ਸਾਦਿਕ ਨੇੜੇ ਪਿੰਡੀ ਬਲੋਚਾਂ ਦੇ ਸੇਮ ਨਾਲੇ ਦਾ ਪੁਲ ਬੰਦ, ਪਿੰਡਾਂ ਦਾ ਸੰਪਰਕ ਟੁੱਟਿਆ
Wednesday, Jul 16, 2025 - 01:04 PM (IST)

ਸਾਦਿਕ (ਪਰਮਜੀਤ) : ਸਾਦਿਕ ਤੋਂ ਗੁਰੂ ਹਰਸਹਾਏ ਵਾਇਆ ਜੰਡ ਸਾਹਿਬ ਸੜਕ ’ਤੇ ਪਿੰਡ ਪਿੰਡੀ ਬਲੋਚਾਂ ਕੋਲ ਸੇਮ ਨਾਲੇ ਦਾ ਪੁਲ ਬੰਦ ਹੋਣ ਕਾਰਨ ਲੋਕ ਲੰਮੇ ਸਮੇਂ ਤੋਂ ਖੱਜਲ ਖੁਆਰ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਸੰਧੂ ਤੇ ਵੱਖ-ਵੱਖ ਸਕੂਲਾਂ ਦੇ ਵੈਨ ਡਰਾਈਵਰਾਂ ਨੇ ਦੱਸਿਆ ਕਿ ਇਹ ਡਰੇਨ ਦਾ ਪੁਲ ਬਹੁਤ ਪੁਰਾਣਾ ਤੇ ਨੀਵਾਂ ਸੀ ਅਤੇ ਮੀਂਹ ਦੇ ਦਿਨਾਂ ਵਿਚ ਅਕਸਰ ਇਸ ਦਾ ਪਾਣੀ ਸੜਕ ਉੱਪਰ ਦੀ ਚੱਲਦਾ ਹੁੰਦਾ ਸੀ, ਹੁਣ ਵਿਭਾਗ ਨੇ ਕਰੀਬ 20 ਦਿਨ ਪਹਿਲਾਂ ਇਸ ਪੁਲ ਨੂੰ ਤੋੜ ਕੇ ਨਵਾਂ ਪੁਲ ਬਣਾਉਣਾ ਸ਼ੁਰੂ ਕਰ ਦਿੱਤਾ ਸੀ।
ਪੁਲ ਬਣਾਉਣ ਲਈ ਪਿੱਲਰ ਵੀ ਭਰੇ ਗਏ ਪਰ ਇਸ ਸੜਕ ਨੂੰ ਦੋਹਾਂ ਪਾਸਿਓਂ ਜੋੜਨ ਲਈ ਪਾਈਪਾਂ ਨੀਵੀਆਂ ਦੱਬੀਆਂ ਗਈਆਂ ਹਨ ਤੇ ਹੁਣ ਮੀਂਹ ਦਾ ਪਾਣੀ ਪਾਈਪਾਂ ਦੇ ਉੱਪਰ ਦੀ ਵਗ ਰਿਹਾ ਹੈ ਜਿਸ ਕਾਰਨ ਲੋਕ ਪ੍ਰੇਸ਼ਾਨੀ ਝੱਲ ਰਹੇ ਹਨ ਕਿਉਂਕਿ ਇਸ ਪੁਲ ਨੂੰ ਤੋੜਨ ਕਾਰਨ ਅਗਲੇ ਪਿੰਡਾਂ ਦਾ ਸੰਪਰਕ ਟੁੱਟ ਗਿਆ। ਨੇੜਲੇ ਪਿੰਡਾਂ ਦਾ ਆਉਣ ਜਾਣ ਜਾਂ ਜ਼ਿਲ੍ਹੇ ਦੇ ਦਫਤਰੀ ਕੰਮ ਸਾਦਿਕ ਜਾਂ ਫਰੀਦਕੋਟ ਜਾ ਕੇ ਕਰਨੇ ਹੁੰਦੇ ਹਨ ਜਿਸ ਕਾਰਨ ਲੋਕਾਂ ਨੂੰ ਲੰਮਾਂ ਸਫਰ ਤੈਅ ਕਰਕੇ ਆਉਣਾ ਜਾਣਾ ਪੈਂਦਾ ਹੈ। ਹੁਣ ਮੀਂਹ ਸ਼ੁਰੂ ਹੋ ਗਏ ਹਨ ਤੇ ਪਾਣੀ ਤੇਜ਼ੀ ਨਾਲ ਵਗ ਰਿਹਾ ਹੈ। ਅਜਿਹੇ ਵਿਚ ਪੁਲ ਦੇ ਨਿਰਮਾਣ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ। ਇਸ ਪੁਲ ਨੂੰ ਬਣਾਉਣ ਸਬੰਧੀ ਸਾਇਨ ਬੋਰਡ ਵੀ ਨਹੀਂ ਲਗਾਇਆ ਗਿਆ ਤੇ ਲੋਕਾਂ ਨੂੰ ਪੁਲ ਕੋਲ ਪੁੱਜ ਕੇ ਤਿੰਨ ਚਾਰ ਕਿਲੋਮੀਟਰ ਵਾਪਸ ਮੁੜਨਾ ਪੈਂਦਾ ਹੈ।
ਇਥੇ ਨੇੜੇ ਹੀ ਨਾਮਵਰ ਸਕੂਲ ਵੀ ਹੈ ਜਿਸ ਵਿਚ ਬੱਚਿਆਂ ਨੂੰ ਆਉਣ ਲਈ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ ਤੇ ਸਕੂਲ ਵੈਨਾਂ ਵਾਲੇ ਵੀ ਤੰਗ ਹਨ। ਇਸ ਤਰਫ ਸਫਰ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਬਰਸਾਤਾਂ ਦੇ ਦਿਨਾਂ ਵਿੱਚ ਇਹ ਪੁਲ ਨਹੀਂ ਤੋੜਨਾ ਚਾਹੀਦਾ ਸੀ, ਜਾਂ ਵਧੀਆ ਤਰੀਕੇ ਨਾਲ ਬਦਲਵੇਂ ਪ੍ਰਬੰਧ ਕੀਤੇ ਹੁੰਦੇ। ਸੇਮ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਖੇਤਾਂ ਵਿੱਚ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਨੇੜਲੇ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਕਿ ਜਦ ਤੱਕ ਇਹ ਪੁਲ ਵਧੀਆ ਢੰਗ ਨਾਲ ਨਹੀਂ ਬਣਦਾ ਪਾਈਪਾਂ ਠੀਕ ਕਰ ਕੇ ਨੱਪੀਆਂ ਜਾਣ ਤਾਂ ਜੋ ਆਵਾਜਾਈ ਚਾਲੂ ਰਹਿ ਸਕੇ।