ਚਮਚੇ ਕੜਛੀਆਂ ਦਾ ਜੁੱਗ
Friday, May 31, 2019 - 03:24 PM (IST)

ਚਮਚੇ ਕੜਛੀਆਂ ਦਾ ਜੁੱਗ ਕੁੜੇ,
ਖੇਡਣ ਲਈ ਰਹੇ ਲੋਕੀ ਪੁੱਗ ਕੁੜੇ,
ਕੋਈ ਪਿੱਛੇ ਹਟਣਾ ਚਾਹਵੇ ਨਾ,
ਐਸੀ ਵੱਜ ਰਹੀ ਡੁੱਗ-ਡੁੱਗ ਕੁੜੇ,
ਕਿੰਝ ਕਰਨ ਸ਼ੈਤਾਨੀ ਦੂਜੇ ਨਾਲ,
ਬਹੁਤਿਆਂ ਦਾ ਮਨ ਲਲਚਾਉਂਦਾ।
ਇਨਸਾਨ ਕਿਸੇ ਨੇ ਕੀ ਬਣਨਾ, ਬੰਦੇ
ਬਣਨ ਖ਼ਿਆਲ ਨਾ ਆਉਂਦਾ..।
ਇਹ ਤਾਂ ਮੇਰੀ-ਮੇਰੀ ਬੋਲ ਰਿਹਾ,
ਇਹ ਕੂੜ-ਕੁਫ਼ਰ ਹੀ ਤੋਲ ਰਿਹਾ,
ਉੱਲਟੇ ਕੰਮਾਂ ਨੇ ਜ਼ਕੜ ਲਿਆ,
ਲੱਗੇ ਬੰਦਾ ਕੜੀ ਹੀ ਘੋਲ ਰਿਹਾ,
ਬਾਹਰੀ ਇਸ਼ਨਾਨ ਤਾਂ ਕਰਦਾ ਏ, ਪਰ
ਮਨ ਦੀ ਮੈਲ ਕਦ ਲਾਹੁੰਦਾ।
ਇਨਸਾਨ ਕਿਸੇ ਨੇ ਕੀ ਬਣਨਾ, ਬੰਦੇ
ਬਣਨ ਖ਼ਿਆਲ ਨਾ ਆਉਂਦਾ..।
ਏਥੇ ਕੂੜ ਦਾ ਪੱਲੜਾ ਭਾਰਾ ਏ, ਸੱਚ
ਦੇ ਸੀਨੇ ਚੱਲੇ ਆਰਾ ਏ,
ਕਿਤੇ ਅੰਮ੍ਰਿਤ ਨਜ਼ਰੀਂ ਆਵੇ ਨ,
ਹਰ ਪਾਸੇ ਚਿੱਕੜ-ਗਾਰਾ ਏ,
ਕਰੇ ਨਿੰਦਿਆ-ਚੁਗ਼ਲੀ ਦੂਜੇ ਦੀ,
ਪਰ ਆਪਣੇ ਤਾਈਂਂ ਸਲਾਹੁੰਦਾ।
ਇਨਸਾਨ ਕਿਸੇ ਨੇ ਕੀ ਬਣਨਾ, ਬੰਦੇ
ਬਣਨ ਖ਼ਿਆਲ ਨਾ ਆਉਂਦਾ..।
ਕਹਿੰਦੇ ਏਕੇ ਦੇ ਵਿੱਚ ਬਰਕਤ ਏ,
ਪਰ ਉੱਲਟੀ ਹੋ ਰਹੀ ਹਰਕਤ ਏ,
ਆਪੇ ਵਿੱਚ ਹਰ ਕੋਈ ਖੁੱਭ ਰਿਹਾ,
ਕੁਝ ਐਸਾ ਬਣਿਆ ਸਰਕਟ ਏ,
ਬੰਦਾ ਉੱਲਟੇ ਰਾਗ ਹੀ ਛੇੜ ਰਿਹਾ,
ਮੈਂ-ਬਾਦ ਦੀ ਸੁਰਾਂ ਵਿੱਚ
ਗਾਉਂਦਾ।
ਇਨਸਾਨ ਕਿਸੇ ਨੇ ਕੀ ਬਣਨਾ, ਬੰਦੇ
ਬਣਨ ਖ਼ਿਆਲ ਨਾ ਆਉਂਦਾ..।
ਸਾਡੇ ਆਪਣੇ ਹੋ ਗਏ ਵੈਰੀ ਨੇ, ਮੋਹ
ਤੰਦਾਂ ਨਹੀਂ ਸੱਪ ਜ਼ਹਿਰੀ ਨੇ,
ਦਿਲ ਖੋਟਾਂ ਦੇ ਨਾਲ ਭਰ ਰੱਖਿਆ,
ਨਜ਼ਰ ਵੀ ਰੱਖਦੇ ਗ਼ਹਿਰੀ ਨੇ,
ਪਰਸ਼ੋਤਮ ਸਭਨਾਂ ਦੇ ਮੂੰਹ ਉੱਤੇ,
ਸਦਾ ਸੱਚੀ ਗੱਲ ਸੁਣਾਉਂਦਾ।
Âਨਸਾਨ ਕਿਸੇ ਨੇ ਕੀ ਬਣਨਾ, ਬੰਦੇ
ਬਣਨ ਖ਼ਿਆਲ ਨਾ ਆਉਂਦਾ..।
ਲੋਕੀ ਕੂੜ ਦਾ ਸੌਦਾ ਖਰੀਦ ਰਹੇ,
ਬਹੁਤੇ ਕੂੜ ਦਾ ਸੌਦਾ ਵੇਚ ਰਹੇ,
ਸਰੋਏ ਕੱਸਦਾ-ਕੱਸਦਾ ਥੱਕ ਗਿਆ,
ਦੁਨੀਆਂ ਦੇ ਢਿੱਲੇ ਪੇਚ ਰਹੇ,
ਇਨਾਂ ਦੀਆਂ ਨੰਗੀਆਂ ਤਾਰਾਂ 'ਤੇ,
ਕੋਈ ਸ਼ੈਲੋ ਟੇਪ ਨਹੀਂ ਲਾਉਂਦਾ।
ਇਨਸਾਨ ਕਿਸੇ ਨੇ ਕੀ ਬਣਨਾ, ਬੰਦੇ
ਬਣਨ ਖ਼ਿਆਲ ਨਾ ਆਉਂਦਾ..।
ਪਰਸ਼ੋਤਮ ਲਾਲ ਸਰੋਏ, ਮੋਬਾ :
91-92175-44348