ਗਰੀਬ ਪਰਿਵਾਰ ਨੂੰ ਨੁਕਸਾਨ, ਹਨੇਰੀ ਕਾਰਨ ਸ਼ੈੱਡਾਂ ਉੱਡੀਆਂ, ਮੁਆਵਜ਼ਾ ਦੇਣ ਦੀ ਮੰਗ

Friday, Jun 12, 2026 - 05:52 PM (IST)

ਗਰੀਬ ਪਰਿਵਾਰ ਨੂੰ ਨੁਕਸਾਨ, ਹਨੇਰੀ ਕਾਰਨ ਸ਼ੈੱਡਾਂ ਉੱਡੀਆਂ, ਮੁਆਵਜ਼ਾ ਦੇਣ ਦੀ ਮੰਗ

ਧਰਮਕੋਟ (ਅਕਾਲੀਆਂ ਵਾਲਾ) : ਪਿੰਡ ਰਾਜਾਂ ਵਾਲਾ ਵਿਖੇ ਆਈ ਭਾਰੀ ਹਨੇਰੀ ਕਾਰਨ ਪ੍ਰਗਟ ਸਿੰਘ ਸਪੁੱਤਰ ਜੋਗਿੰਦਰ ਸਿੰਘ ਦੀ ਸ਼ੈੱਡ ਦੀਆਂ ਛੱਤਾਂ ਉੱਡ ਗਈਆਂ, ਜਿਸ ਨਾਲ ਪਰਿਵਾਰ ਨੂੰ ਕਾਫੀ ਮਾਲੀ ਨੁਕਸਾਨ ਝੱਲਣਾ ਪਿਆ। ਜਾਣਕਾਰੀ ਅਨੁਸਾਰ ਤੇਜ਼ ਹਵਾਵਾਂ ਅਤੇ ਹਨੇਰੀ ਦੇ ਚੱਲਦਿਆਂ ਸ਼ੈੱਡ ਦੀਆਂ ਚਾਦਰਾਂ ਅਤੇ ਹੋਰ ਸਮਾਨ ਨੁਕਸਾਨਿਆ ਗਿਆ, ਜਿਸ ਕਾਰਨ ਪਰਿਵਾਰ ਚਿੰਤਾ ਵਿੱਚ ਹੈ। ਪ੍ਰਗਟ ਸਿੰਘ ਦਾ ਪਰਿਵਾਰ ਪਹਿਲਾਂ ਤੋਂ ਹੀ ਆਰਥਿਕ ਤੌਰ ’ਤੇ ਕਮਜ਼ੋਰ ਦੱਸਿਆ ਜਾ ਰਿਹਾ ਹੈ ਅਤੇ ਇਸ ਨੁਕਸਾਨ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਘਟਨਾ ਦੀ ਸੂਚਨਾ ਮਿਲਣ ਉਪਰੰਤ ਪਿੰਡ ਦੇ ਸਰਪੰਚ ਪਿੱਪਲ ਸਿੰਘ ਸੰਧੂ ਨੇ ਮੌਕੇ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਸਰਪੰਚ ਪਿੱਪਲ ਸਿੰਘ ਸੰਧੂ ਨੇ ਕਿਹਾ ਕਿ ਭਾਰੀ ਹਨੇਰੀ ਕਾਰਨ ਹੋਏ ਨੁਕਸਾਨ ਦਾ ਸਰਕਾਰੀ ਅਧਿਕਾਰੀਆਂ ਵੱਲੋਂ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪ੍ਰਭਾਵਿਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਮਿਲ ਸਕੇ।

ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਗਟ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ਼ ਸਹਾਇਤਾ ਪ੍ਰਦਾਨ ਕੀਤੀ ਜਾਵੇ। ਪਿੰਡ ਵਾਸੀਆਂ ਨੇ ਵੀ ਸਰਕਾਰ ਕੋਲ ਅਪੀਲ ਕੀਤੀ ਕਿ ਕੁਦਰਤੀ ਆਫ਼ਤ ਕਾਰਨ ਨੁਕਸਾਨ ਝੱਲਣ ਵਾਲੇ ਪਰਿਵਾਰਾਂ ਦੀ ਮਦਦ ਲਈ ਤੁਰੰਤ ਕਦਮ ਚੁੱਕੇ ਜਾਣ ਤਾਂ ਜੋ ਉਹ ਮੁੜ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।


author

Gurminder Singh

Content Editor

Related News