ਦਰੱਖਤ ਲਗਾਉਣ ਦੀ ਮੁਹਿੰਮ ਸਫਲ ਹੋਣੀ ਮੁਸ਼ਕਲ

Saturday, Jul 14, 2018 - 06:19 PM (IST)

ਦਰੱਖਤ ਲਗਾਉਣ ਦੀ ਮੁਹਿੰਮ ਸਫਲ ਹੋਣੀ ਮੁਸ਼ਕਲ

ਪੰਜਾਬ ਭਰ ਵਿਚ ਹਰ ਸਾਲ ਜੁਲਾਈ ਅਗਸਤ ਦੇ ਮਹੀਨੇ ਨਵੇਂ ਦਰੱਖਤ ਲਗਾਉਣ ਦੇ ਯਤਨ ਕੀਤੇ ਜਾਂਦੇ ਹਨ । ਇਸ ਮੁਹਿੰਮ ਵਿਚ ਪੰਜਾਬ ਸਰਕਾਰ ਦਾ ਜੰਗਲਾਤ ਵਿਭਾਗ ਅਤੇ ਪੰਜਾਬ ਦੇ ਲੋਕ ਨਿੱਜੀ ਤੌਰ 'ਤੇ ਆਪਣਾ ਯੋਗਦਾਨ ਪਾਉਂਦੇ ਹਨ ।ਲਗਭਗ ਪਿਛਲੇ 6-7 ਸਾਲ ਤੋਂ ਪੰਜਾਬ ਭਰ ਵਿਚ ਸੜਕਾਂ ਚੌੜੀਆਂ ਕਰਨ ਦਾ ਕੰਮ ਵੱਡੇ ਪੱਧਰ 'ਤੇ ਚੱਲ ਰਿਹਾ ਹੈ । ਸਰਕਾਰਾਂ ਦੇ ਸੜਕਾਂ ਚੌੜੀਆਂ ਕਰਨ ਦੇ ਵਿਕਾਸ ਮੁੱਖੀ ਕਾਰਜ ਨੇ ਦਰਫ਼ਤਾਂ ਦਾ  ਪੂਰੀ ਤਰ੍ਹਾਂ ਵਿਨਾਸ਼ ਕਰ ਦਿੱਤਾ ਹੈ ।10 ਸਾਲ ਤੋਂ ਲੈ ਕੇ 100 ਸਾਲ ਤਕ ਪੁਰਾਣੇ ਦਰੱਖਤਾਂ ਦਾ ਸਫਾਇਆ ਹੋ ਚੁੱਕਾ ਹੈ । ਅੱਜ ਪੰਜਾਬ ਦਰੱਖਤਾਂ ਦੀ ਘਾਟ ਕਾਰਨ ਤੰਦੂਰ ਵਾਂਗ ਤੱਪ ਰਿਹਾ ਹੈ ।
ਇਸ ਸਾਲ ਮਹਿਕਮਾ ਜੰਗਲਾਤ ਵੱਲੋਂ ਦਰੱਖਤ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ । ਸਰਕਾਰੀ ਨਰਸਰੀਆਂ ਵਿਚੋਂ ਮੁਫਤ ਵਿਚ ਦਰੱਖਤਾਂ ਦਾ ਖੁੱਲ੍ਹਾ ਗੱਫਾ ਦਿੱਤਾ ਜਾ ਰਿਹਾ ਹੈ । ਲੋਕਾਂ ਵਿਚ ਇਸ ਮੁਫਤ ਦੀ ਸਕੀਮ ਕਾਰਨ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ । ਸਰਕਾਰੀ ਸਾਝੀਆਂ ਥਾਵਾਂ ਸੜਕਾਂ, ਨਹਿਰਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ, ਧਾਰਮਿਕ ਸਥਾਨਾਂ ਆਦਿ ਅਤੇ ਨਿੱਜੀ ਥਾਂਵਾਂ ਵਿਚ ਵੱਡੀ ਪੱਧਰ 'ਤੇ ਦਰੱਖਤ ਲਗਾਉਣ ਦਾ ਕੰਮ ਵਿਸ਼ੇਸ਼ ਦਿਲਚਸਪੀ ਲੈ ਕੇ ਕੀਤਾ ਜਾ ਰਿਹਾ ਹੈ ।
ਪ੍ਰੰਤੂ ਬੜੇ ਦੁੱਖ ਅਤੇ ਅਫਸੋਸ ਨਾਲ ਲਿੱਖਣਾ ਪੈ ਰਿਹਾ ਹੈ ਕਿ ਇਨ੍ਹਾਂ ਦਰੱਖਤਾਂ ਦੀ ਸਾਂਭ-ਸੰਭਾਲ, ਦਰੱਖਤਾਂ ਦੀ ਰਾਖੀ ਅਤੇ ਪਾਣੀ ਦੇਣ ਦਾ ਕੋਈ   ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ । ਪੰਜਾਬ ਭਰ ਵਿਚ ਆਵਾਰਾ ਪਸ਼ੁਆਂ ਦੇ ਵੱਡੇ-ਵੱਡੇ ਝੁੰਡ ਨਵੇਂ ਲਗਾਏ ਦਰੱਖਤਾਂ ਨੂੰ ਨਸ਼ੇ ਤੋਂ ਨਾਬੂਦ ਕਰ ਰਹੇ ਹਨ । ਦਰੱਖਤ ਮੁੱਛੇ ਜਾ ਰਹੇ ਹਨ । ਦਰੱਖਤ ਮਿੱਧੇ ਜਾ ਰਹੇ ਹਨ । ਰਹਿੰਦੀ ਕਸਰ ਗੁੱਜਰਾਂ ਦੇ ਪੰਜਾਬ ਵਿਚ ਆਏ ਵੱਡੇ-ਵੱਡੇ ਪਸ਼ੁਆਂ ਦੇ ਵੱਗ ਕੱਢ ਰਹੇ ਹਨ । ਸਰਕਾਰਾਂ ਦੀ ਨੀਅਤ ਅਤੇ ਨੀਤੀ ਇਮਾਨਦਾਰੀ ਤੋਂ ਸੱਖਣੀ ਹੈ । ਸਰਕਾਰਾਂ ਲੋਕ ਪੱਖੀ ਨੀਤੀਆਂ ਬਨਾਉਣ ਅਤੇ ਲਾਗੂ ਕਰਨ ਤੋਂ ਪੂਰੀ ਤਰ੍ਹਾਂ ਮੁਨਕਰ ਹਨ ।
ਆਮ ਜਨਤਾ ਦੇ ਜਾਗਰੂਕ ਹੋਣ ਨਾਲ, ਆਪਣੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਸੁਚੇਤ ਅਤੇ ਚੇਤੰਨ ਹੋਣ ਨਾਲ ਹੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਦੀ ਸੰਭਾਵਨਾ ਹੋ ਸਕਦੀ ਹੈ, ਚੰਗੇ ਸਮਾਜ ਦੀ ਕਲਪਨਾ ਕੀਤੀ ਜਾ ਸਕਦੀ ਹੈ ਅਤੇ ਸਰਕਾਰਾਂ ਨੁੰ ਸੁਚੱਜਾ ਪ੍ਰਬੰਧ ਦੇਣ ਵਾਸਤੇ ਮਜ਼ਬੂਰ ਕੀਤਾ ਜਾ ਸਕਦਾ ਹੈ।
ਬਲਵਿੰਦਰ ਸਿੰਘ ਰੋਡੇ, 
ਮੋਗਾ ਜਿਲ੍ਹਾ ਮੋਗਾ ।
ਮੋਬਾ: 098557_38113


Related News