ਪ੍ਰੇਮ ਜਾਲ ’ਚ ਫਸਾ ਕੇ ਵਿਧਵਾ ਔਰਤ ਨੂੰ ਦਿੱਤਾ ਵਿਆਹ ਦਾ ਝਾਂਸਾ, ਕਈ ਵਾਰ ਜਬਰ-ਜ਼ਨਾਹ

Wednesday, Jun 24, 2026 - 01:22 PM (IST)

ਪ੍ਰੇਮ ਜਾਲ ’ਚ ਫਸਾ ਕੇ ਵਿਧਵਾ ਔਰਤ ਨੂੰ ਦਿੱਤਾ ਵਿਆਹ ਦਾ ਝਾਂਸਾ, ਕਈ ਵਾਰ ਜਬਰ-ਜ਼ਨਾਹ

ਮੋਗਾ (ਆਜ਼ਾਦ) : ਮੋਗਾ ਦੇ ਵੀਜ਼ਾ ਕੰਸਲਟੈਂਟ ਦਫਤਰ ਵਿਚ ਕੰਮ ਕਰਦੀ ਰੂਪ ਨਗਰ ਨਿਵਾਸੀ ਇਕ ਵਿਧਵਾ ਔਰਤ ਨੇ ਮੋਗਾ ਦੇ ਇਕ ਵਿਅਕਤੀ ’ਤੇ ਉਸ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇਣ ਉਪਰੰਤ ਉਸ ਨਾਲ ਕਥਿਤ ਤੌਰ ’ਤੇ ਕਈ ਵਾਰ ਜਬਰ-ਜ਼ਨਾਹ ਕਰਨ ਤੋਂ ਇਲਾਵਾ ਲੱਖਾਂ ਰੁਪਏ ਹੜੱਪਣ ਦਾ ਦੋਸ਼ ਲਗਾਇਆ ਹੈ। ਇਸ ਸਬੰਧ ਵਿਚ ਰੂਪ ਨਗਰ ਪੁਲਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਮੋਗਾ ਪੁਲਸ ਨੇ ਪੀੜਤ ਵਿਧਵਾ ਔਰਤ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਚਰਨਜੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਰੂਪ ਨਗਰ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤ ਵਿਧਵਾ ਔਰਤ ਨੇ ਕਿਹਾ ਕਿ ਉਹ ਮੋਗਾ ਵਿਖੇ ਇਕ ਵੀਜ਼ਾ ਕੰਸਲਟੈਂਟ ਮੋਗਾ ਵਿਖੇ ਕੰਮ ਕਰਦੀ ਹੈ, ਉਸਦਾ ਵਿਆਹ 2005 ਵਿਚ ਉਸ ਦਾ ਵਿਆਹ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ ਸੀ ਅਤੇ ਮੇਰਾ ਇਕ ਬੇਟਾ ਹੈ। ਉਸ ਨੇ ਕਿਹਾ ਕਿ ਜਨਵਰੀ 2014 ਵਿਚ ਮੇਰੇ ਪਤੀ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਅਤੇ ਮੈਂ 2015 ਵਿਚ ਐੱਮ. ਏ. ਦੀ ਪੜ੍ਹਾਈ ਲਈ ਰੋਪੜ ਵਿਖੇ ਆ ਗਈ ਅਤੇ ਉਥੇ ਹੀ ਵੱਖ-ਵੱਖ ਅਦਾਰਿਆਂ ਵਿਚ ਨੌਕਰੀ ਕਰਦੀ ਰਹੀ। ਮੈਂ ਆਪਣੇ ਬੱਚੇ ਦੇ ਵਧੀਆ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦੀ ਸੀ। ਇਸ ਸਬੰਧ ਵਿਚ ਮੇਰੀ ਇਕ ਸਹੇਲੀ ਰਾਹੀਂ ਮੁਲਜ਼ਮ ਨਾਲ ਮੁਲਾਕਾਤ ਹੋਈ ਤਾਂ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਆਪਣਾ ਕਾਰੋਬਾਰ ਕਰ ਲਓ, ਤੁਹਾਨੂੰ ਵਿਦੇਸ਼ ਭੇਜਣ ਦਾ ਤਜਰਬਾ ਹੈ। ਮੈਂ ਉਸ ਦੇ ਝਾਂਸੇ ਵਿਚ ਆ ਗਈ ਅਤੇ ਮੋਗਾ ਵਿਖੇ ਵੀਜ਼ਾ ਕੰਸਲਟੈਂਟ ਦਫਤਰ ਖੋਲ੍ਹ ਲਿਆ। 

ਇਸੇ ਦੌਰਾਨ ਮੁਕੰਦ ਸਿੰਘ ਨੇ ਉਸ ਨੂੰ ਆਪਣੇ ਝਾਂਸੇ ਵਿਚ ਲੈ ਲਿਆ ਅਤੇ ਕਿਹਾ ਕਿ ਉਹ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਉਸਨੇ ਸਮੇਂ-ਸਮੇਂ ਸਿਰ ਮੇਰੇ ਕੋਲੋਂ ਮੋਟਰਸਾਈਕਲ, ਕਾਰ ਅਤੇ ਹੋਰ ਸਮਾਨ ਲਈ ਲੱਖਾਂ ਰੁਪਏ ਲੈ ਲਏ ਅਤੇ ਉਸ ਨੇ ਮੇਰੀ ਇੱਛਾ ਦੇ ਬਗੈਰ ਸਰੀਰਕ ਸਬੰਧ ਬਣਾਏ। ਉਸ ਨੇ ਕਿਹਾ ਕਿ ਮੈਂ ਆਪਣਾ ਘਰ ਬਣਾ ਕੇ ਹੀ ਵਿਆਹ ਕਰਵਾਵਾਂਗਾ। ਇਸ ਉਪਰੰਤ ਮੈਂ 2022 ਵਿਚ ਮੋਗਾ ਵਿਚ ਕੋਠੀ ਕਿਰਾਏ ’ਤੇ ਲੈ ਲਈ ਅਤੇ ਮੈਂ ਆਪਣੇ ਖਾਤੇ ਵਿਚੋਂ 6 ਲੱਖ ਰੁਪਏ ਮਾਲਕ ਦੇ ਖਾਤੇ ਵਿਚ ਪਾ ਦਿੱਤੇ ਪਰ ਇਸ ਉਪਰੰਤ ਵੀ ਉਹ ਮੈਂਨੂੰ ਲਾਰੇ ਲਗਾਉਂਦਾ ਰਿਹਾ। ਇਸ ਦੌਰਾਨ ਜਦੋਂ ਮੈਂ 2022 ਵਿਚ ਗਰਭਵਤੀ ਹੋ ਗਈ ਤਾਂ ਮੁਲਜ਼ਮ ਨੇ ਮੇਰੇ ’ਤੇ ਦਬਾਅ ਪਾਇਆ ਅਤੇ ਮੈਂ ਗਰਭਪਾਤ ਉਸ ਵੱਲੋਂ ਧਮਕਾਉਣ ਉਪਰੰਤ ਕਰਵਾ ਦਿੱਤਾ।

ਉਸ ਨੇ ਕਿਹਾ ਕਿ ਮੈਂ 2023 ਵਿਚ ਮੁਲਜ਼ਮ ਨੂੰ 18 ਲੱਖ ਰੁਪਏ ਖਰਚ ਕਰ ਕੇ ਮੋਗਾ ਵਿਖੇ ਕੋਠੀ ਵੀ ਲੈ ਕੇ ਦਿੱਤੀ ਪਰ ਉਸ ਨੇ ਮੇਰੇ ਨਾਲ ਵਿਆਹ ਨਹੀਂ ਕਰਵਾਇਆ ਅਤੇ ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਉਸ ਦੇ ਕਿਸੇ ਹੋਰ ਲੜਕੀ ਨਾਲ ਸਬੰਧ ਹਨ। ਉਸ ਨੇ ਮੇਰਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਵੀ ਕਬਜ਼ੇ ਵਿਚ ਲੈ ਲਏ। ਉਸਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਕਿਹਾ ਕਿ ਮੁਲਜ਼ਮ ਮੇਰਾ ਅਤੇ ਮੇਰੇ ਨਾਬਾਲਗ ਬੇਟੇ ਦਾ ਨੁਕਸਾਨ ਕਰ ਸਕਦਾ ਹੈ। ਮੁਲਜ਼ਮ  ਨੇ ਹੁਣ ਤੱਕ ਮੇਰੇ ਨਾਲ ਵੱਖ ਵੱਖ ਸਮਿਆਂ ਵਿਚ 63 ਲੱਖ 61 ਹਜ਼ਾਰ 797 ਰੁਪਏ ਹੜੱਪੇ ਹਨ।

ਜ਼ਿਲਾ ਪੁਲਸ ਮੁਖੀ ਦੇ ਆਦੇਸ਼ਾਂ ’ਤੇ ਇਸ ਦੀ ਜਾਂਚ ਐੱਸ. ਪੀ. ਸਬ ਡਵੀਜ਼ਨ ਰੂਪ ਨਗਰ ਵੱਲੋਂ ਕੀਤੀ ਗਈ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਵਿਧਵਾ ਔਰਤ ਦੇ ਦੋਸ਼ ਸਹੀ ਪਾਏ ਜਾਣ ’ਤੇ ਜ਼ਿਲਾ ਪੁਲਸ ਮੁਖੀ ਰੂਪ ਨਗਰ ਮੋਗਾ ਵੱਲੋਂ ਇਸ ਦੀ ਅਗਲੇਰੀ ਕਰਵਾਈ ਲਈ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਭੇਜਿਆ ਕਿਉਂਕਿ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਜ਼ਿਲਾ ਮੋਗਾ ਨਾਲ ਸਬੰਧਤ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਨੂੰਨੀ ਰਾਇ ਹਾਸਲ ਕਰਨ ਦੇ ਬਾਅਦ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ। ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਕਥਿਤ ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ। ਇਸ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਚਰਨਜੀਤ ਕੌਰ ਵਲੋਂ ਕੀਤੀ ਜਾ ਰਹੀ ਹੈ।


author

Gurminder Singh

Content Editor

Related News