ਖ਼ੂਬਸੂਰਤ ਤੇ ਰੰਗੀਨ ਹੁੰਦੀ ਹੈ ਤਿੱਤਲੀ

08/06/2023 1:54:56 AM

ਤਿੱਤਲੀ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਹੁੰਦੀ ਹੈ। ਤਿੱਤਲੀਆਂ ਦੇ ਅਕਸਰ ਚਮਕੀਲੇ ਰੰਗੀਨ ਖੰਭ ਹੁੰਦੇ ਹਨ। ਤਿੱਤਲੀਆਂ ਦੀ ਬੜੀ ਪਿਆਰੀ ਉਡਾਣ ਹੁੰਦੀ ਹੈ। ਇਹ ਜਦੋਂ ਖੰਭ ਮਾਰਦੀਆਂ ਤਾਂ ਉੱਪਰ ਜਦੋਂ ਖੰਭ ਢਿੱਲੇ ਕਰਦੀਆਂ ਤਾਂ ਥੱਲੇ, ਇਹ ਇਸ ਤਰ੍ਹਾਂ ਝੂਟੇ ਲੈਂਦੀਆਂ ਕਈ ਰੰਗਾਂ ਨਾਲ ਭਰੀਆਂ ਵੱਖ-ਵੱਖ ਰੰਗਾਂ ਵਿਚ ਮਿਲਦੀਆਂ ਹਨ। ਕਿਹਾ ਜਾਂਦਾ ਹੈ ਕੇ ਤਿੱਤਲੀਆਂ ਦੀਆਂ ਅੱਖਾਂ ਵਿਚ ਹਜ਼ਾਰਾਂ ਲੈਂਜ਼ ਪਾਏ ਜਾਂਦੇ ਹਨ ਪਰ ਇਹ ਤਿੰਨ ਰੰਗ ਹੀ ਵੇਖ ਸਕਦੀਆਂ ਹਨ। ਇਹ ਕਈ ਪਰਜਾਤੀਆਂ ਵਿਚ ਪਾਈਆਂ ਜਾਂਦੀਆਂ ਹਨ। ਇਨ੍ਹਾਂ ਦੇ ਗਰੁੱਪ ਵਿਚ ਅਸਲੀ ਤਿੱਤਲੀਆਂ (ਪਰਪਰਵਾਰ ਪੈਪੀਲਿਓਨਾਇਡੀਆ), ਸਕਿੱਪਰ (ਪਰਪਰਵਾਰ ਹੇਸਪਰਾਇਡੀਆ) ਅਤੇ ਪਤੰਗਾਂ-ਤਿੱਤਲੀਆਂ (ਪਰਪਰਵਾਰ ਹੇਡੀਲਾਇਡੀਆ) ਸ਼ਾਮਲ ਹਨ। ਕਹਿੰਦੇ ਹਨ, ਤਿੱਤਲੀਆਂ ਕਈ ਲੱਖ ਸਾਲ ਤੋਂ ਇਸ ਤਰ੍ਹਾਂ ਹੀ ਰੰਗੀਨ ਖੰਭ ਨਾਲ ਆਦਿਵਾਸੀਆਂ ਤੋਂ ਲੈ ਕੇ ਅੱਜ ਤੱਕ ਲੋਕਾਂ ਅੱਗੇ ਆਪਣੀ ਖੂਬਸੂਰਤੀ ਬਿਖੇਰਦੀਆਂ ਇਸ ਰੰਗੀਨ ਦੁਨੀਆਂ ਦੀਆਂ ਨਜ਼ਰਾਂ ਆਪਣੇ ਵੱਲ ਖਿਚਦੀਆਂ ਹਨ। 

ਤਿੱਤਲੀਆਂ ਦੇ ਹੋਂਦ ਵਿਚ ਆਉਣ ਬਾਰੇ ਇਕ ਕਥਾ ਪ੍ਰਚਿੱਲਤ ਹੈ। ਜਿਸ ਅਨੁਸਾਰ ਇਕ ਅਜਿਹੀ ਅਪਸਰਾ ਸੀ, ਜੋ ਹਰ ਰੋਜ਼ ਰਾਤ ਦੇ ਸਮੇਂ ਧਰਤੀ ਦੇ ਜੰਗਲਾਂ ਤੇ ਬਗੀਚਿਆਂ ਵਿਚ ਘੁੰਮਣ-ਫਿਰਨ ਲਈ ਆਉਂਦੀ ਸੀ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਵਾਪਸ ਚਲੀ ਜਾਂਦੀ ਸੀ। ਇਕ ਦਿਨ ਉਸ ਦੇ ਕੱਪੜੇ ਝਾੜੀਆਂ ਵਿਚ ਫੱਸ ਗਏ ਅਤੇ ਆਪਣੇ ਰੇਸ਼ਮੀ ਕੱਪੜਿਆਂ ਨੂੰ ਫੱਟਣ ਤੋਂ ਬਚਾਉਣ ਲਈ ਉਹ ਇਕ-ਇਕ ਕਰ ਕੇ ਕੰਡੇ ਕੱਢਣ ਲੱਗੀ। ਇੰਨੀ ਦੇਰ ਵਿਚ ਸਵੇਰ ਹੋ ਗਈ ਅਤੇ ਸੂਰਜ ਦੀ ਰੌਸ਼ਨੀ ਵਿਚ ਉਹ ਸੁੰਗੜਕੇ ਤਿੱਤਲੀ ਬਣ ਗਈ ਅਤੇ ਹਮੇਸ਼ਾ ਲਈ ਇੱਥੇ ਹੀ ਰਹਿ ਗਈ। ਤਿੱਤਲੀਆਂ ਸੁੰਦਰ ਜੀਵ ਹਨ ਅਤੇ ਕਈ ਆਕਾਰਾਂ, ਰੰਗਾਂ ਵਿਚ ਮਿਲਦੀਆਂ ਹਨ। ਇਸ ਲਈ ਬਹੁਤ ਸਾਰੇ ਬੱਚੇ ਰੰਗੀਨ ਖੰਭਾਂ ਵਾਲੇ ਕੀੜੇ-ਮਕੌੜਿਆਂ ਤੇ ਤਿੱਤਲੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋਏ ਕਈ ਕਈ ਘੰਟੇ ਬਿਤਾਉਂਦੇ ਹਨ, ਇਹ ਘਰਾਂ ਦੇ ਗਮਲਿਆਂ ਵਿਚ ਰੁੱਖਾਂ ਦੇ ਫੁੱਲਾਂ ਤੇ ਆਮ ਹੀ ਵੇਖੀਆਂ ਜਾ ਸਕਦੀਆਂ ਨੇ। ਇਸ ਦੁਨੀਆ ਵਿਚ ਕੁਦਰਤੀ ਤਿੱਤਲੀ ਦੇ ਖੰਭ ਸ਼ਾਇਦ ਸਭ ਤੋਂ ਨਾਜ਼ੁਕ ਮੰਨੇ ਜਾਂਦੇ ਹਨ।

ਤਿੱਤਲੀ ਲੈਪਿਡੰਪਟਰਾ ਵਰਗ ਦੇ ਕੀੜਿਆਂ ਵਿਚੋਂ ਇਕ ਹੈ। ਤਿੱਤਲੀ ਦੀ ਬਣਤਰ ਬਾਕੀ ਕੀੜਿਆਂ ਨਾਲੋਂ ਵੱਖਰੀ ਹੁੰਦੀ ਹੈ। ਕਿਹਾ ਜਾਂਦਾ ਹੈ, ਕਿ ਤਿਤਲੀਆਂ ਲਗਭਗ 18 ਕਿਸਮ ਦੀਆਂ ਪਾਈਆਂ ਜਾਂਦੀਆਂ ਹਨ। ਤਿੱਤਲੀਆਂ ਸਾਰੇ ਸੰਸਾਰ ਵਿਚ ਰੰਗ-ਬਿਰੰਗੀਆਂ ਕਿਸਮ ਵਿਚ ਮਿਲਦੀਆਂ ਹਨ। ਤਿੱਤਲੀਆਂ ਗਰਮ ਇਲਾਕਿਆਂ ਵਿਚ ਵੱਡੇ ਅਕਾਰ ਦੀਆਂ ਹੁੰਦੀਆਂ ਹਨ, ਜੇ ਇਨ੍ਹਾਂ ਤਿੱਤਲੀਆਂ ਨੂੰ ਫੜਿਆ ਜਾਵੇ ਤਾਂ ਹੱਥਾਂ ਨੂੰ ਪਾਊਡਰ ਵਰਗਾ ਪਦਾਰਥ ਲੱਗਦਾ ਹੈ। ਇਸ ਪਾਊਡਰ ਕਾਰਨ ਹੀ ਇਸ ਦੇ ਖੰਭ ਆਪਸ ਵਿਚ ਚਿਪਕਦੇ ਨਹੀਂ। ਤਿੱਤਲੀਆਂ ਸਿਰਫ਼ ਦੋ ਤੋਂ ਚਾਰ ਹਫ਼ਤਿਆਂ ਦੀ ਉਮਰ ਜਿਉਂਦੀਆਂ ਹਨ, ਜੋ ਕਿ ਬਹੁਤ ਹੀ ਛੋਟੀ ਹੈ। 

ਸਾਡੇ ਸਮਾਜ ਵਿਚ ਹਰ ਚੀਜ਼ ਨੂੰ ਵਿਹਮ ਭਰਮ ਨਾਲ ਜੋੜ ਦਿਤਾ ਜਾਂਦਾ ਹੈ। ਇਸੇ ਤਰ੍ਹਾਂ ਨਾਲ ਤਿੱਤਲੀਆ ਨਾਲ ਕਈ ਧਾਰਨਾਵਾਂ ਵੀ ਜੋੜੀਆਂ ਹੋਈਆਂ ਹਨ, ਜਿਵੇਂ ਇਕ ਸੰਤਰੀ ਤਿੱਤਲੀ ਦੇਖਦੇ ਹੋ, ਤਾਂ ਇਹ ਤੁਹਾਡੇ ਆਉਣ ਵਾਲੀ ਚੰਗੀ ਕਿਸਮਤ ਦੀ ਨਿਸ਼ਾਨੀ ਹੋ ਸਕਦੀ ਹੈ। ਕਾਲੀ ਤਿੱਤਲੀ ਨੂੰ ਦੇਖਣਾ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਚੀਜ਼ਾਂ ਬਿਹਤਰ ਹੋਣ ਜਾ ਰਹੀਆਂ ਹਨ। ਇਸੇ ਤਰ੍ਹਾਂ ਚਿੱਟੀ ਤਿੱਤਲੀ ਦੇਖਣਾ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਬਿਹਤਰ ਸਮਾਂ ਆਉਣ ਵਾਲਾ ਹੈ। ਇਕ ਭੂਰੀ ਤਿੱਤਲੀ ਨੂੰ ਅਕਸਰ ਨਵੀਂ ਸ਼ੁਰੂਆਤ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। ਇੱਕ ਚਿੱਟੀ ਤਿੱਤਲੀ ਨੂੰ ਅਕਸਰ ਉਮੀਦ ਦਾ ਪ੍ਰਤੀਕ ਮੰਨਿਆ ਜਾਂਦਾ ਹੈ,  ਗੁਆਚਿਆ ਮਹਿਸੂਸ ਕਰ ਰਹੇ ਹੋ ਤਾਂ ਜਾਮਣੀ ਤਿੱਤਲੀ ਨੂੰ ਦੇਖਣਾ, ਨੀਲੀ ਤਿੱਤਲੀ ਤੁਹਾਡੇ ਸੁਪਨਿਆਂ ਦਾ ਪਿੱਛਾ ਕਰਨ ਲਈ ਉਤਸ਼ਾਹਿਤ ਕਰਦੀ ਹੈ, ਪਰ ਇਸ ਵਹਿਮ ਨੂੰ ਛੱਡ ਕੇ ਇਹ ਹੈ ਪਿਆਰੀ ਤਿੱਤਲੀ ।

- ਅਮੀਰ ਸਿੰਘ ਜੋਸਨ


Anmol Tagra

Content Editor

Related News