ਵਾਹ ਨੀ ਸਰਕਾਰੇ! ਵਰਦੀਆਂ ਨੂੰ ਤਰਸਣ ਸਕੂਲੀ ਬਾਲ ਵਿਚਾਰੇ

11/15/2018 12:54:13 AM

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)- ਇਕ ਪਾਸੇ ਬੱਚਿਆਂ ਦੇ ਦਿਨ ਵਜੋਂ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਤੇ ਦੂਜੇ-ਪਾਸੇ ਸਰਕਾਰੀ ਸਕੂਲਾਂ ਵਿਚ ਪਡ਼੍ਹ ਰਹੇ ਬੱਚੇ  ਵਰਦੀਆਂ ਨੂੰ ਤਰਸ ਰਹੇ ਹਨ। ਪੰਜਾਬ ਸਰਕਾਰ ਤੇ ਇਸ ਦਾ ਸਿੱਖਿਆ ਵਿਭਾਗ ਜੋ ਕਿ ਸਰਕਾਰੀ ਸਕੂਲਾਂ ਅੰਦਰ ਸੁਧਾਰ ਲਿਆਉਣ ਤੇ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਦਾਅਵੇ  ਕਰਦਾ ਨਹੀਂ ਥੱਕਦਾ। ਅਜੇ ਤੱਕ ਬੱਚਿਆਂ ਨੂੰ ਵਰਦੀਆਂ ਮੁਹੱਈਆਂ ਨਹੀਂ ਕਰਵਾ ਸਕਿਆ। ਜਦਕਿ ਸਰਦ ਰੁੱਤ ਵੀ ਸ਼ੁਰੂ ਹੋ ਚੁੱਕੀ ਹੈ।  ‘ਜਗ ਬਾਣੀ’ ਨੂੰ ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਪਹਿਲੀ ਤੋਂ ਲੈ ਕੇ ਅੱਠਵੀਂ ਤੱਕ 15 ਲੱਖ ਬੱਚੇ ਪਡ਼੍ਹ  ਰਹੇ ਹਨ। ਜਿਨ੍ਹਾਂ  ਵਿਚੋਂ ਪ੍ਰਾਇਮਰੀ ’ਚ ਪਡ਼੍ਹਣ ਵਾਲੇ ਬਹੁਤਿਆਂ ਬੱਚਿਆਂ ਨੂੰ ਵਰਦੀ ਲਈ  400 ਰੁਪਏ ਪ੍ਰਤੀ ਬੱਚਾ ਫੰਡ ਮਿਲ ਚੁੱਕਿਆ ਹੈ। ਜਦੋਂ ਕਿ ਬਹੁਤੇ ਅਜੇ ਵੀ ਸਰਕਾਰ ਵਲੋਂ ਵਰਦੀਆਂ ਲਈ ਫੰਡ ਮਿਲਣ ਦੀ ਆਸ  ਲਾਈ ਬੈਠੇ ਹਨ।  ਜਾਣਕਾਰੀ ਮੁਤਾਬਿਕ ਸੂਬਾ ਸਰਕਾਰ ਦੇ ਖਜ਼ਾਨੇ ਦੇ ਮੰਦਡ਼ੇ ਹਾਲਾਤ ਦੀ ਗਾਜ ਵੀ ਇਨ੍ਹਾਂ ਗਰੀਬ ਤੇ ਲੋਡ਼ਵੰਦ ਬੱਚਿਆਂ ’ਤੇ ਡਿੱਗੀ ਹੋਈ ਹੈ। ਜਿਸ ਕਾਰਨ ਸਰਦੀਆਂ ਸ਼ੁਰੂ ਹੋਣ ’ਤੇ ਵੀ ਇਨ੍ਹਾਂ  ਨੂੰ ਵਰਦੀਆਂ ਲਈ ਗ੍ਰਾਂਟਾਂ ਜਾਰੀ ਨਹੀਂ ਹੋਈਆਂ। 
  70,685 ਬੱਚੇ ਵਰਦੀਆਂ ਦੀ ਉਡੀਕ ’ਚ 
 ®ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਰਦੀਆਂ ਲਈ ਫੰਡ ਮੁਹੱਈਆ ਨਾ ਹਣ ਦੇ ਮਾਮਲੇ ਵਿਚ  ਜ਼ਿਲਾ ਸੰਗਰੂਰ ਵੀ ਮੋਹਰੀ ਹੈ। ਜਿਥੇ  ਜ਼ਿਲੇ  ਅੰਦਰ 1027 ਸਕੂਲਾਂ ਵਿਚ ਪਡ਼੍ਹ ਰਹੇ  70686 ਬੱਚੇ ਅਜੇ ਵੀ ਵਰਦੀਆਂ ਲਈ ਮਿਲਣ ਵਾਲੇ ਫੰਡ ਤੋਂ ਵਾਂਝੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ  ਸਕੂਲਾਂ ਵਿਚ ਪਡ਼੍ਹਣ ਵਾਲੀਆਂ  40441 ਲਡ਼ਕੀਆਂ, 26863 ਐੱਸ. ਸੀ. ਵਰਗ ਨਾਲ  ਸਬੰਧਤ ਲਡ਼ਕੇ ਅਤੇ 3381 ਬੀ. ਪੀ. ਐੱਲ ਪਰਿਵਾਰਾਂ ਦੇ ਲਡ਼ਕਿਆਂ ਨੂੰ ਹਾਲੇ ਤੱਕ ਵਰਦੀਆਂ ਲਈ ਮਿਲਣ ਵਾਲਾ 400 ਰੁ. ਪ੍ਰਤੀ ਬੱਚਾ ਰੁਪਏ ਨਹੀਂ ਮਿਲੇ। 
ਪਿਛਲੇ ਵਰ੍ਹੇ ਵੀ  ਬੱਚੇ ਰਹੇ ਫੰਡ ਤੋਂ ਵਾਂਝੇ 
 ®ਇਸ ਸਾਲ  ਜ਼ਿਲਾ  ਸੰਗਰੂਰ ਦੇ ਸਰਕਾਰੀ ਸਕੂਲਾਂ ’ਚ ਪਡ਼੍ਹਣ ਵਾਲੇ  ਲੋਡ਼ਵੰਦ ਤੇ ਗਰੀਬ ਬੱਚਿਆਂ ਨੂੰ ਵਰਦੀ ਲਈ ਫੰਡ ਮੁਹੱਈਆ ਨਹੀਂ ਹੋਏ ਜਦੋਂ ਕਿ ਪਿਛਲੇ ਵਰ੍ਹੇ ਵੀ  ਜ਼ਿਲੇ  ਦੇ 6ਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਬੱਚੇ ਵਰਦੀਆਂ ਤੋਂ ਵਾਂਝੇ ਹੀ ਰਹੇ। 
ਵਰਦੀ ਲਈ ਮਿਲਦੇ ਨੇ ਸਿਰਫ 400 ਰੁਪਏ
 ® ਮਹਿੰਗਾਈ ਦੇ ਸਮੇਂ ਵਿਚ ਸਰਕਾਰ ਵਲੋਂ ਸਿਰਫ 400 ਰੁਪਏ ਪ੍ਰਤੀ ਬੱਚਾ ਪੂਰੀ ਯੂਨੀਫਾਰਮ ਲਈ ਦਿੱਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ  400 ਰੁਪਏ ਵਿਚ ਹੀ ਬੱਚੇ ਦੀ ਪੈਂਟ-ਕਮੀਜ, ਜੁਰਾਬਾਂ, ਬੂਟ, ਸਵੈਟਰ, ਪਟਕਾ ਜਾਂ ਟੋਪੀ ਤੇ ਸਵੈਟਰ ਸ਼ਾਮਲ ਹਨ। ਜਦੋਂ ਕਿ ਲਡ਼ਕੀਆਂ ਲਈ ਸਲਵਾਰ ਕਮੀਜ, ਚੁੰਨੀ, ਸਵੈਟਰ ਤੇ ਬੂਟ, ਜੁਰਾਬਾਂ ਹਨ ਅਤੇ ਯੂਨੀਫਾਰਮ ਦੀ ਸਿਲਾਈ ਵੀ ਇਸੇ 400 ਰੁਪਏ ਵਿਚ ਸ਼ਾਮਲ ਹੈ। ਐਨੀ ਮਹਿੰਗਾਈ ’ਚ ਵਰਦੀਆਂ ਲਈ ਸਿਰਫ 400 ਰੁਪਏ ’ਤੇ ਉਹ ਵੀ ਸਰਕਾਰ ਵਲੋਂ ਸਮੇਂ ਸਿਰ ਮੁਹੱਈਆ ਨਹੀਂ ਕਰਵਾਏ ਜਾ ਰਹੇ। 
ਸਰਕਾਰ ਬੱਚਿਆਂ ਤੋਂ ਸਹੂਲਤਾਂ ਚਾਹੁੰਦੀ ਹੈ ਖੋਹਣਾ ; ਐੱਮ. ਐੱਲ. ਏ 
  ਵਰਦੀਆਂ ਨਾ ਮਿਲਣ ਦੇ ਮਾਮਲੇ  ਸਬੰਧੀ ਵਿਰੋਧੀ ਧਿਰ ਦੇ ਨੇਤਾ  ਹਰਪਾਲ ਸਿੰਘ ਚੀਮਾ ਨੇ ਇਸ ਨੂੰ ਕਾਂਗਰਸ ਸਰਕਾਰ ਦੀ ਨਲਾਇਕੀ ਕਰਾਰ ਦਿੰਦਿਆਂ ਕਿਹਾ ਕਿ ਇਸ ਸਰਕਾਰ ਦੀ ਅਸਲ ਮਨਸਾ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੀ ਹੈ ਕਿਉਂਕਿ ਉਸ ਨੂੰ ਡਰ ਹੈ ਕਿ ਕਿਤੇ ਗਰੀਬ ਦੇ ਬੱਚੇ ਪਡ਼੍ਹ ਨਾ ਜਾਣ। ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਪਹਿਲਾਂ ਬੱਚਿਆਂ ਨੂੰ ਮਿਲਣ ਵਾਲੀ ਸਕਾਲਰਸ਼ਿਪ ਦੱਬੀ ਬੈਠੀ ਹੈ ਤੇ ਹੁਣ ਵਰਦੀਆਂ ਦੇ ਫੰਡ ਜਾਰੀ ਕਰਨ ’ਚ ਜਾਣ ਬੁੱਝ ਕੇ ਦੇਰੀ ਕਰ ਰਹੀ ਹੈ। ਉਨ੍ਹਾਂ  ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਜ਼ਿਆਦਾਤਰ ਗਰੀਬ ਅਤੇ ਦਲਿਤਾਂ ਦੇ ਹੀ ਬੱਚੇ ਪਡ਼੍ਹਦੇ ਹਨ ਤੇ ਸਰਕਾਰ ਦੀ ਗਲਤ ਨੀਤੀਆਂ ਕਾਰਨ  ਉਨ੍ਹਾਂ  ਨੂੰ ਸਰਦੀਆਂ ਸ਼ੁਰੂ ਹੋ ਜਾਣ ਤੇ ਅਜੇ ਤੱਕ ਵੀ ਵਰਦੀਆਂ ਲਈ ਫੰਡ ਨਹੀਂ ਮਿਲਿਆ। 
ਕੀ ਕਹਿਣੈ ਡੀ. ਓ. ਐਲੀਮੈਂਟਰੀ ਦਾ 
 ®ਜਦੋਂ ਇਸ ਸਬੰਧੀ  ਜ਼ਿਲਾ ਸੰਗਰੂਰ ਦੇ ਸਿੱਖਿਆ ਅਧਿਕਾਰੀ (ਐ.) ਮੁਕੇਸ਼ ਚੰਦਰ ਜੋਸ਼ੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਅਜੇ ਤੱਥ  ਜ਼ਿਲੇ  ਦੇ ਸਕੂਲਾਂ ’ਚ ਪਡ਼੍ਹਣ ਵਾਲੇ  ਵਿਦਿਆਰਥੀਆਂ ਨੂੰ ਵਰਦੀਆਂ ਲਈ ਫੰਡ ਨਹੀਂ ਆਏ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਉਕਤ ਫੰਡ ਸਿੱਧੇ ਵਿਦਿਆਰਥੀਆਂ ਦੇ ਖਾਤੇ ਵਿਚ ਹੀ ਆਉਣਗੇ। ਵਿਭਾਗ ਦੀਆਂ ਹਦਾਇਤਾਂ ਅਨੁਸਾਰ  ਜ਼ਿਲੇ  ਦੇ ਵਿਦਿਆਰਥੀਆਂ ਜਿਨ੍ਹਾਂ ਨੂੰ ਵਰਦੀਆਂ ਲਈ ਫੰਡ ਮਿਲਣੇ ਹਨ ਉਨ੍ਹਾਂ  ਦੇ ਖਾਤਿਆਂ  ਸਬੰਧੀ ਜਾਣਕਾਰੀ ਵਿਭਾਗ ਨੂੰ ਭੇਜ ਦਿੱਤੀ ਗਈ ਹੈ। 


Related News