ਲੁਧਿਆਣਾ ਦੇ ਘਰ ''ਚ ਚੋਰੀ, ਹਰਿਆਣਾ ਬੈਠੇ ਮਾਲਕ ਦੇ ਫ਼ੋਨ ''ਤੇ ਵੱਜਿਆ ਸਿਕਿਓਰਿਟੀ ਅਲਾਰਮ, ਕੈਮਰੇ ਵੇਖ ਉੱਡੇ ਹੋਸ਼

Friday, Jul 03, 2026 - 06:08 PM (IST)

ਲੁਧਿਆਣਾ ਦੇ ਘਰ ''ਚ ਚੋਰੀ, ਹਰਿਆਣਾ ਬੈਠੇ ਮਾਲਕ ਦੇ ਫ਼ੋਨ ''ਤੇ ਵੱਜਿਆ ਸਿਕਿਓਰਿਟੀ ਅਲਾਰਮ, ਕੈਮਰੇ ਵੇਖ ਉੱਡੇ ਹੋਸ਼

ਲੁਧਿਆਣਾ (ਰਾਜ): ਮਹਾਨਗਰ ਵਿਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਉਹ ਬੰਦ ਘਰਾਂ ਨੂੰ ਬੜੀ ਚਾਲਾਕੀ ਨਾਲ ਨਿਸ਼ਾਨਾ ਬਣਾ ਰਹੇ ਹਨ। ਇਸ ਵਾਰ ਇਕ ਹਾਈਟੈੱਕ ਸੁਰੱਖਿਆ ਸਿਸਟਮ ਦੀ ਬਦੌਲਤ ਚੋਰਾਂ ਦੀ ਲਾਈਵ ਕਰਤੂਤ ਸਿੱਧੇ ਮਕਾਨ ਮਾਲਕ ਦੇ ਮੋਬਾਈਲ ਫ਼ੋਨ 'ਤੇ ਕੈਦ ਹੋ ਗਈ। ਜਦੋਂ ਪੀੜਤ ਪਰਿਵਾਰ ਹਰਿਆਣਾ ਦੇ ਕਰਨਾਲ ਗਿਆ ਹੋਇਆ ਸੀ ਤਾਂ ਮਗਰੋਂ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਵਿਚ ਦੋ ਚੋਰ ਵੜ ਗਏ। ਜਿਉਂ ਹੀ ਉਸ ਦੇ ਫ਼ੋਨ ਵਿਚ ਸਿਕਿਓਰਿਟੀ ਅਲਾਰਮ ਵੱਜਿਆ, ਉਸ ਨੇ ਮੋਬਾਈਲ 'ਤੇ CCTV ਕੈਮਰੇ ਖੋਲ੍ਹੇ ਤਾਂ ਚੋਰ ਅਲਮਾਰੀਆਂ ਖੰਗਾਲਦੇ ਨਜ਼ਰ ਆਏ। ਚੋਰ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋਣ ਵਿਚ ਕਾਮਯਾਬ ਰਹੇ, ਪਰ ਉਨ੍ਹਾਂ ਦਾ ਬਾਈਕ ਨੰਬਰ ਪੁਲਸ ਹੱਥ ਲੱਗ ਗਿਆ ਹੈ। 

ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਸ਼ਿਕਾਇਤਕਰਤਾ ਯਸ਼ਪਾਲ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਪੂਰੇ ਪਰਿਵਾਰ ਦੇ ਨਾਲ ਕਿਸੇ ਕੰਮ ਦੇ ਸਿਲਸਿਲੇ ਵਿਚ ਕਰਨਾਲ (ਹਰਿਆਣਾ) ਗਿਆ ਹੋਇਆ ਸੀ। 2 ਜੁਲਾਈ ਦੀ ਰਾਤ ਤਕਰੀਬਨ 2.35 ਵਜੇ ਅਚਾਨਕ ਉਸ ਦੇ ਮੋਬਾਈਲ ਫ਼ੋਨ 'ਤੇ ਸਿਕਿਓਰਿਟੀ ਅਲਾਰਮ ਵੱਜਿਆ ਤਾਂ ਉਸ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ। ਕੈਮਰੇ ਵੇਖਦਿਆਂ ਹੀ ਉਸ ਦੇ ਹੋਸ਼ ਉੱਡ ਗਿਆ, ਘਰ ਦੇ ਅੰਦਰ ਦੋ ਅਣਪਛਾਤੇ ਮੁੰਡੇ ਅਲਮਾਰੀਆਂ ਫ਼ਰੋਲ ਰਹੇ ਸਨ। ਉਹ ਤੁਰੰਤ ਆਪਣੇ ਘਰ ਵੱਲ ਰਵਾਨਾ ਹੋ ਗਿਆ ਤੇ ਜਦੋਂ ਇੱਥੇ ਪਹੁੰਚਿਆ ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਪੀੜਤ ਮੁਤਾਬਕ ਚੋਰ ਅਲਮਾਰੀ ਵਿਚੋਂ ਤਕਰੀਬਨ 3 ਤੋਲੇ ਵਜ਼ਨੀ ਸੋਨੇ ਦੀ ਇਕ ਚੇਨ ਤੇ ਤਕਰੀਬਨ 1.5 ਤੋਲੇ ਵਜ਼ਨੀ ਸੋਨੇ ਦੀਆਂ ਅੰਗੂਠੀਆਂ, ਤਕਰੀਬਨ 2 ਤੋਲੇ ਵਜ਼ਨੀ ਚਾਂਦੀ ਦੇ ਸਿੱਕੇ ਤੇ ਚਾਂਦੀ ਦੀਆਂ ਝਾਂਜਰਾਂ ਤੇ ਨਕਦੀ ਆਦਿ ਲੈ ਗਏ ਹਨ। 

ਸੀ. ਸੀ. ਟੀ.ਵੀ. ਫੁਟੇਜ ਤੋਂ ਚੋਰਾਂ ਦੇ ਮੋਟਰਸਾਈਕਲ ਨੰਬਰ PB-10-EG-3847 ਟ੍ਰੇਸ ਹੋ ਗਿਆ ਹੈ। ਪੀੜਤ ਦੀ ਸ਼ਿਕਾਇਤ 'ਤੇ ਥਾਣਾ ਦੁਗਰੀ ਦੀ ਪੁਲਸ ਨੇ ਚੋਰੀ ਦਾ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਈਕ  ਦੇ ਰਜਿਸਟਰਡ ਨੰਬਰ ਤੇ ਸੀ.ਸੀ.ਟੀ.ਵੀ. ਵਿਚ ਆਏ ਚੋਰਾਂ ਦੇ ਹੁਲੀਏ ਦੇ ਅਧਾਰ 'ਤੇ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਬਹੁਤ ਜਲਦੀ ਚੋਰੀ ਦੇ ਮਾਲ ਸਮੇਤ ਫੜ ਲਿਆ ਜਾਵੇਗਾ। 


author

Anmol Tagra

Content Editor

Related News