ਦਿਲਚਸਪ ਹੋਵੇਗਾ ਇਹ ਵੇਖਣਾ ਕਿ ਆਖ਼ਿਰ, ਕੀ ਚੰਦ ਚੜਾਉਂਦਾ ਹੈ ''ਚੀਨ ਦਾ ਨਕਲੀ ਚੰਦ''?

Thursday, Sep 26, 2019 - 03:32 PM (IST)

ਦਿਲਚਸਪ ਹੋਵੇਗਾ ਇਹ ਵੇਖਣਾ ਕਿ ਆਖ਼ਿਰ, ਕੀ ਚੰਦ ਚੜਾਉਂਦਾ ਹੈ ''ਚੀਨ ਦਾ ਨਕਲੀ ਚੰਦ''?

ਚੀਨ ਦਿਨ ਬ ਦਿਨ ਹਰ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ, ਇਹ ਕੋਈ ਰਾਜ਼ ਦੀ ਗੱਲ ਨਹੀ। ਹੁਣ ਚੀਨ ਇਕ ਹੋਰ ਨਵਾਂ ਕੰਮ ਕਰਨ ਜਾ ਰਿਹਾ ਹੈ, ਉਹ ਹੈ ਆਕਾਸ਼ ਵਿੱਚ ਆਪਣਾ ਵੱਖਰਾ ਨਕਲੀ ਚੰਦ ਸਥਾਪਿਤ ਕਰਨ ਦਾ। ਜੀ ਹਾਂ, 2020 ਵਿੱਚ ਚੀਨ ਦੀ ਸਪੇਸ ਏਜੰਸੀ ਆਪਣਾ ਇੱਕ ਨਕਲੀ ਚੰਦ ਆਕਾਸ਼ ਵਿੱਚ ਦਾਗਣ ਜਾ ਰਹੀ ਹੈ। ਜੇ ਮਿਸ਼ਨ ਸਫਲ ਰਿਹਾ ਤਾਂ ਚੀਨ ਦਾ ਆਪਣਾ ਇਕ ਵੱਖਰਾ ਚੰਦ ਹੋਵੇਗਾ ਜੋ ਚੀਨੀ ਕਮਿਊਨਿਸਟ ਪਾਰਟੀ ਦੇ ਹੁਕਮ ਅਨੁਸਾਰ ਚੜ•ੇਗਾ ਤੇ ਛਿਪੇਗਾ। ਚੰਦ ਭਾਂਵੇ ਧਰਤੀ ਤੋਂ ਮੀਲਾਂ ਦੂਰ ਹੈ ਪਰ ਇਸਦਾ ਅਸਰ ਨਾ ਸਿਰਫ ਸਾਡੇ ਜੀਵਨ ਚੱਕਰ ਤੇ ਹੈ ਬਲਕਿ ਸਾਡੇ ਸੱਭਿਆਚਾਰ ਤੇ ਵੀ ਇਸ ਦੀ ਡੂੰਗੀ ਛਾਪ ਹੈ। ਚੰਦ ਧਰਤੀ ਤੋ ਲਗਭਗ 3,84,400 ਕਿਲੋਮੀਟਰ ਦੂਰ ਹੈ ਅਤੇ ਇਹ ਲਗਾਤਾਰ ਧਰਤੀ ਦੁਆਲੇ ਪਰਿਕਰਮਾਂ ਕਰਦਾ ਹੈ ਅਤੇ ਸੂਰਜ ਦੀ ਰੋਸ਼ਨੀ ਨੂੰ ਪਰਿਵਰਤਿਤ ਕਰਕੇ ਧਰਤੀ ਵੱਲ ਸੁੱਟਦਾ ਹੈ। ਚੰਦ ਦੀ ਇਹ ਕਿਰਿਆਂ ਧਰਤੀ Àਪਰਲੇ ਜੀਵਨ ਨਾਲ ਬੇਹਦ ਸੂਖਮ ਅਤੇ ਮਹੱਤਵਪੂਰਨ ਢੰਗ ਨਾਲ ਜੁੜੀ ਹੋਈ  ਹੈ। ਚੀਨ ਦਾ ਨਕਲੀ ਚੰਦ ਵੀ ਸੂਰਜ ਦੀ ਰੋਸ਼ਨੀ ਨੂੰ ਪਰਿਵਰਤਿਤ ਕਰਕੇ ਚੀਨ ਦੇ ਕਿਸੇ ਖਾਸ ਹਿੱਸੇ ਜਾਂ ਸ਼ਹਿਰ ਤੇ ਸੁੱਟੇਗਾ ਦੇ ਆਕਸ਼ ਵਿੱਚ ਚੰਦ ਵਾਂਗ ਹੀ ਚਮਕਦਾ ਦਖਾਈ ਦੇਵੇਗਾ ਪਰ ਇਸ ਦੀ ਧਰਤੀ ਤੋਂ ਦੂਰੀ ਸਿਰਫ 500 ਕਿਲੋਮੀਟਰ ਹੋਵੇਗੀ। ਇਹ ਇਕ ਪ੍ਰਕਾਰ ਦਾ ਸ਼ੀਸ਼ਾ ਹੋਵੇਗਾ ਜੋ ਸੂਰਜ ਦੀ ਰੋਸ਼ਨੀ ਨੂੰ ਚੀਨ ਦੇ ਕਿਸੇ ਖਾਸ ਖੇਤਰ ਵੱਲ ਪਰਿਵਰਤਿਤ ਕਰੇਗਾ, ਚੰਦ ਵੀ ਇਹੀ ਕੰਮ ਕਰਦਾ ਹੈ। ਸ਼ੀਸ਼ੇ ਦਾ ਮਤਲਬ ਇਹ ਨਹੀ ਕਿ ਇਹ ਕੰਚ ਦਾ ਹੋਵੇਗਾ, ਇਹ ਬਸ ਰੋਸ਼ਨੀ ਪਰਿਵਰਤਿਤ ਕਰਨ ਵਾਲੀ ਕਿਸੇ ਵੀ ਚੀਜ਼ ਦਾ ਬਣਿਆ ਹੋਵੇਗਾ ਕਿÀੁਂਕਿ ਸ਼ੀਸ਼ੇ ਦਾ ਮਤਲਬ ਕੰਚ ਨਹੀ ਬਲਕਿ ਰੋਸ਼ਨੀ ਪਰਿਵਰਤਿਤ ਕਰਨ ਵਾਲੀ ਕੋਈ ਵਸਤ ਹੁੰਦਾ ਹੈ। ਚੀਨ ਦੇ ਸ਼ੀਚੁਆਨ ਵਿਖੇ ਸ਼ੀਚਾਂਗ ਸੈਟੇਲਾਇਸ ਲਾਂਚ ਸੈਂਟਰ ਵੱਲੋਂ 2020 ਵਿੱਚ ਇਹ ਨਕਲੀ ਚੰਦ ਦਾਗਿਆ ਜਾਵੇਗਾ ਅਤੇ ਜੇਕਰ ਇਹ ਮਿਸ਼ਨ ਸਫਲ ਰਿਹਾ ਤਾਂ 2022 ਤੱਕ ਚੀਨ ਅਜਿਹੇ ਤਿੰਨ ਹੋਰ ਚੰਦ ਦਾਗਣ ਲਈ ਵੀ ਤਿਆਰ ਹੈ ਭਾਵ ਚੀਨ ਦੇ ਕਈ ਸ਼ਹਿਰਾਂ ਦੇ ਆਪਣੇ ਆਪਣੇ ਚੰਦ ਹੋਣਗੇ।
ਇਹ ਚੀਨ ਦਾ ਇੱਕ ਅਦਭੁੱਤ ਤੇ ਦਲੇਰਾਨਾ ਕਦਮ ਹੈ ਕਿਉਂਕਿ ਕਿਸੇ ਖਾਸ ਥਾਂ ਤੇ ਰੋਸਨੀ ਪਰਿਵਰਤਿਤ ਕਰਕੇ ਸੁੱਟਣ ਲਈ ਇਸ ਨਕਲੀ ਚੰਦ ਦੀ ਸਥਿਤੀ ਕਿਸੇ ਖਾਸ ਉਚਾਈ ਦੇ ਸਹੀ ਦਿਸ਼ਾ ਵਿੱਚ ਲਗਾਤਾਰ ਬਣਾਈ ਰੱਖਣਾ ਇਕ ਬਹੁਤ ਮੁਸ਼ਕਿਲ ਕੰਮ ਹੈ। ਇਸ ਵਿੱਚ ਬਹੁਤ ਸ਼ੁੱਧਤਾ ਦੀ ਲੋੜ ਹੋਵੇਗੀ। ਚੀਨ ਤੋਂ ਪਹਿਲਾਂ ਰੂਸ ਵੀ ਦੋ ਵਾਰ 1992 ਤੇ ਫਿਰ 1998 ਵਿੱਚ 'ਜਨਾਮਿਆ' ਮਿਸ਼ਨ ਰਾਹੀਂ ਆਕਾਸ਼ ਵਿੱਚ ਇਸ ਤਰ੍ਹਾਂ ਦੇ ਰਿਫਲੈਕਟਰ ਸਥਾਪਿਤ ਕਰਨ ਦੀ ਅਸਫਲ ਕੋਸ਼ਿਸ਼ ਕਰ ਚੁੱਕਾ ਹੈ। ਚੀਨ ਉਸੇ ਵਿਚਾਰ ਤੇ ਹੀ ਕੰਮ ਕਰ ਰਿਹਾ ਹੈ। ਚੀਨ ਦਾ ਕਹਿਣਾ ਹੈ ਕਿ ਇਹ ਨਕਲੀ ਚੰਦ ਰੋਸ਼ਨੀ ਤੇ ਬਿਜਲੀ ਦੀ ਸਮੱਸਿਆ ਨੂੰ ਹੱਲ ਕਰੇਗਾ। ਇਸ ਨਾਲ ਸਟ੍ਰੀਟ ਲਾਇਟਸ ਦਾ ਖਰਚਾ ਵੱਡੇ ਪੱਧਰ ਤੇ ਘੱਟ ਜਾਵੇਗਾ ਤੇ ਬਿਜਲੀ ਦੀ ਵੀ ਵੱਡੇ ਪੱਧਰ ਤੇ ਬੱਚਤ ਹੋਵੇਗੀ। ਦੂਜਾ ਇਹ ਸੈਲਾਨੀ ਖਿੱਚ ਦਾ ਕੇਂਦਰ ਬਣੇਗਾ। ਬਿਨਾਂ ਸ਼ੱਕ ਕਿਸੇ ਸ਼ਹਿਰ ਦੇ ਨਿੱਜੀ ਚਮਕਦੇ ਚੰਦ ਨੂੰ ਵੇਖਣ ਲਈ ਦੁਨਿਆ ਭਰ ਦੇ ਲੋਕ ਆਉਣਗੇ ਤੇ ਚੀਨੀ ਲੋਕਾਂ ਨੂੰ ਸੈਲਾਨਿਆਂ ਤੋਂ ਕਮਾਉਣ ਦਾ ਮੌਕਾ ਵੀ ਮਿਲੇਗਾ।
ਫ਼ਿਕਰ ਵਾਲੀ ਗੱਲ Îਇਹ ਹੈ ਕਿ ਇਸਦਾ ਵਾਤਾਵਰਣ ਤੇ ਕੀ ਅਸਰ ਪਵੇਗਾ? ਜੇਕਰ ਇਹ ਪ੍ਰਯੋਗ ਸਫਲ ਰਿਹਾ ਤਾਂ ਭਾਰਤ ਸਮੇਤ ਕਈ ਪੱਛਮੀ ਮੁਲਕ ਜਿੰਨਾਂ ਦੀ ਇਸ ਮਿਸ਼ਨ ਤੇ ਪੈਨੀ ਨਜ਼ਰ ਹੈ, ਵੀ ਆਪਣੇ ਰਿਫਲੈਕਟਰ ਆਕਾਸ਼ ਵਿੱਚ ਸਥਾਪਿਤ ਕਰਨਗੇ ਤੇ ਧਰਤੀ ਦਾ ਵਾਯੂਮੰਡਲ ਅਜਿਹੇ ਰਿਫਲੈਕਟਰਾਂ ਨਾਲ ਭਰ ਜਾਵੇਗਾ। ਸਾਡਾ ਚੰਦ ਇਕੱਲਾ ਰੋਸ਼ਨੀ ਪਰਿਵਰਤਿਤ ਕਰਨ ਵਾਲਾ ਸ਼ੀਸ਼ਾ ਨਹੀ ਹੈ ਬਲਕਿ ਧਰਤੀ ਤੇ ਸੂਖਮ ਤੋਂ ਜਟਿਲ ਹਰ ਪ੍ਰਕਾਰ ਦੇ ਜੀਵਾਂ ਦੇ ਜੀਵਨ, ਬਨਸਪਤੀ ਅਤੇ ਸਮੰਦਰਾਂ ਤੇ ਆਪਣੇ ਚੱਕਰਾਂ ਰਾਂਹੀ ਹੈਰਾਨੀਜਨਕ ਪ੍ਰਭਾਵ ਪਾਉਂਦਾ ਹੈ। ਸੂਰਜ, ਧਰਤੀ, ਚੰਦ ਇਹ ਬਹੁਤ ਸੂਖਮ ਪੱਧਰ ਤੇ ਆਪਸ ਵਿੱਚ ਜੁੜ੍ਹੇ ਹੋਏ ਹਨ ਤੇ ਇਕ ਦੂਜੇ ਨੂੰ ਲਗਾਤਾਰ ਪ੍ਰਭਾਵਿਤ ਵੀ ਕਰਦੇ ਹਨ। ਸੂਰਜ ਗ੍ਰਹਿਣ ਸਮੇਂ ਮਧੂਮੱਖਿਆਂ ਆਪਣਾ ਕੰਮ ਪੂਰੀ ਤਰ੍ਹਾਂ ਕਿਉਂ ਬੰਦ ਕਰ ਦਿੰਦੀਆਂ ਹਨ, ਇਹ ਵਿਗਿਆਨੀ ਹਾਲੇ ਤੱਕ ਸਮਝ ਨਹੀ ਸਕੇ। ਹੁਣ ਜਦੋਂ ਰਾਤਾਂ ਨੂੰ ਨਕਲੀ ਚੰਦ ਲਗਾਤਾਰ ਰੋਸ਼ਨੀ ਕਰਨਗੇ ਤਾਂ ਰਾਤਾਂ ਨੂੰ ਘੁੰਮਣ ਵਾਲੇ ਜੀਵ ਇਸ ਤੋਂ ਕਿਸ ਤਰਾਂ ਪ੍ਰਭਾਵਿਤ ਹੋਣਗੇ ਅਤੇ ਓਹਨਾਂ ਦੀ ਜੈਵਿਕ ਪ੍ਰਣਾਲੀ ਤੇ ਇਸ ਕੀ ਚੰਗਾ ਮਾੜ੍ਹਾ ਪ੍ਰਭਾਵ ਪਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਕਿ ਉਹ ਵਿਚਾਰੇ ਕੀ ਜਾਣਨ ਕੀ ਇਹ ਕਮਿਊਨਿਸਟ ਪਾਰਟੀ ਆਫ ਚੀਨ ਦਾ ਚੰਦ ਹੈ। ਫਿਰ ਇਹ ਪਰਿਵਰਤਿਤ ਰੋਸ਼ਨੀ ਦੀ ਮਾਤਰਾ ਧਰਤੀ ਦੇ ਵਾਯੂਮੰਡਲ ਤੇ ਕੀ ਅਸਰ ਕਰੇਗੀ Îਇਹ ਰਾਜ਼ ਵੀ ਸਮਾਂ ਹੀ ਖੋਲ੍ਹੇਗਾ। ਆਓ ਇੰਤਜ਼ਾਰ ਕਰਿਏ ਤੇ ਵਕਤ ਆਉਣ ਤੇ ਵੇਖਾਂਗੇ ਕੀ ਆਖ਼ਿਰ ਚੀਨ ਦਾ 'ਚੰਦ' ''ਕੀ ਚੰਦ ਚੜਾਉਂਦਾ ਹੈ?

ਖੁਸ਼ਵਿੰਦਰ ਸਿੰਘ ਸੂਰੀਯਾ
ਮੋਬਾਇਲ-94635-10941  


author

Aarti dhillon

Content Editor

Related News