ਆਓ ਚੱਲੀਏ, ਸਰਕਾਰੀ ਐਲੀਮੈਂਟਰੀ ਸਕੂਲ ਮਨੈਲਾ

Tuesday, Apr 03, 2018 - 05:27 PM (IST)

ਆਓ ਚੱਲੀਏ, ਸਰਕਾਰੀ ਐਲੀਮੈਂਟਰੀ ਸਕੂਲ ਮਨੈਲਾ

ਇਹ ਗੱਲ ਸੱਚ ਹੈ ਕਿ ਜਿਨ੍ਹਾਂ ਬੱਚਿਆਂ ਦੀ ਜਮਾਤ ਨੂੰ ਕੋਈ ਚੰਗਾ ਅਧਿਆਪਕ ਮਿਲ ਜਾਵੇ ਤਾਂ ਉਹਨਾਂ ਸਾਰੇ ਬੱਚਿਆਂ ਦਾ ਪਾਸ ਹੋਣਾ ਤਾਂ ਕੋਈ ਮੁਸ਼ਕਲ ਨਹੀਂ, ਸਗੋਂ ਉਹ ਬੱਚੇ ਆਪਣੇ ਜੀਵਨ ਦੇ ਇਮਤਿਹਾਨ ਵਿਚ ਵੀ ਉੱਤਮ ਕਾਰਗੁਜ਼ਾਰੀ ਕਰ ਦਿਖਾਉਂਦੇ ਹਨ ਅਤੇ ਜੇ ਕਿਸੇ ਸਕੂਲ ਵਿਚ ਕੋਈ ਮਿਹਨਤੀ ਅਤੇ ਇਮਾਨਦਾਰ ਅਧਿਆਪਕ ਸਕੂਲ ਦੀ ਵਾਗਡੋਰ ਸੰਭਾਲ ਲਵੇ ਤਾਂ ਸਕੂਲ ਦੀ ਕਾਇਆ-ਕਲਪ ਹੋਣਾ ਸੁਭਾਵਿਕ ਹੀ ਹੈ।
ਅਜਿਹਾ ਹੀ ਇਕ ਸਰਕਾਰੀ ਐਲੀਮੈਂਟਰੀ ਸਕੂਲ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਖਮਾਣੋਂ ਕਸਬੇ ਦੇ ਪਾਸ ਖਮਾਣੋਂ ਤੋ ਲਗਭਗ 3 ਕਿਲੋਮੀਟਰ ਉੱਤਰ ਵੱਲ ਪਿੰਡ ਮਨੈਲਾ ਵਿਖੇ ਹੈ। ਇਹ ਸਕੂਲ ਐਲੀਮੈਂਟਰੀ ਪਧਰ ਦਾ ਹੀ ਹੈ ਪਰ ਇੱਥੋਂ ਦੇ ਮੁੱਖ ਅਧਿਆਪਕ ਸ. ਜਗਤਾਰ ਸਿੰਘ ਮਨੌਲਾ ਇੱਕ ਅਜਿਹੇ ਉੱਦਮੀ ਅਤੇ ਮਿਲਣਸਾਰ ਵਿਅਕਤੀ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਮਿਲਵਰਤਨ ਸਦਕਾ ਇਲਾਕੇ ਦੇ ਲੋਕਾਂ ਤੋਂ ਸਹਿਯੋਗ ਲੈ ਕੇ ਸਰਕਾਰੀ ਸਕੂਲ ਮਨੈਲਾ ਨੂੰ ਪੰਜਾਬ ਦਾ ਇੱਕ   ਉੱਤਮ ਅਤੇ ਦਰਸ਼ਨਿਕ ਸਕੂਲ ਬਣਾ ਦਿੱਤਾ ਹੈ। ਉਹਨਾਂ ਨੇ ਆਪਣੀ ਹਿੰਮਤ ਸਦਕਾ ਲੋਕਾਂ ਦੇ ਸਹਿਯੋਗ ਨਾਲ 25 ਲੱਖ   ਰੁਪਏ ਇਕੱਤਰਤ ਕਰਕੇ, ਸਕੂਲ ਦੀ ਸੱਚ ਵਿਚ ਹੀ ਕਾਇਆ ਕਲਪ ਕਰ ਦਿੱਤੀ ਹੈ।
ਉਹਨਾਂ ਨੇ ਸਕੂਲ ਵਿਚ ਕਮਰਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਨਵੇਂ ਕਮਰੇ ਅਤੇ ਬੱਚਿਆਂ ਨੂੰ ਸਾਫ-ਸੁਥਰਾ ਮਿਡ-ਏ-ਮੀਲ ਦੇਣ ਲਈ ਇੱਕ ਵਧੀਆ ਮਾਡਰਨ ਰਸੋਈ ਅਤੇ ਚੰਗੇ ਬਰਤਨਾਂ ਦਾ ਪ੍ਰਬੰਧ ਕੀਤਾ ਹੈ। ਸਕੂਲ ਦਾ ਕੈਂਪਸ ਦੇਖਣਯੋਗ ਹੈ ਅਤੇ ਜਿੱਥੇ ਪਹਿਲਾਂ ਗੰਦੀਆਂ ਰੂੜੀਆਂ ਦੇ ਢੇਰ ਸਨ ਉੱਥੇ ਹੁਣ ਫੁੱਲਦਾਰ ਬਗੀਚੀਆਂ ਦਰਸ਼ਕਾਂ ਦਾ ਸਵਾਗਤ ਕਰਦੀਆਂ ਹਨ। ਬਾਲ ਮਨਾਂ ਨੂੰ ਕੇਂਦਰਿਤ ਕਰਕੇ ਸਕੂਲ ਨੂੰ ਬਹੁਤ ਹੀ ਰੰਗਦਾਰ ਪੇਂਟਿੰਗ ਅਤੇ ਸਿੱਖਿਆ ਦਾਇਕ ਕੁਟੈਸ਼ਨਜ਼ ਨਾਲ ਸਜਾਇਆ ਗਿਆ ਹੈ। ਬਰਾਂਡੇ ਅਤੇ ਕਮਰਿਆਂ ਨੂੰ ਵੀ ਅੰਦਰੋ-ਬਾਹਰੋ ਬਹੁਤ ਹੀ ਸਲੀਕੇ ਨਾਲ ਸਜਾਇਆ ਗਿਆ ਹੈ।
ਸਕੂਲ ਦੇ ਕੈਂਪਸ ਵਿਚ ਇੱਕ ਥਾਂ ਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਆਦਮ ਕਦ ਬੁੱਤ ਬਹੁਤ ਹੀ ਸਨਮਾਨ ਪੂਰਵਕ ਲਗਾਇਆ ਗਿਆ ਹੈ ਜਿਸ ਦੀ ਹਰ ਦੇਖਣ ਵਾਲਾ ਤਾਰੀਫ ਕਰਦਾ ਹੋਇਆ ਸ਼ਹੀਦੇ ਆਜਮ ਨੂੰ ਵੀ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਇਹ ਆਦਮ ਕੱਦ ਪ੍ਰਤਿਭਾ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ ਅਤੇ ਸਕੂਲ ਵਿਚ ਪੜ੍ਹਦੇ ਬੱਚਿਆਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਹੈ। ਬੱਚਿਆਂ ਵਿਚ ਰੁੱਖਾਂ ਅਤੇ ਪੌਦਿਆਂ ਪ੍ਰਤੀ ਪਿਆਰ ਜਗਾਉਣ ਲਈ ਰੁੱਖਾਂ ਅਤੇ ਫੁੱਲਾਂ ਦੇ ਚਿੱਤਰਾਂ ਨਾਲ ਕਮਰਿਆਂ ਦੀਆਂ ਦੀਵਾਰਾਂ ਨੂੰ ਸ਼ਿੰਗਾਰਿਆ ਗਿਆ ਹੈ। ਇਸ ਤਰ੍ਹਾਂ ਕਰਨ ਨਾਲ ਸਕੂਲ ਵਿਚ ਬੱਚੇ ਕੁਦਰਤ ਨਾਲ ਪਿਆਰ ਕਰਨ ਦੇ ਆਦੀ ਬਣਦੇ ਹਨ। ਸਕੂਲ ਵਿਚ ਦੂਜੇ ਅਧਿਆਪਕ ਵੀ ਸ੍ਰ: ਜਗਤਾਰ ਸਿੰਘ ਮਨੈਲਾ ਦਾ ਪੂਰਾ ਸਹਿਯੋਗ ਦੇ ਰਹੇ ਹਨ। ਬੱਚਿਆਂ ਦਾ ਪੜ੍ਹਾਈ ਪੱਖੋਂ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ। ਗਰੀਬ ਬੱਚਿਆਂ ਦੀ ਪੜ੍ਹਾਈ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ।
ਸਰਕਾਰੀ ਐਲੀਮੈਂਟਰੀ ਸਕੂਲ ਮਨੈਲਾ 5 ਸਤੰਬਰ 2017 ਨੂੰ ਉਦੋਂ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਿਆ ਜਦੋਂ ਉਸ ਦਿਨ ਅਧਿਆਪਕ ਦਿਵਸ ਦੇ ਮੌਕੇ ਤੇ ਸ.ਜਗਤਾਰ ਸਿੰਘ ਮਨੈਲਾ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ, ਪੰਜਾਬ ਸਰਕਾਰ ਵੱਲੋ ''ਸਟੇਟ ਅਵਾਰਡ'' ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਦਾ ਪੂਰੇ ਇਲਾਕੇ ਅਤੇ ਖਾਸ ਕਰਕੇ ਪਿੰਡ ਮਨੈਲਾ ਦੇ ਲੋਕਾਂ ਨੇ ਭਰਪੂਰ ਸਵਾਗਤ ਕੀਤਾ ਅਤੇ ਇਸ ਸਕੂਲ ਨੂੰ ਦੇਖਣ ਲਈ ਦੂਰੋ-ਦੂਰੋ ਆਉਣ ਵਾਲੇ ਲੋਕਾਂ ਦਾ ਤਾਂਤਾ ਲੱਗ ਗਿਆ। ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਵੱਲੋਂ ਵੀ ਸ. ਮਨੈਲਾ ਨੂੰ ਸਨਮਾਨਿਤ ਕੀਤਾ ਗਿਆ। ਸਰਵ ਸਿੱਖਿਆ ਸੁਧਾਰ ਸਮਿਤੀ ਚੰਡੀਗੜ੍ਹ, ਦਾ ਇੱਕ ਵਫਦ ਵੀ ਲੇਖਕ ਦੀ ਅਗਵਾਈ ਵਿਚ ਵਿਸ਼ੇਸ਼ ਤੌਰ ਤੇ ਸਕੂਲ ਦੇਖਣ ਲਈ ਪਿੰਡ ਮਨੈਲਾ ਪਹੁੰਚਿਆ ਅਤੇ ਸ. ਮਨੈਲਾ ਨੂੰ ਸੰਸਥਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਹੋਰ ਪੰਤਵੰਤਿਆਂ ਸਮੇਤ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਫਤਿਹਗੜ੍ਹ ਸਾਹਿਬ ਸ੍ਰੀ ਮਤੀ ਮਨਜੀਤ ਕੌਰ ਜੀ ਵੀ ਹਾਜ਼ਰ ਸਨ ਜਿਹਨਾਂ ਨੇ ਸ. ਮਨੈਲਾ ਵੱਲੋਂ ਸਿੱਖਿਆ ਪ੍ਰਤੀ ਕੀਤੇ ਜਾ ਰਹੇ ਉਪਰਾਲਿਆ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਬਹੁਤ ਥੋੜੇ ਸਮੇਂ ਵਿਚ ਹੀ ਇਸ ਸਕੂਲ ਨੇ ਅਥਾਹ ਤਰੱਕੀ ਕੀਤੀ ਹੈ। ਜਿਸਦਾ ਸਾਰਾ ਸੇਹਰਾ ਹੁਣ ''ਸਟੇਟ ਅਵਾਰਡੀ'' ਸ. ਜਗਤਾਰ ਸਿੰਘ ਮਨੈਲਾ ਨੂੰ ਜਾਂਦਾ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਸਕੂਲ ਨੂੰ ਹਰਿਆ ਭਰਿਆ ਬਣਾਉਣ ਲਈ ਸਕੂਲ ਦੇ ਅੰਦਰ ਅਤੇ ਬਾਹਰਲੀ ਚਾਰ  ਦੀਵਾਰੀ ਦੇ ਬਾਹਰ ਵੱਲ ਬਹੁਤ ਸਾਰੇ ਨਵਂੇ ਰੁੱਖਾਂ ਲਈ ਪੌਦੇ ਲਗਾਏ ਗਏ ਹਨ ਜੋ ਸਕੂਲ ਦੀ ਸੁੰਦਰਤਾ ਵਿਚ ਹੋਰ ਵਾਧਾ ਕਰਨਗੇ। ਸਕੂਲ ਦੇ ਬੱਚਿਆਂ ਨੂੰ ਵਧੀਆ ਸਹੂਲਤਾਂ ਦੇਣ ਲਈ ਸਭ ਜਮਾਤਾਂ ਵਿਚ ਨਵੇਂ ਬੈਂਚ ਲਗਾਏ ਗਏ ਹਨ ਅਤੇ ਮਿਡ-ਡੇ ਮੀਲ ਵਿਚ ਬੱਚਿਆਂ ਨੂੰ ਸਾਫ਼ ਅਤੇ ਵਧੀਆ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਸਕੂਲ ਦੇ ਗੇਟ ਦੇ   ਬਿਲਕੁਲ ਸਾਹਮਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਸਸ਼ੋਬਿੱਤ ਹੈ ਜੋ ਸਕੂਲ ਦੀ ਦਿਖ ਨੁੰ ਹੋਰ ਵੀ ਪ੍ਰਭਾਵਿਤ ਕਰਦੀ ਹੈ। ਇੰਝ ਲੱਗਦਾ ਹੈ ਕਿ ਪ੍ਰਮਾਤਮਾ ਵੀ ਸਕੂਲ ਦੀ ਸੁੰਦਰਤਾ ਲਈ ਆਸ਼ੀਰਵਾਦ ਦੇ ਰਿਹਾ ਹੈ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਉੱਦਮੀ, ਮਿਹਨਤੀ, ਇਮਾਨਦਾਰ ਅਤੇ ਵਿਕਾਸ ਪੱਖੀ ਅਧਿਆਪਕਾਂ ਨੁੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ ਉਹਨਾਂ ਨੁੰ ਉਤਸ਼ਾਹਿਤ ਕਰੇ ਤਾਂ ਕਿ ਪੰਜਾਬ ਦੇ ਹੋਰ ਸਕੂਲ ਵੀ ਮਨੈਲਾ ਦੇ ਸਕੂਲ ਵਾਂਗ ਆਪਣੀ ਦਿਖ ਨੂੰ ਸੁਧਾਰ ਸਕਣ ਅਤੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਨੁੰ ਵਧਾਇਆ ਜਾ ਸਕੇ। ਇਸ ਕੰਮ ਲਈ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਜ਼ਰੂਰੀ ਹੈ।
ਬਹਾਦਰ ਸਿੰਘ ਗੋਸਲ
ਚੇਅਰਮੈਨ
ਸਰਵ ਸਿੱਖਿਆ ਸੁਧਾਰ ਸਮਿਤੀ, ਚੰਡੀਗੜ੍ਹ।
ਮੋ.ਨੰ: 98764-52223


Related News