ਐਵਾਨ-ਏ-ਗ਼ਜ਼ਲ: ਕੁਰਸੀ ਹੀਰ ਦਾ ਮਸਲਾ।

06/24/2022 1:50:55 PM

ਚਰੰਜਾ

ਨਹੀਂ ਮੱਸਲਾ ਇਲਾਕੇ ਦਾ, ਤੇ ਨਾ ਹੈ ਨੀਰ ਦਾ ਮਸਲਾ।
ਕਿ ਸਾਰੇ ਮਸਲਿਆਂ ਉਹਲੇ ਹੈ, ਕੁਰਸੀ ਹੀਰ ਦਾ ਮਸਲਾ।

ਇਹ ਮਸਲੇ ਘੜਣ ਵਾਲੇ ਰੋਜ਼, ਘੜ ਲੈਂਦੇ ਨਵੇਂ ਮਸਲੇ,
ਕਦੀ ਮਸਲਾ ਗਰੰਥਾਂ ਦਾ, ਕਦੀ ਤਸਵੀਰ ਦਾ ਮਸਲਾ।

ਜਵਾਨੀ ਦੇਸ਼ ਦੀ ਤੇ ਧੰਨ, ਸਭ ਕੁਝ ਜਾ ਰਿਹਾ ਨਿਘਲੀ,
ਸੀ ਗੱਲਤੀ ਇਕ ਲੀਡਰ ਦੀ, ਬਣੀ ਕਸ਼ਮੀਰ ਦਾ ਮਸਲਾ।

ਬਣੇਗੀ ਦੇਸ਼ ਦਾ ਸੰਕਟ ਹੀ, ਵੋਟਾਂ ਦੀ ਇਹ ਰਣਨੀਤੀ,
ਸਿਆਸਤ ਬਣ ਗਈ ਹੈ ਅਜ, ਨਿਜੀ ਜਾਗੀਰ ਦਾ ਮਸਲਾ।

ਲੁਟੇਰੇ ਪੁਲਸ ਦੇ ਪਹਿਰੇ 'ਚ, ਲੁੱਟ ਲੈਂਦੇ ਬਜ਼ਾਰਾਂ ਨੂੰ,
ਬਣਾ ਕੇ ਗੁਰੂ ਦਾ ਮੱਸਲਾ, ਬਣਾ ਕੇ ਪੀਰ ਦਾ ਮੱਸਲਾ।

ਹਵੱਸ ਇਹ ਕੁਰਸੀਆਂ ਦੀ, ਡਾਲਰਾਂ ਦੀ ਭੁੱਖ ਖ਼ੁਦਗਰਜ਼ੀ,
ਹੈ ਬਣਦੀ ਜਾ ਰਹੀ ਇਹ ਦੇਸ਼ ਦੀ, ਤਕਦੀਰ ਦਾ ਮਸਲਾ।

ਨਹੀਂ ਹੈ ਸਾਉਣ ਦਾ ਵੇਲਾ, ਉਠੋ ਜਾਗੋ ਮੇਰੇ ਲੋਕੋ
ਕਿ 'ਦਰਦੀ' ਬਣ ਨਾ ਜਾਏ, ਆਪਣਾ ਅਖ਼ੀਰ ਦਾ ਮਸਲਾ।


ਪਚਵੰਜਾ 
ਪੌਣਾਂ 'ਚ ਘੁਲੀਆਂ ਜ਼ਹਿਰਾਂ, ਆਉਣਾ ਹੈ ਸਾਸ ਕਿੱਦਾਂ।
ਪਾਣੀ ਪਲੀਤ ਹੋਇਆ, ਜੀਵਨ ਦੀ ਆਸ ਕਿੱਦਾਂ।

ਕਿਧਰੇ ਅਨਾਜ ਸੜਦਾ, ਮਰਦੇ ਨੇ ਕਿਧਰੇ ਭੁੱਖੇ,
ਉਲਝੀ ਜਹੀ ਇਹ ਤਾਣੀ, ਆਉਣੀ ਹੈ ਰਾਸ ਕਿੱਦਾਂ।

ਇਕ ਤਰਫ ਸੁੱਕੇ ਪਿੰਜਰ, ਇਕ ਤਰਫ ਗੋਗੜਾਂ ਨੇ,
ਬੰਦਾ ਹੀ ਖਾ ਰਿਹਾ ਹੈ ,ਬੰਦੇ ਦਾ ਮਾਸ ਕਿੱਦਾਂ।

ਕਰਦਾ ਕੀ ਆਸ ਉਸ ਤੇ, ਹੈ ਖ਼ੁਦ ਬੇਆਸ ਜਿਹੜਾ,
ਜਨਮਾਂ ਦੇ ਭਟਕੇ ਮਨ ਦੀ, ਬੁਝਣੀ ਪਿਆਸ ਕਿੱਦਾਂ।

ਦੰਗੇ ਤੇ ਦੈਹਸ਼ਤਾਂ ਨੇ, ਘੱਪਲੇ ਤੇ ਰਿਸ਼ਵਤਾਂ ਨੇ,
ਹਾਕਮ ਬਣੇ ਲੁਟੇਰੇ, ਹੋਊ ਵਿਕਾਸ ਕਿੱਦਾਂ।

ਅੰਤਿਮ ਸੁਵਾਸ ਤੱਕ ਜੋ, ਆਇਆ ਨਾ ਕੋਲ ਮੇਰੇ,
ਅਰਥੀ ਨੂੰ ਦੇਊ ਮੋਢਾ, ਕਰ ਲਾਂ ਮੈਂ ਆਸ ਕਿੱਦਾਂ।

ਹਰ ਪਾਸੇ ਹਰ ਜਗ੍ਹਾ ਹੈ, ਪਰਦੂਸ਼ਨ ਬੋਲ ਬਾਲਾ,
ਰੱਖਾਂਗੇ ਕਾਇਮ 'ਦਰਦੀ, ਹੋਸ਼ੋ ਹਵਾਸ ਕਿੱਦਾਂ।


ਛਪੰਜਾ
ਰਹਿੰਦਾ ਨਹੀਂ ਹੈ ਆਪਣਾ ਉਸ ਦਾ ਖਿਆਲ ਰਹਿੰਦਾ।
ਉਹ ਦੂਰ ਰਹਿ ਰਿਹਾ ਵੀ ਹਰ ਵਕਤ ਨਾਲ ਰਹਿੰਦਾ।

ਦੋ ਵਕਤ ਬੱਚਿਆਂ ਦਾ ਭਰਨਾ ਹੈ ਪੇਟ ਕੀਕਣ,
ਸਾਡੇ ਤਾਂ ਸਾਹਵੇਂ ਹਰ ਦਮ ਇੱਕੋ ਸਵਾਲ ਰਹਿੰਦਾ।

ਆਂਉਦੇ ਨੇ ਤੈਨੂੰ ਸੁਪਨੇ ਦੌਲਤ ਤੇ ਕੁਰਸੀਆਂ ਦੇ,
ਸਾਡੇ ਤਾਂ ਸੁਪਨੇ ਵਿਚ ਵੀ ਆਟਾ ਤੇ ਦਾਲ ਰਹਿੰਦਾ।

ਚੋਰਾਂ ਤੇ ਮੁਨਸਫਾਂ ਦਾ ਰਾਜ ਲੁਟੇਰਿਆਂ ਦਾ,
ਬਦਲੇ ਨਿਜ਼ਾਮ ਕਿੱਦਾਂ ਦਿਲ ਵਿਚ ਉਬਾਲ ਰਹਿੰਦਾ।
 

ਲੇਖਕ: ਸਤਨਾਮ ਸਿੰਘ ਦਰਦੀ ਚਾਨੀਆਂ
ਜਲੰਧਰ
92569-73526


rajwinder kaur

Content Editor

Related News