ਐਗਰੋ ਪ੍ਰੋਸੈਸਿੰਗ ਯੂਨਿਟ ਪੀਏਯੂ ਦੀ ਨਿਗਰਾਨੀ ਹੇਠ ਸ਼ੁਰੂ ਹੋਇਆ

09/26/2018 6:04:53 PM

ਪਿਛਲੇ ਦਿਨੀਂ ਜ਼ਿਲਾ ਲੁਧਿਆਣਾ ਦੀ ਜਗਰਾਓਂ ਤਹਿਸੀਲ ਵਿਚ ਪਿੰਡ ਹਜ਼ੂਰਾ ਵਿਖੇ ਇਕ ਐਗਰੋ ਪ੍ਰੋਸੈਸਿੰਗ ਪਲਾਂਟ ਸਮਰਾਟ ਆਟਾ ਮਿੱਲ' ਜਿਸ ਦੇ ਮਾਲਕ ਗੁਰਦੀਪ ਸਿੰਘ ਹਨ, ਪੀਏਯੂ ਦੀ ਤਕਨੀਕੀ ਸਹਾਇਤਾ ਨਾਲ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਅਧੀਨ ਸ਼ੁਰੂ ਹੋਇਆ। ਪੀਏਯੂ ਦੇ ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਦੇ ਸੀਨੀਅਰ ਰਿਸਰਚ ਇੰਜੀਨੀਅਰ ਡਾ. ਐਮ.ਐਸ ਆਲਮ ਨੇ ਇਸ ਮੌਕੇ ਬੋਲਦਿਆਂ ਖੇਤੀ ਪ੍ਰੋਸੈਸਿੰਗ ਪਲਾਂਟ ਲਗਾਉਣੇ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਕਿਹਾ ਜਿਸ ਨਾਲ ਫਸਲ ਦੀ ਵਾਢੀ ਤੋਂ ਮਗਰੋਂ ਉਸ ਦੇ ਮੁੱਲ ਵਿਚ ਵਾਧਾ ਕਰਕੇ ਪਿੰਡ ਪੱਧਰ ਤਕ ਖੇਤੀ ਜਿਣਸਾਂ ਨੂੰ ਮੁਨਾਫੇ ਦੇ ਘੇਰੇ ਵਿਚ ਲਿਆਉਂਦਾ ਜਾ ਸਕੇ। ਇਹ ਪ੍ਰੋਸੈਸਿੰਗ ਪਲਾਂਟ ਬਿਲਕੁਲ ਨਵੀਨ ਤਰ੍ਹਾਂ ਦੀ ਤਕਨਾਲੋਜੀ ਅਤੇ ਫੂਡ ਪ੍ਰੋਸੈਸਿੰਗ ਤਕਨੀਕ ਨਾਲ ਲੈਸ ਹੈ ਜਿਸ ਵਿਚ ਇਕ ਛੋਟੀ ਚੌਲ ਮਿੱਲ ਅਤੇ ਬੇਬੀ ਆਇਲ' ਕੋਹਲੂ ਨਿਰਮਾਣ ਅਧੀਨ ਹਨ। ਡਾ. ਆਲਮ ਨੇ ਇਸ ਮੌਕੇ ਦੱਸਿਆ ਕਿ ਪੀਏਯੂ ਵਲੋਂ ਖੇਤੀ ਉਤਪਾਦਨ ਅਤੇ ਪ੍ਰੋਸੈਸਿੰਗ ਦੇ ਖੇਤਰ ਵਿਚ ਦਿੱਤੀ ਜਾ ਰਹੀ ਸਿਖਲਾਈ ਦਾ ਅਸਲ ਮਕਸਦ ਪੇਂਡੂ ਖੇਤਰਾਂ ਵਿਚ ਪ੍ਰੋਸੈਸਿੰਗ ਵਿਧੀਆਂ ਨੂੰ ਕਾਮਯਾਬ ਕਰਨਾ ਹੈ। ਉਨ੍ਹਾਂ ਨੇ ਐਗਰੋ ਪ੍ਰੋਸੈਸਿੰਗ ਕੰਪਲੈਕਸ ਦੇ ਮੁੱਖ ਗੁਣਾਂ ਦੀ ਗੱਲ ਕੀਤੀ ਅਤੇ 250 ਦੇ ਕਰੀਬ ਕਿਸਾਨਾਂ ਸਾਹਮਣੇ ਖੇਤੀ ਵਸਤਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਬਾਰੇ ਵਿਸਥਾਰ ਵਿਚ ਆਪਣਾ ਭਾਸ਼ਣ ਦਿੱਤਾ । 

ਇਸ ਮੌਕੇ ਸ. ਮਹਿਲ ਸਿੰਘ ਨੇ ਇਸ ਖੇਤਰ ਵਿਚ ਹਾਸਲ ਕੀਤੇ ਆਪਣੇ ਅਨੁਭਵ ਕਿਸਾਨਾਂ ਨਾਲ ਸਾਂਝੇ ਕਰਦਿਆਂ ਭਵਿੱਖ ਵਿਚ ਅਜਿਹੇ ਹੋਰ ਯੂਨਿਟਾਂ ਦੇ ਨਿਰਮਾਣ ਵਿਚ ਸਲਾਹ ਅਤੇ ਸਹਾਇਤਾ ਦੇਣ ਦੀ ਗੱਲ ਕੀਤੀ । ਵਧੀਕ ਨਿਰਦੇਸ਼ਕ ਖੋਜ ਡਾ. ਅਸ਼ੋਕ ਕੁਮਾਰ ਨੇ ਪੀਏਯੂ ਦੇ ਮਾਹਿਰਾਂ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਕਿਸਾਨਾਂ ਵਲੋਂ ਉਨ੍ਹਾਂ ਤੇ ਅਮਲ ਕੀਤੇ ਜਾਣ ਉਪਰ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਪੂਰੇ ਪੰਜਾਬ ਵਿਚ 296 ਐਗਰੋ ਪ੍ਰੋਸੈਸਿੰਗ ਯੂਨਿਟ ਕਾਮਯਾਬੀ ਨਾਲ ਕੰਮ ਕਰ ਰਹੇ ਹਨ।


Related News