ਸਖਤ ਅਤੇ ਤੁਰੰਤ ਕਾਰਵਾਈ ਮੰਗਦੀ ਹੈ ਮਿਲਾਵਟ ਖੋਰੀ

Thursday, Jan 31, 2019 - 02:00 PM (IST)

ਸਖਤ ਅਤੇ ਤੁਰੰਤ ਕਾਰਵਾਈ ਮੰਗਦੀ ਹੈ ਮਿਲਾਵਟ ਖੋਰੀ

ਅੱਜ ਸਿਹਤ ਦੇ ਪੱਖ ਨਾਲ ਖਿਲਵਾੜ ਹੋਣ ਲਈ ਮਿਲਾਵਟ ਖੋਰੀ ਸਭ ਤੋਂ ਅੱਗੇ ਹੈ। ਕਾਰਨ ਸਪੂੱਟ ਹੈ ਕਿ ਮਿਲੀਭੁਗਤ ਅਤੇ ਢਿੱਲੀ ਕਾਰਗੁਜ਼ਾਰੀ ਇਸ ਧੰਦੇ ਨੂੰ ਉਤਸ਼ਾਹਿਤ ਕਰਦੇ ਹਨ। ਇਸ 'ਚੋਂ ਭ੍ਰਿਸ਼ਟਾਚਾਰ ਦੀ ਬਦਬੂ ਆਉਂਦੀ ਹੈ। ਮਿਲਾਵਟ ਖੋਰੀ ਨਾਲ ਮਨੁੱਖੀ ਜੀਵਨ ਨੂੰ ਖਤਰਿਆਂ ਦੀਆਂ 
ਸੁਰਖੀਆਂ ਰਹਿੰਦੀਆਂ ਹਨ ਪਰ ਪੁਖਤਾ ਇੰਤਜਾਮ ਜ਼ੀਰੋ ਹਨ ।
ਬਾਜ਼ਾਰ 'ਚ ਦਵਾਈਆਂ ਨਾਲ ਪੱਕੇ ਫਲ ਸਬਜ਼ੀਆਂ ਜ਼ਹਿਰਾਂ ਵਰਤਾ ਰਹੀਆਂ ਹਨ। ਬੇਮੌਸਮੀ ਚੀਜ਼ਾਂ ਦੀ ਭਰਮਾਰ ਵੀ ਰਹਿੰਦੀ ਹੈ। ਇਸ ਲਈ ਵੀ ਮਿਲਾਵਟ ਖੋਰੀ ਜ਼ਿੰਮੇਵਾਰ ਹੁੰਦੀ ਹੈ। ਨਿੱਤ ਦਿਨ ਸ਼ੋਸ਼ਲ ਮੀਡੀਆ ਤੇ ਮਿਲਾਵਟ ਖੋਰੀ ਦੀਆਂ ਝਲਕਾਂ ਦਿਖਦੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਕੂੜ-ਕੁਆੜ ਸਮਝ ਕੇ ਪਰੇ ਸੁੱਟਣ ਦੀ ਬਜਾਏ ਤਹਿ ਤੱਕ ਜਾਣ ਦੀ ਲੋੜ ਹੈ। ਸੱਚ ਜਨਤਾ ਸਾਹਮਣੇ ਆਉਣਾ ਚਾਹੀਦਾ ਹੈ। 
ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਜ਼ਹਿਰ ਰੂਪੀ ਸ਼ਰਾਬ ਵੀ ਸ਼ੁੱਧ ਨਹੀਂ ਮਿਲਦੀ। ਸ਼ਰਾਬ 'ਚ ਕੈਪਸੂਲ ਅਤੇ ਕੈਮੀਕਲਾਂ ਦੀ ਮਿਲਾਵਟ ਨਾਲ ਮਨੁੱਖੀ ਜਾਨਾਂ ਨੂੰ ਦੁੱਗਣਾ ਖਤਰਾ ਹੁੰਦਾ ਹ। ਪੀਣ ਵਾਲੇ ਪਦਾਰਥਾਂ 'ਚ ਅਤੇ ਮਿਠਾਈਆਂ 'ਚ ਮਿਲਾਵਟ ਖੋਰੀ ਬਹੁਤੀ ਵਾਰੀ ਖਾਣ ਸਾਰ ਹੀ ਪਤਾ ਲੱਗ ਜਾਂਦੀ ਹੈ। ਇਕ ਵਾਰ ਮਿਲਾਵਟੀ ਚੀਜ਼ਾਂ ਖਾਣ ਨਾਲ ਸ਼ਰੀਰ ਇੰਨ੍ਹਾਂ ਪ੍ਰਭਾਵਿਤ ਹੁੰਦਾ ਹੈ ਜਿੰਨਾਂ ਚਲਦੇ ਘਰਾਟ 'ਚ ਗਟਾ ਫਸਣ ਨਾਲ 
ਘਰਾਟ। ਮਿਲਾਵਟ ਖੋਰੀ ਸਿਹਤ ਅਤੇ ਆਰਥਿਕ ਪੱਖ ਨੂੰ ਡਾਵਾਂ-ਡੋਲ ਰੱਖਦੀ ਹੈ। 
ਲੋਕਾਂ ਦੀ ਜਾਨ ਲਈ ਵੇਲਾ ਬੀਤਣ ਤੋਂ ਬਾਅਦ ਜਾਗਣ ਦਾ ਸੁਭਾਅ ਤਿਆਗਣਾ ਪਵੇਗਾ। ਇਸ ਮਿਲਾਵਟ ਖੋਰੀ ਦੈਂਤ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਚਾਹੀਦਾ। ਇਸ ਖੇਤਰ 'ਚ ਜ਼ੀਰੋ ਪ੍ਰਤੀਸ਼ਤ ਸਹਿਨਸ਼ੀਲਤਾ ਵੀ
ਨਹੀਂ ਹੋਣੀ ਚਾਹੀਦੀ। ਮਿਲਾਵਟ ਖੋਰੀ ਦੇ ਦੋਸ਼ੀਆਂ ਨੂੰ ਮਿਸਾਲੀ ਅਤੇ ਤੁਰੰਤ ਸਜ਼ਾ ਦਾ ਉਪਬੰਧ ਹੋਣਾ ਚਾਹੀਦਾ, ਤਾਂ ਜੋ ਇਸ ਘਾਤਕ ਮਰਜ਼ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ। ਇਸ ਖੇਤਰ 'ਚ ਸਰਕਾਰ ਵਲੋਂ ਕੀਤੀ ਤੁਰੰਤ ਪਹਿਲ ਕਿਸੇ ਪੁੰਨ ਕਰਮ ਤੋਂ ਘੱਟ ਨਹੀਂ ਹੋਵੇਗੀ ।
ਜਦੋਂ ਮਿਲਾਵਟ ਖੋਰੀ ਦੀਆਂ ਮਿਸਾਲਾਂ ਬਿਨ੍ਹਾਂ ਰੋਕ ਟੋਕ ਤੋਂ ਮਿਲਦੀਆਂ ਹਨ ਤਾਂ ਸਾਡੀ ਵਿਵਸਥਾ ਦਾ ਮੂੰਹ ਚਿੜਾਉਂਦੀਆਂ ਹਨ। ਅੱਜ ਭੱਖਦਾ ਮਸਲਾ ਹੈ ਕਿ ਮਿਲਾਵਟ ਖੋਰੀ ਨੂੰ ਰੋਕਣ ਲਈ ਸਖਤ ਅਤੇ ਛੇਤੀ ਕਦਮ ਪੁੱਟੇ ਜਾਣ, ਦੇਰ ਪਹਿਲਾਂ ਹੀ ਬਹੁਤ ਹੋ ਚੁੱਕੀ ਹੈ। ਇਸ ਦੈਂਤ ਨੂੰ ਨੱਥ ਪੈਣ ਨਾਲ ਸਰਕਾਰ ਲੋਕ ਵਿਸ਼ਵਾਸ ਜਿੱਤ ਕੇ ਨਵਾਂ ਅਧਿਆਏ ਸ਼ੁਰੂ ਕਰ ਸਕਦੀ ਹੈ।  

ਸੁਖਪਾਲ ਸਿੰਘ ਗਿੱਲ 
9878111445
ਅਬਿਆਣਾ ਕਲਾਂ


author

Aarti dhillon

Content Editor

Related News