ਕੋਟ ਈਸੇ ਖਾਂ ਪੁਲਸ ਦੀ ਵੱਡੀ ਕਾਰਵਾਈ: 1 ਕਿੱਲੋ ਤੋਂ ਵੱਧ ਹੈਰੋਇਨ ਅਤੇ 3 ਪਿਸਤੌਲਾਂ ਸਮੇਤ ਤਸਕਰ ਕਾਬੂ
Sunday, Dec 28, 2025 - 01:53 PM (IST)
ਮੋਗਾ (ਕਸ਼ਿਸ਼): ਥਾਣਾ ਕੋਟ ਈਸੇ ਖਾਂ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ CASO ਆਪਰੇਸ਼ਨ ਦੌਰਾਨ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਗਏ। ਇਹ ਕਾਰਵਾਈ ਐੱਸ.ਐੱਸ.ਪੀ. ਮੋਗਾ ਅਜੇ ਗਾਂਧੀ ਅਤੇ ਡੀ.ਐੱਸ.ਪੀ. ਧਰਮਕੋਟ ਜਸਵਰਿੰਦਰ ਸਿੰਘ ਦੀ ਅਗਵਾਈ ਹੇਠ ਮੁੱਖ ਅਫਸਰ ਐੱਸ.ਆਈ. ਜਨਕ ਰਾਜ ਵੱਲੋਂ ਅਮਲ ਵਿਚ ਲਿਆਂਦੀ ਗਈ।
ਜਾਣਕਾਰੀ ਮੁਤਾਬਕ ਪੁਲਸ ਪਾਰਟੀ ਵੱਲੋਂ ਪਿੰਡ ਮਸਤੇਵਾਲਾ ਤੋਂ ਦੌਲੇਵਾਲਾ ਵੱਲ ਆ ਰਹੀ ਇਕ ਚਿੱਟੇ ਰੰਗ ਦੀ ਸਿਆਜ ਗੱਡੀ (UP-16-CK-4336) ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਗੱਡੀ ਚਲਾ ਰਹੇ ਵਿਅਕਤੀ ਦੀ ਪਛਾਣ ਜੰਡ ਸਿੰਘ ਵਾਸੀ ਦੌਲੇਵਾਲਾ ਵਜੋਂ ਹੋਈ। ਤਲਾਸ਼ੀ ਦੌਰਾਨ ਗੱਡੀ ਦੇ ਡੈਸ਼ਬੋਰਡ ਵਿਚੋਂ 1 ਕਿੱਲੋ 25 ਗ੍ਰਾਮ ਹੈਰੋਇਨ ਅਤੇ ਕੰਡਕਟਰ ਸੀਟ ਦੇ ਕੋਲ ਪਏ ਝੋਲੇ ਵਿੱਚੋਂ 3 ਪਿਸਤੌਲ (.30 ਬੋਰ), 31 ਜਿੰਦਾ ਰੌਂਦ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਇਕ ਮੋਬਾਈਲ ਫ਼ੋਨ ਵੀ ਜ਼ਬਤ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਮੁਲਜ਼ਮ ਜੰਡ ਸਿੰਘ ਨੇ ਕਬੂਲਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਅਤੇ ਅਸਲਾ ਉਸ ਦੇ ਲੜਕੇ ਸੁਖਵਿੰਦਰ ਸਿੰਘ ਨਾਲ ਸਬੰਧਤ ਹੈ। ਪੁਲਸ ਨੇ ਮੁਲਜ਼ਮ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 286 ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸੇ ਮੁਹਿੰਮ ਤਹਿਤ ਦੋ ਹੋਰ ਡਰੱਗ ਪੈਡਲਰਾਂ ਨੂੰ ਵੀ 12 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।
