‘ਆਪ’ ਸਰਕਾਰ ਵੱਲੋਂ ਮੀਡੀਆ ਖ਼ਿਲਾਫ਼ ਚਲਾਈ ਜਾ ਰਹੀ ਡਰਾਉਣੀ ਮੁਹਿੰਮ ਲੋਕਤੰਤਰ ਲਈ ਗੰਭੀਰ ਖ਼ਤਰਾ: ਹਰਜਾਪ ਸੰਘਾ

Friday, Jan 16, 2026 - 02:17 AM (IST)

‘ਆਪ’ ਸਰਕਾਰ ਵੱਲੋਂ ਮੀਡੀਆ ਖ਼ਿਲਾਫ਼ ਚਲਾਈ ਜਾ ਰਹੀ ਡਰਾਉਣੀ ਮੁਹਿੰਮ ਲੋਕਤੰਤਰ ਲਈ ਗੰਭੀਰ ਖ਼ਤਰਾ: ਹਰਜਾਪ ਸੰਘਾ

ਜਲੰਧਰ (ਮਹੇਸ਼) - ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਰਕਿੰਗ ਕਮੇਟੀ ਮੈਂਬਰ ਹਰਜਾਪ ਸਿੰਘ ਸੰਘਾ ਇੰਚਾਰਜ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵੱਲੋਂ ਪੰਜਾਬ ਵਿਚ ਮੀਡੀਆ ਖ਼ਿਲਾਫ਼ ਚਲਾਈ ਜਾ ਰਹੀ ਡਰਾਉਣੀ ਮੁਹਿੰਮ ਲੋਕਤੰਤਰ ਲਈ ਗੰਭੀਰ ਖ਼ਤਰਾ ਹੈ। ਪਿਛਲੇ ਪੰਦਰਾਂ ਦਿਨਾਂ ਵਿਚ ਆਜ਼ਾਦ ਪੱਤਰਕਾਰਾਂ ’ਤੇ ਐੱਫ. ਆਈ. ਆਰ., ਛਾਪੇ ਅਤੇ ਕਾਨੂੰਨੀ ਦਬਾਅ ਅਤੇ ਹੁਣ ਪੰਜਾਬ ਕੇਸਰੀ–ਜਗ ਬਾਣੀ ਗਰੁੱਪ, ਜੋ ਦੇਸ਼ ਦੇ ਪ੍ਰਮੁੱਖ ਮੀਡੀਆ ਘਰਾਨਿਆਂ ’ਚੋਂ ਇਕ ਹੈ, ਦੇ ਮੁੱਖ ਤੇ ਸਹਾਇਕ ਕਾਰੋਬਾਰਾਂ ’ਤੇ ਲਗਾਤਾਰ ਕਾਰਵਾਈਆਂ—ਇਹ ਸਪਸ਼ਟ ਕਰ ਦਿੰਦੀਆਂ ਹਨ ਕਿ ਸੱਤਾ ਸੱਚ ਤੋਂ ਡਰੀ ਹੋਈ ਹੈ। ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਇਹ ਕਾਨੂੰਨ ਦੀ ਪਾਲਣਾ ਨਹੀਂ, ਬਦਲੇ ਦੀ ਰਾਜਨੀਤੀ ਹੈ। ਜਦੋਂ ਸਰਕਾਰ ਸਵਾਲ ਪੁੱਛਣ ਵਾਲੀਆਂ ਆਵਾਜ਼ਾਂ ਨੂੰ ਛਾਪਿਆਂ ਅਤੇ ਕੇਸਾਂ ਨਾਲ ਕੁਚਲਣ ਦੀ ਕੋਸ਼ਿਸ਼ ਕਰਦੀ ਹੈ ਤਾਂ ਲੋਕਤੰਤਰ ਦੀ ਚੌਥੀ ਥੰਮ—ਮੀਡੀਆ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਰੁਝਾਨ ਪੰਜਾਬ ਨੂੰ ਡਰ ਅਤੇ ਖਾਮੋਸ਼ੀ ਵੱਲ ਧੱਕ ਰਿਹਾ ਹੈ। 
ਸੀਨੀਅਰ ਅਕਾਲੀ ਨੇਤਾ ਸੰਘਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਮੀਡੀਆ ਦੀ ਆਜ਼ਾਦੀ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਸਾਰੇ ਪੱਤਰਕਾਰਾਂ ਤੇ ਮੀਡੀਆ ਘਰਾਣਿਆਂ ਨਾਲ ਪੂਰੀ ਏਕਜੁਟਤਾ ਪ੍ਰਗਟ ਕਰਦਾ ਹੈ। ਅਸੀਂ ਸਾਫ਼ ਕਹਿਣਾ ਚਾਹੁੰਦੇ ਹਾਂ—ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਛਾਪੇ ਸੱਚ ਨਹੀਂ ਮਿਟਾਉਂਦੇ ਸਗੋਂ ਸਰਕਾਰ ਦੀ ਘਬਰਾਹਟ ਬੇਨਕਾਬ ਕਰਦੇ ਹਨ।


author

Inder Prajapati

Content Editor

Related News