ਮਜ਼ਦੂਰ ਦਿਵਸ : ਚੁੱਪ ਦੀ ਆਵਾਜ਼

05/01/2019 11:38:28 AM

ਰੋਜ਼ ਸਵੇਰੇ ਰੱਬ ਨੂੰ ਮਨਾਉਂਦੇ ਸਪੀਕਰ, ਭਗਤਾਂ ਦੀ ਲਿਵ ਬਿਨ ਰੌਲੇ ਜੁੜ ਜਾਂਦੀ ਹੈ |
ਸਪੀਕਰਾਂ ਦੀ ਆਵਾਜ਼ , ਦਿਹਾੜੀ ਦੀ ਚਿੰਤਾ, ਜੀਤੇ ਦੀ ਨੀਂਦ ਕਿਤੇ ਉੜ ਜਾਂਦੀ ਹੈ |
ਬੰਨ੍ਹ ਕੇ ਪਰਨਾ ਤੁਰ ਜਾਂਦਾ ਬਾਹਰ ਹੌਲੇ ਹੌਲੇ, ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲੇ ...
ਉੱਠ ਜਾਂਦੀ ਹੈ ਜਲਦੀ ਰਾਣੋ ਵੀ, ਲਾ ਬਹੁਕਰ ਚੁੱਲ੍ਹੇ ਅੱਗ ਪਾਉਂਦੀ ਹੈ  |
ਝਾੜ ਲੈਂਦੀ ਪ੍ਰਾਂਤ ਵਿੱਚ ਸਾਰਾ ਆਟਾ, ਬੱਚਿਆਂ ਨੂੰ ਫਿਰ ਜਗਾਉਂਦੀ ਹੈ |
ਗੁਨ੍ਹ ਰਹੀ ਹੈ ਆਟਾ ਮੂੰਹੋਂ ਕੁਝ ਨਾ ਬੋਲੇ, ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲੇ ...
ਜੀਤਾ-ਰਾਣੋ ਜਿੰਦ-ਜਾਨ ਇਕ-ਦੂਜੇ ਦੀ, ਲਾਡਲਾ ਪੁੱਤ, ਧੀ ਬੜੀ ਪਿਆਰੀ ਏ |  
ਰੁੱਖਾ-ਮਿੱਸਾ ਰਲ-ਮਿਲ ਖਾ-ਪੀ  ਲੈਂਦੇ, ਖੁਸ਼ੀ-ਗ਼ਮੀ ਵਾਲੀ ਜ਼ਿੰਦਗੀ ਨਿਆਰੀ ਏ |
ਔਖੇ-ਸੌਖੇ ਪੜ੍ਹ ਜਾਵਣ ਬੜੇ ਨੇ ਓਲੇ–ਭੋਲੇ, ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲੇ ...
ਰਾਣੋ ਮੁੜ ਆਇਆ ਬਾਹਰੋਂ ਬੰਦਾ ਤੇਰਾ, ਇਸ ਨਾਲ ਗ਼ਮਾਂ 'ਚ ਜੀਅ ਰਹੀ ਏ |
ਜੋ ਭਾਗਾਂ ਵਿੱਚ ਲਿਖਿਆ ਹੋ ਰਿਹਾ, ਕਿਉਂ ਲੁਕ-ਲੁਕ ਹੰਝੂ ਤੂੰ ਪੀ ਰਹੀ ਏ?
ਚਾਵਾਂ ਨਾਲ ਇੱਥੇ ਆਈ ਸੀ, ਚੜ੍ਹ ਡੋਲੇ, ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲੇ ...
ਇੱਕ- ਦੋ-ਤਿੰਨ ਦਿਨਾਂ ਦੀ ਝੜੀ ਵਿੱਚ ਮੀਂਹ, ਜਲ-ਥਲ ਕਰ ਗਿਆ ਹੈ |
ਨਾ ਮਿਲੀ ਦਿਹਾੜੀ, ਚੋ ਰਹੇ ਕੋਠੇ, ਕਿਸਾਨ-ਮਜ਼ਦੂਰ ਜਾਣੋ ਮਰ ਗਿਆ ਹੈ |
ਕਿਸ ਦਰ 'ਤੇ ਜਾ ਕੇ ਆਪਣਾ ਦਰਦ ਫੋਲੇ, ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲੇ ...
ਮਾਰ ਹੱਥ ਕਾਠੀ 'ਤੇ , ਤੁਰ ਪਿਆ ਜੀਤਾ, ਗੁਰਦਵਾਰੇ ਕੋਲ ਸਿਰ ਝੁਕ ਗਿਆ |
ਕਿਣ-ਮਿਣ ਕਿਣ-ਮਿਣ ਵਿੱਚ ਚਲਾਵੇ 'ਸੈਕਲ, ਮਜ਼ਦੂਰਾਂ ਕੋਲ ਆ ਰੁਕ ਗਿਆ |
ਉਸਦਾ ਰੱਬ ਨਹੀਂ ਹੋਇਆ ਬੱਦਲਾਂ ਓਹਲੇ, ਉਹ ਸੁਣੇ ਚੁੱਪ ਦੀ ਆਵਾਜ਼ ਭੁੱਲ ਲੋਕਾਂ ਦੇ ਰੌਲੇ ...
ਧੀ ਨੂੰ ਲੋੜ ਹੈ ਨਵੀਆਂ ਕਾਪੀਆਂ ਦੀ , ਪੁੱਤ ਮੰਗ ਰਿਹਾ ਸੈਲਾਂ ਵਾਲੀ  ਕਾਰ ਹੈ |
ਫਟ ਰਹੀ ਹੈ ਚੁੰਨੀ ਰਾਣੋ ਦੀ ਵੀ, ਹੋ ਜਾਂਦੀ ਕਈ ਵਾਰ ਦੋਹਾਂ ਵਿੱਚ ਤਕਰਾਰ ਹੈ |
ਥੋੜ੍ਹਾ ਬਹੁਤ ਲੜ ਕੇ ਹੋ ਜਾਵਣ ਹੋਲੇ, ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲੇ ... 
ਨੀਤਾਂ ਨੂੰ ਮੁਰਾਦਾਂ, ਲੱਗ ਗਈ ਦਿਹਾੜੀ ਜੀਤੇ ਦੀ, ਲੈਣੀ ਆਟੇ ਦੀ ਥੈਲੀ ਥੋੜੀ ਦਾਲ |
ਪੁੱਤ ਲਈ ਪਤੰਗ , ਧੀ ਨੂੰ ਲੈ ਦੇਣੀ ਹੈ ਕਾਪੀ, ਰਾਣੀ ਬਣ ਜਾਊ ਰਾਣੋ ਲੈ ਕੇ ਚੁੰਨੀ ਲਾਲ, |
ਲੈ ਅਧੀਆ ਆਪਣੇ ਲਈ ਗਾਉਂਦਾ ਜਾਵੇ ਢੋਲੇ, ਸੁਣ ਚੁੱਪ ਦੀ ਆਵਾਜ਼ ਭੁੱਲ ਬਾਹਰ ਦੇ ਰੌਲੇ

(ਮਨਜੀਤ ਸਿੰਘ ਬੱਧਣ) …


Aarti dhillon

Content Editor

Related News