਆ ਹੈ। ਚਾਲੂ ਸ਼ੈਸ਼ਨ ਦੌਰਾਨ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ-1 ਵਿੱਚ 1,92,525 ਅਤੇ ਪ੍ਰੀ-ਪ੍ਰਾਇਮਰੀ -2 ਵਿੱਚ 1,35,050 ਵਿਦਿਆਰਥੀ ਪੜ੍ਹ ਰਹੇ ਹਨ। ਇਨ੍ਹਾਂ ਜਮਾਤਾਂ ਕਾਰਨ ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਬਹੁਤ ਵਧਿਆ ਹੈ।


rajwinder kaur

Content Editor

Related News