ਔਰਤ ਮਿੱਤਰ ਤੋਂ ਤੰਗ ਆ ਕੇ ਨੌਜਵਾਨ ਵੱਲੋਂ ਖੁਦਕੁਸ਼ੀ

Thursday, Jun 11, 2026 - 03:54 PM (IST)

ਔਰਤ ਮਿੱਤਰ ਤੋਂ ਤੰਗ ਆ ਕੇ ਨੌਜਵਾਨ ਵੱਲੋਂ ਖੁਦਕੁਸ਼ੀ

ਮੋਗਾ (ਆਜ਼ਾਦ) : ਥਾਣਾ ਅਜੀਤਵਾਲ ਅਧੀਨ ਆਉਂਦੇ ਪਿੰਡ ਤਖਾਣਵੱਧ ਵਿਚ ਇਕ (27) ਸਾਲਾ ਨੌਜਵਾਨ ਵੱਲੋਂ ਆਪਣੀ ਔਰਤ ਮਿੱਤਰ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੀ ਔਰਤ ਮਿੱਤਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣਾ ਅਜੀਤਵਾਲ ਦੇ ਇੰਚਾਰਜ ਇੰਸਪੈਕਟਰ ਰਾਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਇਕ ਮਹਿਲਾ ਨਾਲ ਦੋਸਤੀ ਸੀ। ਦੋਸ਼ ਹੈ ਕਿ ਉਸ ਔਰਤ ਨੇ ਘਰੇਲੂ ਲੋੜਾਂ ਲਈ ਬਲਜਿੰਦਰ ਸਿੰਘ ਤੋਂ 2 ਲੱਖ ਰੁਪਏ ਉਧਾਰ ਲਏ ਹੋਏ ਸਨ ਪਰ ਹੁਣ ਉਹ ਰਕਮ ਵਾਪਸ ਕਰਨ ਤੋਂ ਟਾਲ-ਮਟੋਲ ਕਰ ਰਹੀ ਸੀ। ਉਸਨੇ ਦੱਸਿਆ ਕਿ ਜਦੋਂ ਉਸਦੇ ਪੁੱਤਰ ਨੇ ਕਈ ਵਾਰ ਪੈਸੇ ਵਾਪਸ ਮੰਗੇ ਤਾਂ ਔਰਤ ਨੇ ਉਸਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਪੈਸੇ ਮੰਗੇ ਤਾਂ ਉਹ ਉਸਦੇ ਖ਼ਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾ ਦੇਵੇਗੀ। ਇਸ ਕਾਰਨ ਬਲਜਿੰਦਰ ਸਿੰਘ ਮਾਨਸਿਕ ਤੌਰ ’ਤੇ ਪੇਸ਼ਾਨ ਰਹਿਣ ਲੱਗ ਪਿਆ।

ਅਖੀਰਕਾਰ ਇਸ ਤਣਾਅ ਤੋਂ ਤੰਗ ਆ ਕੇ ਉਸਨੇ ਜ਼ਹਿਰੀਲੀ ਦਵਾਈ ਨਿਗਲ ਲਈ। ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਤੁਰੰਤ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀ ਮਹਿਲਾ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।


author

Gurminder Singh

Content Editor

Related News