ਕੋਟਕਪੂਰਾ ''ਚ ਭਿਆਨਕ ਹਾਦਸਾ: ਬੱਸ ਡਰਾਈਵਰ ਨੂੰ ਪਿਆ ਦੌਰਾ, ਆਹਮੋ-ਸਾਹਮਣੇ ਭਿੜੀਆਂ ਦੋ ਬੱਸਾਂ
Friday, Apr 10, 2026 - 10:58 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ) : ਸਥਾਨਕ ਸ਼ਹਿਰ ਦੇ ਨਵੇਂ ਬੱਸ ਸਟੈਂਡ ਨੇੜੇ ਇੱਕ ਬੱਸ ਦੇ ਚਾਲਕ ਨੂੰ ਦੌਰਾ ਪੈਣ (ਚੱਕਰ ਆਉਣ) ਕਾਰਨ ਨਿੱਜੀ ਕੰਪਨੀਆਂ ਦੀਆਂ ਦੋ ਬੱਸਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਹਾਦਸਾ ਵੱਡਾ ਹੋਣ ਦੇ ਬਾਵਜੂਦ ਖੁਸ਼ਕਿਸਮਤੀ ਇਹ ਰਹੀ ਕਿ ਦੋਵਾਂ ਬੱਸਾਂ ਵਿੱਚ ਸਵਾਰ ਸਾਰੀਆਂ ਸਵਾਰੀਆਂ ਅਤੇ ਇਨ੍ਹਾਂ ਕੋਲੋਂ ਲੰਘ ਰਹੇ ਹੋਣ ਵਾਹਨਾਂ ਦੇ ਚਾਲਕਾਂ ਦਾ ਪੂਰੀ ਤਰ੍ਹਾਂ ਬਚਾਅ ਹੋ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ 6:15 ਵਜੇ ਦੇ ਕਰੀਬ ਫਰੀਦਕੋਟ ਤੋਂ ਬਠਿੰਡਾ ਜਾ ਰਹੀ ਨਿਊ ਦੀਪ ਕੰਪਨੀ ਦੀ ਬੱਸ ਜਦੋਂ ਕੋਟਕਪੂਰਾ ਦੇ ਨਵੇਂ ਬੱਸ ਸਟੈਂਡ ਨੇੜੇ ਦਸਮੇਸ਼ ਮਾਰਕੀਟ ਦੇ ਸਾਹਮਣੇ ਪਹੁੰਚੀ ਤਾਂ ਡਰਾਈਵਰ ਕਰਨੈਲ ਸਿੰਘ ਨੂੰ ਅਚਾਨਕ ਦੌਰਾ ਪੈ ਗਿਆ, ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਬੱਸ ਪਹਿਲਾਂ ਇੱਕ ਕਾਰ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਸਾਹਮਣੇ ਤੋਂ ਆ ਰਹੀ ਜੀ.ਐਨ.ਟੀ ਕੰਪਨੀ ਦੀ ਬੱਸ ਨਾਲ ਜਾ ਟਕਰਾਈ। ਦੋ ਬੱਸਾਂ ਵਿਚਕਾਰ ਵਾਪਰੇ ਆਹਮੋ-ਸਾਹਮਣੇ ਹਾਦਸੇ ਤੋਂ ਬਾਅਦ ਮੌਕੇ 'ਤੇ ਇਕੱਤਰ ਲੋਕਾਂ ਵੱਲੋਂ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਅਤੇ ਦੌਰਾ ਪੈਣ ਕਾਰਨ ਜ਼ਖਮੀ ਹੋਏ ਡਰਾਈਵਰ ਨੂੰ ਤੁਰੰਤ ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਖੰਨਾ 'ਚ ਇਮਾਰਤ ਢਾਹੁਣ ਵੇਲੇ ਡਿੱਗਿਆ ਲੈਂਟਰ, ਮਲਬੇ ਹੇਠ ਦੱਬਿਆ ਮਜ਼ਦੂਰ
ਇਸ ਸਬੰਧ ਵਿੱਚ ਨਿਊ ਦੀਪ ਬੱਸ ਵਿੱਚ ਸਵਾਰ ਇਕ ਯਾਤਰੀ ਗੋਰਾ ਸਿੰਘ ਨੇ ਦੱਸਿਆ ਕਿ ਡਰਾਈਵਰ ਨੂੰ ਅਚਾਨਕ ਦੌਰਾ ਪੈਣ ਕਾਰਨ ਇਹ ਹਾਦਸਾ ਵਾਪਰਿਆ। ਦੂਜੀ ਬੱਸ ਦੇ ਡਰਾਈਵਰ ਹਰਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹ ਬੱਸ ਸਟੈਂਡ ਤੋਂ ਬਾਹਰ ਨਿਕਲੇ ਤਾਂ ਸਾਹਮਣੇ ਤੋਂ ਆ ਰਹੀ ਇਹ ਬੱਸ ਉਨ੍ਹਾਂ ਦੀ ਬੱਸ ਨਾਲ ਆ ਕੇ ਟਕਰਾਅ ਗਈ। ਮੌਕੇ 'ਤੇ ਇਕੱਤਰ ਕੁੱਝ ਲੋਕਾਂ ਨੇ ਦੱਸਿਆ ਕਿ ਦੋਵਾਂ ਬੱਸਾਂ ਦੀ ਰਫ਼ਤਾਰ ਜ਼ਿਆਦਾ ਨਾ ਹੋਣ ਕਾਰਨ ਸਵਾਰੀਆਂ ਦਾ ਬਚਾਅ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਸਿਟੀ ਟਰੈਫਿਕ ਪੁਲਸ ਦੇ ਇੰਚਾਰਜ ਏ. ਐਸ. ਆਈ ਹਰਪਾਲ ਸਿੰਘ ਸਮੇਤ ਟੀਮ ਮੌਕੇ 'ਤੇ ਪੁੱਜੇ ਅਤੇ ਭਾਰੀ ਆਵਾਜਾਈ ਵਾਲੀ ਇਸ ਸੜਕ 'ਤੇ ਟਰੈਫਿਕ ਨੂੰ ਪਹਿਲ ਦੇ ਆਧਾਰ 'ਤੇ ਚਾਲੂ ਕਰਵਾਇਆ। ਇਸ ਦੌਰਾਨ ਟਰੈਫਿਕ ਇੰਚਾਰਜ ਹਰਪਾਲ ਸਿੰਘ ਅਤੇ ਮੌਕੇ 'ਤੇ ਪੁੱਜੀ ਪੁਲਸ ਦੀ ਟੀਮ ਨੇ ਦੱਸਿਆ ਕਿ ਟਰੈਫਿਕ ਨੂੰ ਬਹਾਲ ਕਰਵਾ ਦਿੱਤਾ ਗਿਆ ਹੈ ਅਤੇ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
