ਕਵਿਤਾ ਖ਼ਿੜਕੀ : ਕੁਦਰਤ ਤੋਂ ਜਾਓ ਬਲਿਹਾਰੇ ਮਿੱਤਰੋ....

10/05/2021 2:49:39 PM

ਜ਼ਿੰਦਗੀ

ਖੁੱਲ੍ਹ ਕੇ ਜ਼ਿੰਦਗੀ ਨੂੰ ਜੀਓ ਮਿੱਤਰੋ
ਗ਼ਮਾਂ ਨੂੰ ਪਾਣੀ ਵਾਂਗ ਪੀਓ ਮਿੱਤਰੋ
ਚੱਲੀ ਜਾਣ ਸਭ ਦੇ ਗੁਜ਼ਾਰੇ ਮਿੱਤਰੋ
ਕੁਦਰਤ ਤੋਂ ਜਾਓ ਬਲਿਹਾਰੇ ਮਿੱਤਰੋ।

ਖ਼ਲਕਤ ਵਿੱਚ ਰੰਗ ਭਰੇ ਮਿੱਤਰੋ
ਕਾਮ ਕ੍ਰੌਧ ਲੋਭ ਆਦਿ ਖਰੇ ਮਿੱਤਰੋ
ਉਸੇ ਦੇ ਸਭ ਇਹ ਵੀਚਾਰੇ ਮਿੱਤਰੋ
ਕੁਦਰਤ ਤੋਂ ਜਾਓ ਬਲਿਹਾਰੇ ਮਿੱਤਰੋ।

ਜ਼ਿੰਦਗੀ ਦਾ ਮਾਣੋਂ ਰਲ ਆਨੰਦ ਮਿੱਤਰੋ
ਰਿਸ਼ਤਿਆਂ ’ਚੋਂ ਢਾਹ ਦੇਵੋਂ ਕੰਧ ਮਿੱਤਰੋ
ਠੰਡੇ ਰੱਖੋ ਦਿਮਾਗ ਵਾਲੇ ਪਾਰੇ ਮਿੱਤਰੋ
ਕੁਦਰਤ ਤੋਂ ਜਾਓ ਬਲਿਹਾਰੇ ਮਿੱਤਰੋ।

ਕਿਸੇ ਦੀ ਕਰੋ ਨਾ ਚੰਗੀ ਮਾੜੀ ਮਿੱਤਰੋ
ਬਣ ਰਹੀਏ ਦੁਨੀਆਂ ਦੇ ਆੜੀ ਮਿੱਤਰੋ
ਚੱਲਣੇ ਨਾ ਹੋਰ ਕੋਈ ਚਾਰੇ ਮਿੱਤਰੋ
ਕੁਦਰਤ ਤੋਂ ਜਾਓ ਬਲਿਹਾਰੇ ਮਿੱਤਰੋ।

ਜੱਗ ਵਾਲਾ ਮੇਲਾ ਦਿਨ ਚਾਰ ਮਿੱਤਰੋ
ਸਦਾ ਨਹੀਂ ਰਹਿਣੀ ਏ ਬਹਾਰ ਮਿੱਤਰੋ
ਪੈ ਜਾਣੀ ਜਦ ਜਮਾਂ ਵਾਲੀ ਮਾਰ ਮਿੱਤਰੋ
ਕੁਦਰਤ ਤੋਂ ਜਾਓ ਬਲਿਹਾਰੇ ਮਿੱਤਰੋ।

ਦਿਨੋਂ ਦਿਨ ਆਰਜ਼ੂ ਜੀ ਘਟੇ ਮਿੱਤਰੋ
ਅਖੀਰ ਪੈਣੇ ਜਮਾਂ ਵਾਲੇ ਪਟੇ ਮਿੱਤਰੋ
ਸਮੁੰਦਰਾਂ ਦੇ ਪਾਣੀ ਹੁੰਦੇ ਖਾਰੇ ਮਿੱਤਰੋ
ਕੁਦਰਤ ਤੋਂ ਜਾਓ ਬਲਿਹਾਰੇ ਮਿੱਤਰੋ।

ਜ਼ਮਾਨੇ ’ਚ, ਸਦਾ ਰਹੋ ਖੁਸ਼ ਮਿੱਤਰੋ
ਹਰ ਕੋਈ ਰਾਜ਼ ਲਵੇ ਪੁੱਛ ਮਿੱਤਰੋ
ਸੁਖਚੈਨ, ਕਹੇ ਲਾਓ ਨਾ ਲਾਰੇ ਮਿੱਤਰੋ
ਕੁਦਰਤ ਤੋਂ ਜਾਓ ਬਲਿਹਾਰੇ ਮਿੱਤਰੋ।

ਸੁਖਚੈਨ ਸਿੰਘ, ਠੱਠੀ ਭਾਈ,
00971527632924


ਮੈਨੂੰ ਜ਼ਰਾ ਇਲਮ ਨਈ

ਆਖਰ ਕਿੱਥੇ ਹੁੰਦਾ ਏ
ਸਕੂਨ
ਮੈਨੂੰ ਜ਼ਰਾ ਇਲਮ ਨਈ
ਇੱਕ ਪਾਸੇ ਰੱਖਦੇ ਨੇ
ਅੱਜ ਕੱਲ ਮਹੁੱਬਤ ਨੂੰ

ਮੇਰੀ ਸ਼ਾਇਰੀ ਦੀਆਂ ਕਈ ਲਾਇਨਾ
ਬੁਰੀਆਂ
ਸੂਰਜ ਚੰਗਾ ਏ
ਚੰਨ ਤਾਂ ਜ਼ਿੰਦਗੀ ਏ ਕਈ ਲਫ਼ਜ਼ਾਂ ਦੀ

ਮੈ ਖੁਦ ਨੂੰ ਜਿੱਤਣਾ ਏ
ਲੜ ਕੇ ਜਿੱਤਣ ਵਾਲੇ ਮਹਾਨ ਅਖਵਾਉਦੇ ਨੇ
ਪਰਛਾਵੇਂ ਦੇਖਣਾ ਬੰਦ ਨਈ ਕਰਦੀ
ਖ਼ੁਦ ਮਗ਼ਰੂਰ ਏ ਹੁਣ ਹਰਜਾਗੀ

ਜਮਨਾ ਸਾਇਰ 
98724-62794

 

ਗ਼ਜ਼ਲ

ਇਸ ਧਰਤੀ ’ਤੇ ਦੱਸੋ ਕਿਹੜੈ, ਹੈ ਨਹੀਂ ਜੋ ਕਿਰਸਾਨ ਦੇ ਦੁਸ਼ਮਣ।
ਏਸ ਨਸਲ ਦੇ ਸਭ ਜੀਅ ਹੁੰਦੇ ਅਸਲ 'ਚ ਤਾਂ ਇਨਸਾਨ ਦੇ ਦੁਸ਼ਮਣ।

ਖੇਤਾਂ ਅੰਦਰ ਫ਼ਸਲ ਬੀਜਦਾ, ਭਰਮ ਭੰਡਾਰੀ ਹੋਣ ਦਾ ਪਾਲ਼ੇ,
ਭੇਦ ਭਾਵ ਬਿਨ ਕੁੱਲ ਦੁਨੀਆਂ ਦੇ ਕਿਉਂ ਲੋਕੀਂ ਭਗਵਾਨ ਦੇ ਦੁਸ਼ਮਣ ।

ਇਹ ਵੱਖਰੀ ਸਰਹੱਦ ਤੇ ਰਾਖਾ, ਅੰਨ ਮੁਹਾਜ਼ ਦਾ ਸਿੰਘ ਸੂਰਮਾ,
ਕਿਉਂ ਲੁੱਟਦੇ ਨੇ ਮੰਡੀਆਂ ਅੰਦਰ, ਕਿਰਤੀ ਨੂੰ ਸ੍ਵੈਮਾਨ ਦੇ ਦੁਸ਼ਮਣ ।

ਦੇਸ਼ ਪ੍ਰੇਮ ਪਿਆਲਾ ਪੀਂਦਾ, ਅਣਖ਼ ਆਬਰੂ ਖ਼ਾਤਰ ਜੀਂਦਾ,
ਚਤੁਰ ਚਲਾਕ ਕੁਰਸੀਏਂ ਬੈਠੇ, ਕਿਉਂ ਜਾਂਬਾਜ਼ ਜਵਾਨ ਦੇ ਦੁਸ਼ਮਣ।

ਪਹਿਲਾਂ ਸਿਰਫ਼ ਜ਼ਮੀਨ ਸੀ ਗਿਰਵੀ, ਹੁਣ ਸ਼ਾਹ ਮੰਗਦੇ ਫ਼ਰਦ ਜ਼ਮੀਰਾਂ,
ਤੰਗੀਆਂ, ਤੋੜੇ ਬਣ ਚੱਲੇ ਨੇ, ਵੀਰ ਮੇਰੇ ਦੀ ਜਾਨ ਦੇ ਦੁਸ਼ਮਣ।

ਇਸ ਦਾ ਵੀ ਦਿਲ ਕਰਦੈ ਬੱਚੇ ਪੜ੍ਹਨ ਸਕੂਲੀਂ, ਕਰਨ ਡਿਗਰੀਆਂ,
ਇਸ ਨੂੰ ਆਖਣ ਫ਼ੈਲਸੂਫ਼ੀਆਂ, ਜੋ ਇਸ ਦੇ ਸਨਮਾਨ ਦੇ ਦੁਸ਼ਮਣ।

ਹੱਕ ਮੰਗਦੇ ਨੂੰ ਲਾਠੀ ਗੋਲੀ, ਨੀਲਾ ਅੰਬਰ, ਧਰਤ ਗਵਾਹ ਹੈ,
ਕਿਉਂ ਨਾ ਜਾਨਣ ਇਸ ਦੀ ਹਸਤੀ, ਆਦਮ ਦੀ ਸੰਤਾਨ ਦੇ ਦੁਸ਼ਮਣ।

ਗੁਰਭਜਨ ਗਿੱਲ


rajwinder kaur

Content Editor

Related News