ਪੁਲਸ ਨੂੰ ਰਿਸ਼ਵਤ ਦੇ ਕੇਸ ’ਚ ਜੇਲ ਪਹੁੰਚਾਉਣ ਵਾਲੀ ਔਰਤ ਖੁਦ 2 ਕੁਇੰਟਲ ਡੋਡਾ ਪੋਸਤ ਸਣੇ ਕਾਬੂ

08/23/2019 2:09:42 AM

ਜਲਾਲਾਬਾਦ, (ਸੇਤੀਆ, ਸੁਮਿਤ)- ਬੀਤੇ ਦਿਨੀ ਥਾਣਾ ਅਮੀਰ ਖਾਸ ਦੇ ਐੱਸ.ਐੱਚ.ਓ. ਅਤੇ ਏ.ਐੱਸ.ਆਈ. ਨੂੰ ਰਿਸ਼ਵਤ ਮੰਗਣ ਦੇ ਕੇਸ ਵਿਚ ਜੇਲ ਪਹੁੰਚਾਉਣ ਸਬੰਧੀ ਸੋਸ਼ਲ ਮੀਡੀਆ ’ਤੇ ਚਰਚਾ ਵਿਚ ਆਈ ਔਰਤ ਨੂੰ ਹੁਣ ਥਾਣਾ ਵੈਰੋਕਾ ਦੀ ਪੁਲਸ ਨੇ ਸੂਚਨਾ ਦੇ ਆਧਾਰ ਦੇ ਨਾਕੇਬੰਦੀ ਦੌਰਾਨ ਕਾਰ ਸਮੇਤ 2 ਕੁਇੰਟਲ ਚੂਰਾ-ਪੋਸਤ ਸਣੇ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਉਸ ਦੇ ਜੇਠ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਬਿਮਲਾ ਰਾਣੀ ਉਰਫ ਮੋਨਿਕਾ ਪੁੱਤਰੀ ਜਰਨੈਲ ਸਿੰਘ, ਲਖਵਿੰਦਰ ਸਿੰਘ ਉਰਫ ਲੱਖਾ ਅਤੇ ਮੱਖਣ ਸਿੰਘ ਪੁੱਤਰਾਨ ਰਜਿੰਦਰ ਸਿੰਘ ਵਾਸੀ ਸੋਹਨਗਡ਼੍ਹ ਰੱਤੇਵਾਲਾ (ਥਾਣਾ ਗੁਰੂਹਰਸਹਾਏ) ਖਿਲਾਫ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਮੈਡਮ ਰਮਨਜੀਤ ਕੌਰ ਨੇ ਦੱਸਿਆ ਕਿ ਸਹਾਇਕ ਥਾਣਾ ਮੁਖੀ ਮੇਜਰ ਸਿੰਘ ਵੱਲੋਂ ਮੀਨਿਆ ਵਾਲੀ ਨਹਿਰ ਦੇ ਨੇਡ਼ੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਸੂਚਨਾ ਮਿਲਣ ’ਤੇ ਇਕ ਕਾਰ ਜੋ ਕਿ ਮੁਲਜ਼ਮਾਂ ਦੀ ਰੇਕਿਗ ਕਰਦੀ ਹੋਈ ਅੱਗੇ ਚੱਲਦੀ ਆ ਰਹੀ ਸੀ ਕਿ ਪੁਲ ਦੇ ਨਜ਼ਦੀਕ ਨਾਕੇਬੰਦੀ ਨੂੰ ਦੇਖ ਰੇਕਿੰਗ ਕਰ ਰਹੀ ਕਾਰ ਦੇ ਚਾਲਕ ਨੇ ਕਾਰ ਨੂੰ ਪਿੱਛੇ ਮੋਡ਼ ਲਿਆ ਅਤੇ ਪਿੱਛੇ ਮੁਡ਼ਦਿਆਂ ਸਾਰ ਹੀ ਦੂਸਰੀ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਕਾਰ ’ਚ ਸਵਾਰ ਔਰਤ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿੰਨ੍ਹਾਂ ਕੋਲੋਂ ਕਾਰ ’ਚ 2 ਕਵਿੰਟਲ 20-20 ਕਿਲੋ ਦੇ 10 ਗੱਟੇ ਬਰਾਮਦ ਹੋਏ ਹਨ ਅਤੇ ਗੱਟੇ ਖੋਲਣ ’ਤੇ ਪਤਾ ਲੱਗਿਆ ਕਿ ਉਸ ’ਚ ਡੋਡਾ ਪੋਸਤ ਸੀ ਅਤੇ ਜਿਸ ਤੋਂ ਬਾਅਦ ਉੱਚ ਅਫਸਰਾਂ ਦੇ ਧਿਆਨ ਵਿਚ ਮਾਮਲਾ ਧਿਆਨ ਵਿਚ ਲਿਆ ਕੇ ਦਰਜ ਕੀਤਾ ਗਿਆ।

ਕੀ ਹੈ ਮਾਮਲਾ

ਇਥੇ ਦੱਸਣਯੋਗ ਹੈ ਕਿ ਥਾਣਾ ਅਮੀਰ ਖਾਸ ਨੇ ਮਿਤੀ 9 ਅਗਸਤ ਨੂੰ ਮੁਕੱਦਮਾ ਨੰਬਰ-54, ਧਾਰਾ 15-61-85 ਅਧੀਨ ਸ਼ਵਿੰਦਰ ਸਿੰਘ ਵਾਸੀ ਸੋਹਨਗਡ਼੍ਹ ਰੱਤੇਵਾਲਾ ਵਗੈਰਾ ਦੇ ਖਿਲਾਫ ਦਰਜ ਕੀਤਾ ਸੀ ਜਿੰਨ੍ਹਾਂ ਕੋਲੋਂ ਡੇਡ਼੍ਹ ਕਵਿੰਟਲ ਡੋਡਾ ਪੋਸਤ ਅਤੇ ਤਿੰਨ ਕਾਰਾਂ ਬਰਾਮਦ ਹੋਈਆਂ ਸਨ ਅਤੇ ਇਸ ਕੇਸ ਨੂੰ ਲੈ ਕੇ ਦੋਸ਼ੀਆਂ ਦੇ ਨਾਅ ਕੱਢਣ ਨੂੰ ਲੈ ਕੇ ਉਕਤ ਔਰਤ ਦੀ ਇਕ ਆਡਿਓ ਥਾਣਾ ਅਮੀਰਖਾਸ ਮੁਖੀ ਅਤੇ ਜਾਂਚ ਅਧਿਕਾਰੀ ਨਾਲ ਗੱਲਬਾਤ ਕਰਦਿਆਂ ਵਾਇਰਲ ਹੋਈ ਸੀ ਜਿਸ ਵਿਚ ਰਿਸ਼ਵਤ ਦੇ ਕੇ ਉਕਤ ਨਾਮਜਦ ਔਰਤ ਬਿਮਲਾ ਰਾਣੀ ਉਰਫ ਮੋਨਿਕਾ ਵੱਲੋਂ ਆਪਣੀ ਭੂਆ ਦੇ ਪੁੱਤਰ ਨੂੰ ਨਸ਼ਾ ਤਸਕਰੀ ਦੇ ਮਾਮਲੇ ’ਚ ਕੱਢਣ ਦੀ ਗੱਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਜ਼ਿਲਾ ਪੁਲਸ ਕਪਤਾਨ ਭੁਪਿੰਦਰ ਸਿੰਘ ਵੱਲੋਂ ਜਾਂਚ ਤੋਂ ਬਾਅਦ ਉਕਤ ਪੁਲਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਕਤ ਔਰਤ ਨੂੰ ਇਸ ਮਾਮਲੇ ਵਿਚ ਮੁੱਦਈ ਵੀ ਬਣਾਇਆ ਗਿਆ।

ਪਰ ਦੂਜੇ ਪਾਸੇ ਉਕਤ ਔਰਤ ਹੀ ਬੀਤੀ 21 ਅਗਸਤ ਨੂੰ ਡੋਡਾ ਪੋਸਤ ਤਸਕਰੀ ਦੇ ਮਾਮਲੇ ਵਿਚ ਆਪਣੇ ਜੇਠ ਸਮੇਤ ਪੁਲਸ ਵੱਲੋਂ ਗ੍ਰਿਫਤਾਰ ਕੀਤੀ ਗਈ ਜਿਸਨੂੰ ਵੀਰਵਾਰ ਨੂੰ ਬਾਅਦ ਦੁਪਿਹਰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ।


Bharat Thapa

Content Editor

Related News