ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ, ਪਰਿਵਾਰ ਦਾ ਦੋਸ਼-ਡਾਕਟਰ ਨੇ ਲਾਇਆ ਗਲਤ ਇੰਜੈਕਸ਼ਨ
Sunday, Apr 17, 2022 - 09:43 AM (IST)
ਲੁਧਿਆਣਾ (ਜ. ਬ.) : ਇਸਲਾਮਗੰਜ ਦੀ ਰਹਿਣ ਵਾਲੀ ਇਕ ਔਰਤ ਦੀ ਸਵੇਰੇ ਅਚਾਨਕ ਸਿਹਤ ਵਿਗੜ ਗਈ। ਪਰਿਵਾਰ ਵਾਲੇ ਉਸ ਨੂੰ ਨੇੜੇ ਦੇ ਇਕ ਡਾਕਟਰ ਦੇ ਕਲੀਨਿਕ ’ਤੇ ਲੈ ਗਏ, ਜਿਥੇ ਡਾਕਟਰ ਨੇ ਔਰਤ ਨੂੰ ਇੰਜੈਕਸ਼ਨ ਲਾ ਲਿਆ ਪਰ ਇੰਜੈਕਸ਼ਨ ਲੱਗਣ ਤੋਂ ਕੁਝ ਮਿੰਟਾਂ ਬਾਅਦ ਔਰਤ ਦੀ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ ਡਾਕਟਰ ਵੱਲੋਂ ਗਲਤ ਇੰਜੈਕਸ਼ਨ ਲਾਉਣ ਕਾਰਨ ਔਰਤ ਦੀ ਮੌਤ ਹੋਈ ਹੈ। ਪਰਿਵਾਰ ਦੇ ਹੰਗਾਮਾ ਕਰਨ ’ਤੇ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਪੁੱਜੀ। ਮ੍ਰਿਤਕ ਮੀਰਾ ਦੇਵੀ (45) ਹੈ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ’ਚ ਰੱਖਵਾ ਦਿੱਤੀ ਹੈ। ਪੁਲਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ : ਬਠਿੰਡਾ: ਪੁਲਸ ਦੀ ਵਰਦੀ 'ਚ ਆਏ ਵਿਅਕਤੀਆਂ ਨੇ ਅਗਵਾ ਕੀਤੇ 2 ਨੌਜਵਾਨ, ਫਿਰ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ
ਜਾਣਕਾਰੀ ਦਿੰਦੇ ਹੋਏ ਰਾਹੁਲ ਨੇ ਦੱਸਿਆ ਕਿ ਉਹ ਇਸਲਾਮਗੰਜ ਵਿਚ ਰਹਿੰਦੇ ਹਨ। ਮ੍ਰਿਤਕ ਮੀਰਾ ਦੇਵੀ ਉਸ ਦੀ ਤਾਈ ਹੈ, ਜਦੋਂਕਿ ਉਸ ਦੇ ਤਾਇਆ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਤਾਇਆ-ਤਾਈ ਦਾ ਹੁਣ ਸਿਰਫ ਇਕ 8 ਸਾਲ ਦਾ ਬੇਟਾ ਹੈ। ਰਾਹੁਲ ਦਾ ਕਹਿਣਾ ਹੈ ਕਿ ਸਵੇਰੇ ਅਚਾਨਕ ਤਾਈ ਨੂੰ ਘਬਰਾਹਟ ਹੋਣ ਲੱਗ ਗਈ ਸੀ। ਇਸ ਲਈ ਉਹ ਤਾਈ ਨੂੰ ਕੂਚਾ ਨੰਬਰ 12 ਸਥਿਤ ਇਕ ਡਾਕਟਰ ਦੀ ਕਲੀਨਿਕ ’ਤੇ ਲੈ ਗਏ ਸਨ, ਜਿਥੇ ਉਨ੍ਹਾਂ ਨੇ ਡਾਕਟਰ ਨੂੰ ਦਵਾਈ ਦੇਣ ਲਈ ਕਿਹਾ ਸੀ ਪਰ ਡਾਕਟਰ ਨੇ ਜਲਦ ਆਰਾਮ ਆਉਣ ਦੀ ਗੱਲ ਕਹਿ ਕੇ ਉਸ ਦੀ ਤਾਈ ਨੂੰ ਇੰਜੈਕਸ਼ਨ ਲਾ ਦਿੱਤਾ।
ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ
ਇੰਜੈਕਸ਼ਨ ਲੱਗਦੇ ਹੀ ਉਸ ਦੀ ਤਾਈ ਦੀ ਸਿਹਤ ਜ਼ਿਆਦਾ ਵਿਗੜਨ ਲੱਗ ਗਈ ਸੀ। ਇਸ ਲਈ ਉਹ ਉਥੋਂ ਤਾਈ ਨੂੰ ਸਿਵਲ ਹਸਪਤਾਲ ਲੈ ਗਏ ਸਨ। ਜਿਥੇ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ। ਡਾਕਟਰਾਂ ਨੇ ਦੇਖਦੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਹੁਲ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਡਾਕਟਰ ਵੱਲੋਂ ਗਲਤ ਇੰਜੈਕਸ਼ਨ ਲਾਇਆ ਗਿਆ ਸੀ, ਜਿਸ ਕਾਰਨ ਉਸ ਦੀ ਤਾਈ ਦੀ ਮੌਤ ਹੋਈ ਹੈ। ਉਧਰ, ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਐਤਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ