ਕਵਿਤਾ ਖਿੜਕੀ: ਐਵਾਨ-ਏ-ਗ਼ਜ਼ਲ

07/26/2021 12:56:26 PM

 ਉੱਨੀਂ
ਦੋਸਤਾ ਕੁੱਝ ਖੋਲਕੇ ਦਿਲ ਆਪਣੇ ਦਾ ਹਾਲ ਲਿਖ।
ਕਿਸ ਤਰਾਂ ਲੰਘੇ ਵਿਛੋੜੇ ਵਿਚ ਭਿੱਜੇ ਸਾਲ ਲਿਖ।
ਕਿਸ ਤਰਾਂ ਹੈ ਹਾਲ ਅਪਣੇ ਬਾਗ਼ ਤੇ ਪਰਿਵਾਰ ਦਾ,
ਕਰ ਰਹੇ ਬੱਚੇ ਨੇ ਕਿਤਨੀ ਫਰਜ਼ ਦੀ ਸੰਭਾਲ ਲਿਖ।
ਭੀੜ ਅੰਦਰ ਵੀ ਇਕੱਲਾ ਤੇ ਨਹੀਂ ਰਹਿੰਦਾ ਕਿਤੇ,
ਔਖੀਆਂ ਘੜੀਆਂ ਦੇ ਵਿਚ ਤੁਰਦਾ ਹੈ ਕਿਹੜਾ ਨਾਲ ਲਿਖ।
ਮਨ ਦੀਆਂ ਖਾਹਸ਼ਾਂ ਦੇ ਉਤੇ ਪਾ ਲਿਆ ਕਾਬੂ ਕਿ ਜਾਂ,
ਚੰਗਾ ਚੰਗਾ ਲਗਦਾ ਹੁਣ ਵੀ ਹੈ ਪਰਾਇਆ ਮਾਲ ਲਿਖ।
ਸ਼ੌਂਕ ਹੈ ਹਾਲਾਂ ਵੀ ਕਿਧਰੇ ਸ਼ਾਮ ਰੰਗਲੀ ਕਰਨ ਦਾ,
ਲਹਿ ਗਏ ਸਾਰੇ ਗਲ਼ੋਂ ਜਾਂ ਮੁਫਤ ਦੇ ਜ਼ੰਜਾਲ ਲਿਖ।
ਭਾਰ ਚੁੱਕਣੋਂ ਗੋਡਿਆਂ ਨੇ ਨਾਂਹ ਤੇ ਨਹੀਂ ਕੀਤੀ ਕਿਤੇ,
ਟੱਪਦੇ ਵੇਲੇ ਕੁਵੇਲੇ ਹੁਣ ਵੀ ਵੱਟਾਂ ਖਾਲ ਲਿਖ।
ਕਿਨਾਂ ਕੁ ਕਰਦਾ ਹੈਂ ਸਿਮਰਨ ਹੁੰਦੇ ਨੇ ਬਾਣੀ ਦੇ ਪਾਠ,
ਨਿਕਲਦੇ ਸਾਜ਼ਾਂ ਦੇ ਉਤੇ ਕਿਸ ਤਰਾਂ ਸੁਰਤਾਲ ਲਿਖ।
ਔਣ ਵਾਲੇ ਦਿਨ ਕਿਹੋ ਜਹੇ ਆ ਰਹੇ ਨੇ ਕੌਮ ਤੇ,
ਕੀ ਸਦਾ ਦੇਂਦਾ ਹੈ ਸ਼ਾਮੀ, ਸੰਖ ਤੇ ਘਡਿਆਲ ਲਿਖ।
ਭੁੱਲ ਭੁਲੇਖੇ ਵਿਚ ਵੀ ਕਿਧਰੇ ਆਣ ਕੇ 'ਦਰਦੀ' ਦੀ ਯਾਦ,
ਛੇੜਦੀ ਹੈ ਦਿਲ 'ਚ ਕਿਧਰੇ ਕੀ ਕੋਈ ਭੁਚਾਲ ਲਿਖ।


                      ਵੀਹ 
ਦੁਨੀਆਂ ਤੇ ਮੇਰੇ ਯਾਰ ਦਾ ਕੋਈ ਬਦਲ ਨਹੀਂ।
ਉਸ ਹੁਸਨ ਦੀ ਸਰਕਾਰ ਦਾ ਕੋਈ ਬਦਲ ਨਹੀਂ।
ਮਹਿਕ ਸਾਰੇ ਚਮਨ ਦੀ ਰੰਗਤ ਗੁਲਾਬ ਦੀ,
ਤਿਰੇ ਗੈਸੂ ਤੇ ਰੁਖ਼ਸਾਰ ਦਾ ਕੋਈ ਬਦਲ ਨਹੀਂ।
ਇਹ ਰਾਜ ਰੁਤਬੇ ਦੌਲਤਾਂ ਇਹ ਕਾਰਾਂ ਕੋਠੀਆਂ,
ਜਨਤਾ ਦੇ ਵਿਚ ਸਰਕਾਰ ਦਾ ਕੋਈ ਬਦਲ ਨਹੀਂ।
ਰੀਝ ਨਾ ਜਾਈਂ ਕਿਤੇ ਸੋਨੇ ਦੀ ਚਮਕ ਤੇ,
ਯਾਰਾ ਬਾਹਾਂ ਦੇ ਹਾਰ ਦਾ ਕੋਈ ਬਦਲ ਨਹੀਂ।
ਗਾਵੋ ਨਾ ਸੋਹਲੇ ਸ਼ੇਖ ਜੀ ਸੰਤ ਜੀ ਹੋਰ ਦੇ,
ਪੰਜਾਬ ਦੀ ਮੁਟਿਆਰ ਦਾ ਕੋਈ ਬਦਲ ਨਹੀਂ।
ਹਰ ਰਿਸ਼ਤੇ ਵਿੱਚੋਂ ਉੱਮਰ ਭਰ ਮਿਲਿਆ ਬੜਾ ਪਿਆਰ,
ਹੈ ਸੱਚ ਕਿ ਮਾਂ ਦੇ ਪਿਆਰ ਦਾ ਕੋਈ ਬਦਲ ਨਹੀਂ।
ਤੂੰ ਜਾਣ ਜਾ ਨਾ ਜਾਣ ਕਹਿੰਦੇ ਨੇ ਆਮ ਲੋਕ,
'ਦਰਦੀ' ਤਿਰੀ ਗੁਫ਼ਤਾਰ ਦਾ ਕੋਈ ਬਦਲ ਨਹੀਂ।


                    ਇੱਕੀ
ਸੰਸਾਰ ਵੱਲੋਂ ਦਿਲ ਦੇ ਮੈਂ ਬੂਹੇ ਨੂੰ ਭੇੜ ਕੇ।
ਹਾਂ ਸੁਰਖ਼ਰੂ ਸਦਾ ਦੇ ਕੱਜੀਏ ਨਬੇੜ ਕੇ।
ਈਰਖਾ ਦੀ ਅੱਗ ਨੂੰ ਕੁਝ ਕਰ ਲਿਆ ਹੈ ਸ਼ਾਂਤ,
ਗ਼ੈਰਾਂ ਨੇ ਮੇਰੇ ਯਾਰ ਨੂੰ ਮੈਥੋਂ ਨਖੇੜ ਕੇ।
ਕਰ ਕੇ ਕਮੀਨੇ ਵਾਰ ਕੀ ਮਿਲਿਆ ਸ਼ਰੀਕ ਨੂੰ,
ਬੈਠਾ ਹੈ ਚਿੱਕੜ ਦੇ ਵਿਚ ਦਾਮਨ ਲਬੇੜ ਕੇ।
ਉਸ ਬੇਵਫ਼ਾ ਦੀ ਯਾਦ ਕੀ ਦਿਲ ਵਿਚ ਵਸਾ ਲਈ,
ਤੰਗ ਆ ਗਏ ਹਾਂ ਮੁਫ਼ਤ ਦੀ ਬਿਪਤਾ ਸਹੇੜ ਕੇ।
ਤੁਰ ਕੀ ਗਿਆ ਉਹ ਬੇਵਫਾ ਮੁੜ ਕੇ ਨਾ ਪਰਤਿਆ,
ਤੇ ਮੁਸਕਰਾ ਕੇ ਪਾ ਗਿਆ ਉਮਰਾਂ ਦੇ ਰੇੜਕੇ।
ਆਪੇ ਲਗਾ ਕੇ ਫੱਟ ਫਿਰ ਆਏ ਸੀ ਖ਼ਬਰ ਨੂੰ,
ਉਹ ਤੁਰ ਗਏ ਨੇ ਜ਼ਖ਼ਮਾਂ ਨੂੰ ਫਿਰ ਤੋਂ ਉਚੇੜ ਕੇ।
ਇਹ ਵਕਤ ਪਿਛਲੇ ਪਹਿਰ ਦਾ ਲੰਘਦਾ ਹੈ ਇਸ ਤਰ੍ਹਾਂ,
ਅਪਣਾ ਗਰੇਬਾਂ ਆਪ ਸਿਉ ਕੇ ਉਧੇੜ ਕੇ।
ਤੂੰ ਮੂਰਖਾਂ ਦੀ ਮਹਿਫਲੋਂ ਲੰਘ ਜਾ ਪਰਾਂ ਪਰਾਂ,
ਲੈਣਾ ਵੀ ਕੀ ਹੈ 'ਦਰਦੀ' ਖੱਖਰ ਨੂੰ ਛੇੜ ਕੇ।

ਲੇਖਕ: ਸਤਨਾਮ ਸਿੰਘ ਦਰਦੀ 
92569-73526 


Harnek Seechewal

Content Editor

Related News