ਐਵਾਨ-ਏ-ਗ਼ਜ਼ਲ : ਦੇਸ਼ ਮੇਰੇ ਦੇ ਨੀਤੀ ਘਾੜਿਓ, ਓ ਮੁਖੀਓ ਸਰਕਾਰ ਦਿਓ।

10/16/2021 1:15:15 PM

ਲੇਖਕ:ਸਤਨਾਮ ਸਿੰਘ ਦਰਦੀ ਚਾਨੀਆਂ, ਜਲੰਧਰ
92569-73526

ਪੱਚੀ
ਦੇਸ਼ ਮੇਰੇ ਦੇ ਨੀਤੀ ਘਾੜਿਓ, ਓ ਮੁਖੀਓ ਸਰਕਾਰ ਦਿਓ।
ਆਟਾ ਦਾਲ ਨਹੀਂ ਮੰਗਦੇ ਲੋਕੀ, ਇਨ੍ਹਾਂ ਨੂੰ ਰੁਜ਼ਗਾਰ ਦਿਓ।
ਦੇ ਨਹੀਂ ਸਕਦੇ ਵੋਟਾਂ, ਲੰਗਰ ਡੋਡੇ ਫੀਮ ਸ਼ਰਾਬਾਂ ਦੇ,
ਛੱਡ ਦਿਓ ਭਰਮ ਭਰਾਓ, ਇਨ੍ਹਾਂ ਨੂੰ ਬਸ ਰੁਜ਼ਗਾਰ ਦਿਓ।
ਨਸ਼ਿਆਂ ਵਿਚ ਡੁੱਬ ਰਹੀ ਜਵਾਨੀ, ਰੋਕੋ ਇਸ ਵਰਤਾਰੇ ਨੂੰ,
ਇਨ੍ਹਾਂ ਨੂੰ ਕਿਸੇ ਕਾਰੇ ਲਾਓ, ਇਨ੍ਹਾਂ ਨੂੰ ਰੁਜ਼ਗਾਰ ਦਿਓ।

ਹੱਥਾਂ ਵਿਚ ਦਿਓ ਨਾ ਠੂਠਾ, ਅਣਖੀ ਵੀਰ ਪੰਜਾਬੀ ਦੇ,
ਇਨ੍ਹਾਂ ਨੂੰ ਖੁਦਦਾਰ ਬਣਾਓ, ਇਨ੍ਹਾਂ ਨੂੰ ਰੁਜ਼ਗਾਰ ਦਿਓ।
ਕਰਨੀ ਕਿਰਤ ਤੇ ਹੱਕ ਦੀ ਖਾਣੀ, ਗੁਣ ਹਨ ਹਰ ਪੰਜਾਬੀ ਦੇ,
ਨਾ ਇਨ੍ਹਾਂ ਦਾ ਮਾਣ ਘਟਾਓ, ਇਨ੍ਹਾਂ ਨੂੰ ਰੁਜ਼ਗਾਰ ਦਿਓ।


ਛੱਬੀ
ਦਿੱਤਾ ਹੈ ਜਿਸ ਨੇ ਜੀਵਨ ਸਾਰੇ ਜਹਾਨ ਨੂੰ।
ਉਸਦੀ ਸਿਫ਼ਤ 'ਚ ਲਾਈਏ ਆਪਣੀ ਜ਼ੁਬਾਨ ਨੂੰ।

ਭੁੱਖਾ ਪਰੇਮ ਦਾ ਹੈ ਦੌਲਤ ਦੀ ਭੁੱਖ ਨਹੀਂ,
ਨਹੀਂ ਆਂਚ ਆਉਣ ਦਿੰਦਾ ਭਗਤਾਂ ਦੇ ਮਾਣ ਨੂੰ।

ਪਰਲਾਦ ਨੂੰ ਬਚਾਇਆ ਨਰ ਸਿੰਘ ਦੇ ਰੂਪ ਵਿਚ,
ਭਗਤਾਂ ਤੋਂ ਫੇਰਦਾ ਨਹੀਂ ਆਪਣੇ ਧਿਆਨ ਨੂੰ।

ਖਾਧੇ ਨੇ ਬੇਰ ਜੂਠੇ ਘਰ ਭੀਲਣੀ ਦੇ ਬਹਿ,
ਦਿੱਤਾ ਸੀ ਕੀ ਸੁਨੇਹਾ ਸਾਰੇ ਜਹਾਨ ਨੂੰ।

ਖਾਧਾ ਸੀ ਸਾਰਾ ਫਿੱਕਾ ਕੁੱਲੀ ਬਿਦਰ ਦੀ ਵਿਚ
ਪੈਰਾਂ 'ਚ ਰੋਲਦਾ ਹੈ ਸ਼ਾਹਾਂ ਦੀ ਸ਼ਾਨ ਨੂੰ।

ਭਾਗੋ ਦੇ ਪੂੜਿਆਂ ’ਚੋਂ ਕੱਢ ਕੇ ਲਹੂ ਦਿਖਾਇਆ,
ਸਾਧਾਂ ਦਾ ਮਾਣ ਦਿੱਤਾ ਲਾਲੋ ਤਖਾਣ ਨੂੰ।

ਰੰਗਰੇਟੇ ਗੁਰੁ ਕੇ ਬੇਟੇ ਕਹਿ ਕੇ ਗਲੇ ਲਗਾਇਆ,
ਦੁਰਕਾਰਦਾ ਹਮੇਸ਼ਾ ਜਾਤੀ ਦੇ ਮਾਣ ਨੂੰ।

ਅਗਨੀ ਵੀ ਸਾੜਦੀ ਨਹੀਂ ਪਾਣੀ ਨਾ ਡੋਬਦਾ ,
ਅਪਣੀ ਹੀ ਜਾਨ ਜਾਣੇ ਭਗਤਾਂ ਦੀ ਜਾਨ ਨੂੰ।

ਮਜ੍ਹਬਾਂ ਦੇ ਝਗੜੇ ਵਿਚ ਪੈਂਦਾ ਨਹੀਂ ਕਦੀ ,
ਇੱਕੋ ਹੀ ਜਾਣਦਾ ਹੈ ਗੀਤਾ ਕੁਰਾਨ ਨੂੰ।


ਸਤਾਈ
ਹੌਮੇ ਤੇ ਹੰਕਾਰ ਦਿਖਾਵੇ ਸਾਰੀ ਦੁਨੀਆਂ ਪੱਟੀ।
ਸੱਚ ਸਬਰ ਸੰਤੋਖ ਤਾਂ ਕਿਧਰੇ ਬੈਠਾ ਹੈ ਦੜ ਵੱਟੀ।

ਕੁੱਬੇ ਹੋ ਹੋ ਤੁਰਦੇ ਬੱਚੇ ਚੁੱਕ ਨਾ ਹੋਏ ਬਸਤੇ,
ਖੋਹ ਲਿਆ ਕਿਓਂ ਸਰਕਾਰ ਨੇ ਹੱਥੋਂ ਇਕ ਝੋਲਾ ਤੇ ਫੱਟੀ।

ਵੋਟਾਂ ਦੀ ਰਣਨੀਤੀ ਵਿੱਚ ਕਿਨੀ ਬੇ ਇਨਸਾਫੀ,
ਵੇਲ੍ਹੜ ਤਾਂਈ ਮਿਲੇ ਮੁਫ਼ਤ ਵਿਚ ਕਾਮਾ ਭਰਦਾ ਚੱਟੀ।

ਪਾਪ ਪੁੰਨ ਅਤੇ ਧਰਮ ਕਰਮ ਨੇ ਕੈਸਾ ਜਾਲ ਵਿਛਾਇਆ,
ਪੰਡਤਾਣੀ ਨੂੰ ਪੂਜਣ ਲੋਕੀ ਭੁੱਖੀ ਮਰਦੀ ਜੱਟੀ।

ਇਲਮ ਅਕਲ ਅਤੇ ਕਲਮ ਦੇ ਕਾਰੇ ਜਾਂ ਕਰਮਾਂ ਦੇ ਸੌਦੇ,
ਅੱਧਾ ਪਿੰਡ ਡਕਾਰ ਗਈ ਹੈ ਇਕ ਲਾਲੇ ਦੀ ਹੱਟੀ।

ਕਿਲੋ ਗਰਾਮਾਂ ਤੇ ਲਿਟਰਾਂ ਵਿਚ ਹੁਣ ਤਾਂ ਸਭ ਕੁਝ ਮਿਲਦਾ,
ਕੌਣ ਜਾਣਦਾ ਕੀ ਹੁੰਦਾ ਸੀ ਧੜੀ, ਪੰਸੇਰੀ, ਵੱਟੀ।

ਮਰ ਮਰ ਕੇ ਪਾਲੇ ਹੋਏ ਬੱਚੇ ਹੋ ਗਏ ਆਪ ਮੁਹਾਰੇ,
ਸ਼ਰਮ ਦਾ ਮਾਰਾ ਬਾਪੂ ਐਵੇਂ ਜਾਂਦਾ ਹੈ ਦਿਨ ਕੱਟੀ।

ਦਿਨ ਦੀਵੀਂ ਪੈਂਦੇ ਨੇ ਡਾਕੇ ਰੋਕ ਟੋਕ ਨਹੀਂ ਕੋਈ,
ਪਹਿਰੇਦਾਰ ਤੇ ਚੋਰਾਂ ਦੇ ਵਿਚ ਹੋ ਗਈ ਅੱਟੀ ਸੱਟੀ।


rajwinder kaur

Content Editor

Related News