ਬੁੱਢੇ ਨਾਲੇ ’ਚ ਤੈਰਦੀ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ’ਚ ਫੈਲੀ ਸਨਸਨੀ

Monday, Jul 06, 2026 - 06:19 PM (IST)

ਬੁੱਢੇ ਨਾਲੇ ’ਚ ਤੈਰਦੀ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ’ਚ ਫੈਲੀ ਸਨਸਨੀ

ਲੁਧਿਆਣਾ (ਰਾਜ)- ਹੈਬੋਵਾਲ ਕਲਾਂ ਇਲਾਕੇ ’ਚ ਐਤਵਾਰ ਦੀ ਸਵੇਰ ਉਸ ਸਮੇਂ ਸਨਸਨੀ ਫੈਲ ਗਈ ਅਤੇ ਲੋਕਾਂ ਦੇ ਹੋਸ਼ ਉੱਡ ਗਏ, ਜਦੋਂ ਰਾਮ ਸ਼ਰਣਮ ਪੁਲੀ ਤੇ ਗੋਪਾਲ ਨਗਰ ਪੁਲੀ ਵਿਚਕਾਰ ਵਗਦੇ ਬੁੱਢਾ ਨਾਲਾ ’ਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਤੈਰਦੀ ਦਿਖਾਈ ਦਿੱਤੀ। ਨਾਲੇ ’ਚ ਲਾਸ਼ ਹੋਣ ਦੀ ਖ਼ਬਰ ਅੱਗ ਵਾਂਗ ਪੂਰੇ ਇਲਾਕੇ ’ਚ ਫੈਲ ਗਈ, ਜਿਸ ਤੋਂ ਬਾਅਦ ਮੌਕੇ ’ਤੇ ਸੈਂਕੜੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਸੂਚਨਾ ਮਿਲਦਿਆਂ ਹੀ ਪੀ.ਸੀ.ਆਰ. ਅਤੇ ਥਾਣਾ ਹੈਬੋਵਾਲ ਦੀ ਪੁਲਸ ਟੀਮ ਭਾਰੀ ਫੋਰਸ ਸਮੇਤ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਨੀਂ ਦਿਨੀਂ ਬੁੱਢਾ ਨਾਲਾ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਨਾਲੇ ਦੇ ਅੰਦਰ ਮਿੱਟੀ ਪਾਈ ਗਈ ਸੀ। ਐਤਵਾਰ ਸਵੇਰੇ ਕਰੀਬ 10 ਵਜੇ ਜਦੋਂ ਨਾਲੇ ਦਾ ਵਹਾਅ ਤੇਜ਼ ਸੀ ਤਾਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਵਹਿਦੀ ਹੋਈ ਆਈ ਤੇ ਉਸ ਮਿੱਟੀ ਦੇ ਢੇਰਾਂ ਕੋਲ ਆ ਕੇ ਫਸ ਗਈ।

ਉੱਥੋਂ ਲੰਘ ਰਹੇ ਰਾਹਗੀਰਾਂ ਦੀ ਨਜ਼ਰ ਜਦੋਂ ਨਾਲੇ ’ਚ ਤੈਰਦੀ ਲਾਸ਼ ’ਤੇ ਪਈ ਤਾਂ ਉਨ੍ਹਾਂ ਨੇ ਤੁਰੰਤ ਰੌਲਾ ਪਾਇਆ ਤੇ ਪੁਲਸ ਕੰਟਰੋਲ ਰੂਮ ਨੂੰ ਇਸ ਦੀ ਅਧਿਕਾਰਤ ਸੂਚਨਾ ਦਿੱਤੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਦਾ ਮੁਢਲਾ ਅਨੁਮਾਨ ਹੈ ਕਿ ਮ੍ਰਿਤਕ ਦੀ ਮੌਤ ਕਰੀਬ 3 ਤੋਂ 4 ਦਿਨ ਪਹਿਲਾਂ ਹੋ ਚੁੱਕੀ ਹੈ, ਕਿਉਂਕਿ ਪਾਣੀ ’ਚ ਰਹਿਣ ਕਾਰਨ ਲਾਸ਼ ਕਾਫ਼ੀ ਫੁੱਲ ਚੁੱਕੀ ਸੀ।

ਅਧਿਕਾਰੀਆਂ ਮੁਤਾਬਕ ਕਿਆਸ ਲਗਾਏ ਜਾ ਰਹੇ ਹਨ ਕਿ ਵਿਅਕਤੀ ਦੀ ਮੌਤ ਕਿਸੇ ਹੋਰ ਇਲਾਕੇ ’ਚ ਹੋਈ ਹੋਵੇਗੀ ਅਤੇ ਲਾਸ਼ ਬੁੱਢਾ ਨਾਲੇ ਦੇ ਤੇਜ਼ ਵਹਾਅ ਨਾਲ ਵਹਿ ਕੇ ਹੈਬੋਵਾਲ ਖੇਤਰ ਤੱਕ ਪਹੁੰਚ ਗਈ। ਕੁਝ ਲੋਕ ਇਸ ਨੂੰ ਹਾਦਸਾ ਮੰਨ ਰਹੇ ਹਨ ਤਾਂ ਕੁਝ ਇਸ ਨੂੰ ਖ਼ੌਫਨਾਕ ਸਾਜ਼ਿਸ਼ ਨਾਲ ਜੋੜ ਕੇ ਦੇਖ ਰਹੇ ਹਨ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਤੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਕੋਲੋਂ ਅਜਿਹਾ ਕੋਈ ਦਸਤਾਵੇਜ਼ ਨਹੀਂ ਮਿਲਿਆ ਹੈ, ਜਿਸ ਨਾਲ ਉਸ ਦੀ ਪਛਾਣ ਕੀਤੀ ਜਾ ਸਕੇ।

ਲਾਸ਼ ਦੀ ਸ਼ਨਾਖ਼ਤ ਲਈ ਪੁਲਸ ਨੇ ਲੁਧਿਆਣਾ ਕਮਿਸ਼ਨਰੇਟ ਦੇ ਸਾਰੇ ਥਾਣਿਆਂ ਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ’ਚ ਅਲਰਟ ਜਾਰੀ ਕਰ ਦਿੱਤਾ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਤੇ ਹਾਲਾਤਾਂ ਦਾ ਪਤਾ ਲੱਗ ਸਕੇਗਾ।


author

Anmol Tagra

Content Editor

Related News