ਕੰਪਨੀ ਦੇ ਸਹਿਕਰਮੀ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ

Tuesday, Jan 07, 2020 - 07:28 PM (IST)

ਕੰਪਨੀ ਦੇ ਸਹਿਕਰਮੀ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ, (ਸੁਖਵਿੰਦਰ)— ਡੱਬਵਾਲੀ ਰੋਡ 'ਤੇ ਸਥਿਤ ਇਕ ਕਾਰ ਏਜੰਸੀ 'ਚ ਇਕ ਸਹਿਕਰਮੀ ਵਲੋਂ ਪ੍ਰੇਸ਼ਾਨ ਕਰਨ ਦੇ ਚੱਲਦੇ ਇਕ ਮਕੈਨਿਕ ਨੇ ਬੀਤੀ ਰਾਤ ਏਜੰਸੀ 'ਚ ਹੀ ਫਾਹ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੇ ਸੁਸਾਇਡ ਨੋਟ 'ਚ ਉਕਤ ਸਾਥੀ ਮਕੈਨਿਕ 'ਤੇ ਪ੍ਰੇਸ਼ਾਨ ਕਰਨ, ਕੁੱਟ-ਮਾਰ ਕਰਨ ਤੇ ਧਮਕੀ ਦੇ ਦੋਸ਼ ਲਾਏ ਹਨ। ਪੁਲਸ ਨੇ ਸੁਸਾਇਡ ਨੋਟ ਦੇ ਆਧਾਰ 'ਤੇ ਉਕਤ ਦੋਸ਼ੀ ਮਕੈਨਿਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਗੁਰੂ ਕੀ ਨਗਰੀ ਉਕਤ ਏਜੰਸੀ 'ਚ ਮਕੈਨਿਕ ਸੀ। ਹਰ ਰੋਜ ਰਾਤ ਕਰੀਬ 7 ਵਜੇ ਉਹ ਆਪਣੇ ਘਰ ਪੁੱਜ ਜਾਂਦਾ ਸੀ। ਬੀਤੀ ਰਾਤ ਜਦ ਉਹ ਸਮੇਂ 'ਤੇ ਘਰ ਨਹੀਂ ਪੁੱਜਾ ਤਾਂ ਉਸ ਦੀ ਪਤਨੀ, ਭਰਾ ਤੇ ਹੋਰ ਪਰਿਵਾਰ ਵਾਲਿਆਂ ਨੇ ਏਜੰਸੀ 'ਚ ਪਹੁੰਚ ਕੇ ਪੜਤਾਲ ਕੀਤੀ ਪਰ ਏਜੰਸੀ ਉਦੋਂ ਤੱਕ ਬੰਦ ਹੋ ਚੁੱਕੀ ਸੀ। ਉਨ੍ਹਾਂ ਜਦ ਮੌਕੇ 'ਤੇ ਪਹੁੰਚ ਕੇ ਕੁਲਵਿੰਦਰ ਸਿੰਘ ਦੇ ਫੋਨ 'ਤੇ ਕਲ ਕੀਤੀ ਤਾਂ ਉਸ ਦੇ ਮੋਬਾਇਲ ਦੀ ਘੰਟੀ ਏਜੰਸੀ ਦੇ ਅੰਦਰੋਂ ਸੁਣਾਈ ਦਿੱਤੀ। ਬਾਅਦ 'ਚ ਚੌਕੀਦਾਰ ਨੂੰ ਕਹਿ ਕੇ ਜਦ ਉਨ੍ਹਾਂ ਤਾਲਾ ਖੁੱਲ੍ਹਵਾ ਕੇ ਵੇਖਿਆ ਤਾਂ ਏਜੰਸੀ ਅੰਦਰ ਕੁਲਵਿੰਦਰ ਸਿੰਘ ਫਾਹ ਨਾਲ ਲਟਕ ਰਿਹਾ ਸੀ। ਉਸ ਨੇ ਆਪਣੀ ਪਗੜੀ ਨਾਲ ਹੀ ਫਾਹ ਲਾ ਕੇ ਖੁਦਕੁਸ਼ੀ ਕਰ ਲਈ ਸੀ।
ਜਾਣਕਾਰੀ ਮਿਲਣ 'ਤੇ ਚੌਕੀ ਵਰਧਮਾਨ ਇੰਚਾਰਜ ਗਣੇਸ਼ਵਰ ਦੱਤ ਵੀ ਮੌਕੇ 'ਤੇ ਪੁੱਜੇ। ਪੁਲਸ ਪੜਤਾਲ ਦੌਰਾਨ ਕੁਲਵਿੰਦਰ ਸਿੰਘ ਕੋਲੋਂ ਇਕ ਸੁਸਾਇਡ ਨੋਟ ਬਰਾਮਦ ਕੀਤਾ ਗਿਆ, ਜਿਸ 'ਚ ਉਹ ਆਪਣੀ ਮੌਤ ਲਈ ਆਪਣੇ ਹੀ ਇਕ ਸਹਿਕਰਮੀ ਮਕੈਨਿਕ ਲਖਵੀਰ ਸਿੰਘ ਵਾਸੀ ਸਿਵਿਆ ਨੂੰ ਆਪਣੀ ਮੌਤ ਲਈ ਜਿੰਮੇਵਾਰ ਦੱਸਿਆ ਹੈ। ਉਸ ਨੇ ਲਿਖਿਆ ਕਿ ਉਕਤ ਦੋਸ਼ੀ ਉਸਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ। ਜ਼ਿਆਦਾਤਰ ਉਸ ਨਾਲ ਉਲਝਦਾ ਸੀ ਤੇ ਬੀਤੇ ਦਿਨੀਂ ਉਸ ਨੇ ਉਸ ਨੂੰ ਥੱਪੜ ਤੱਕ ਮਾਰ ਦਿੱਤਾ ਸੀ। ਇਸ ਕਰਕੇ ਉਹ ਪ੍ਰੇਸ਼ਾਨ ਸੀ ਤੇ ਇਸੇ ਪ੍ਰੇਸ਼ਾਨੀ 'ਚ ਉਸ ਨੇ ਖੁਦਕੁਸ਼ੀ ਦਾ ਰਾਸਤਾ ਅਪਣਾਇਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਲਖਵੀਰ ਸਿੰਘ ਖਿਲਾਫ਼ ਮਰਨ ਨੂੰ ਮਜਬੂਰ ਕਰਨ ਦੇ ਦੋਸ਼ 'ਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

KamalJeet Singh

Content Editor

Related News