ਜ਼ਮੀਨੀ ਵਿਵਾਦ ਨੂੰ ਲੈ ਕੇ ਸਕੇ ਭਰਾ ਵੱਲੋਂ ਹਥਿਆਰਬੰਦ ਸਾਥੀਆਂ ਸਮੇਤ ਹਮਲਾ

Thursday, Jun 11, 2026 - 06:17 PM (IST)

ਜ਼ਮੀਨੀ ਵਿਵਾਦ ਨੂੰ ਲੈ ਕੇ ਸਕੇ ਭਰਾ ਵੱਲੋਂ ਹਥਿਆਰਬੰਦ ਸਾਥੀਆਂ ਸਮੇਤ ਹਮਲਾ

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਚੱਕ ਸਿੰਘਪੁਰਾ ਵਿਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਸਕੇ ਭਰਾ ਵੱਲੋਂ ਆਪਣੀ ਪਤਨੀ ਅਤੇ ਹੋਰ ਹਥਿਆਰਬੰਦ ਸਾਥੀਆਂ ਸਮੇਤ ਆਪਣੇ ਭਰਾ ਸੁਰਿੰਦਰ ਸਿੰਘ ’ਤੇ ਹਮਲਾ ਕਰਕੇ ਉਸਨੂੰ ਅਤੇ ਉਸਦੇ ਸਾਲੇ ਛਿੰਦਰ ਸਿੰਘ ਵਾਸੀ ਪਿੰਡ ਸੈਦ ਜਲਾਲਪੁਰ ਨੂੰ ਜ਼ਖਮੀ ਕਰਨ ਦੇ ਨਾਲ ਨਾਲ ਘਰ ਵਿਚ ਭੰਨ-ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਇਸ ਸਬੰਧ ਵਿਚ ਧਰਮਕੋਟ ਪੁਲਸ ਵੱਲੋਂ ਸੁਰਿੰਦਰ ਸਿੰਘ ਦੇ ਬਿਆਨਾਂ ’ਤੇ ਉਸਦੇ ਭਰਾ ਸਰਬਜੀਤ ਸਿੰਘ, ਭਾਬੀ ਪਰਮਜੀਤ ਕੌਰ ਵਾਸੀ ਪਿੰਡ ਮੰਝਵਾਲਾ ਮੱਖੂ, ਗੁਰਚਰਨ ਸਿੰਘ ਵਾਸੀ ਚੱਕ ਸਿੰਘਪੁਰਾ, ਬਿੰਦਰ ਸਿੰਘ ਵਾਸੀ ਪਉਕੇ ਝੁੱਗੇ ਅਤੇ ਰਾਜੋ ਉਰਫ ਰਾਜੀ ਵਾਸੀ ਪਿੰਡ ਪੀਰ ਮੁਹੰਮਦ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਰਨੈਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। 

ਪੁਲਸ ਸੂਤਰਾਂ ਅਨੁਸਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਸਰਬਜੀਤ ਸਿੰਘ ਨੇ ਲਗਭਗ 6 ਸਾਲ ਪਹਿਲਾਂ ਆਪਣੀ ਜ਼ਮੀਨ ਉਸਨੂੰ ਵੇਚ ਦਿੱਤੀ ਸੀ ਅਤੇ ਇਸ ਸਬੰਧੀ ਕਚਹਿਰੀ ਵਿਚ ਪੱਕੇ ਕਾਗਜ਼ ਵੀ ਤਿਆਰ ਕਰਵਾਏ ਗਏ ਸਨ ਪਰ ਜਦੋਂ ਵੀ ਉਹ ਜ਼ਮੀਨ ਆਪਣੇ ਨਾਮ ਕਰਵਾਉਣ ਲਈ ਕਹਿੰਦਾ ਸੀ ਤਾਂ ਉਹ ਟਾਲਮਟੋਲ ਕਰਦਾ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਉਹ ਸਾਡੇ ਨਾਲ ਰੰਜਿਸ਼ ਰੱਖਦਾ ਆ ਰਿਹਾ ਸੀ। ਅਸੀਂ ਪੰਚਾਇਤ ਰਾਹੀਂ ਵੀ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ। ਪਿਛਲੇ ਦਿਨ ਉਹ ਆਪਣੀ ਪਤਨੀ ਅਤੇ ਹੋਰ ਦੋਸ਼ੀਆਂ ਸਮੇਤ, ਜੋ ਸਾਰੇ ਹਥਿਆਰਾਂ ਨਾਲ ਲੈਸ ਸਨ, ਸਾਡੇ ਘਰ ਆ ਗਏ ਅਤੇ ਮੈਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੇਰਾ ਸਾਲਾ ਛਿੰਦਰ ਸਿੰਘ, ਜੋ ਮੈਨੂੰ ਮਿਲਣ ਆਇਆ ਹੋਇਆ ਸੀ, ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ’ਤੇ ਵੀ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਰੌਲਾ ਪਾਇਆ ਤਾਂ ਸਾਰੇ ਹਮਲਾਵਰ ਗਾਲੀ-ਗਲੋਚ ਕਰਦੇ ਹੋਏ ਅਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਜਾਂਦੇ ਸਮੇਂ ਉਨ੍ਹਾਂ ਨੇ ਘਰ ਦੇ ਗੇਟ ਦੀ ਵੀ ਭੰਨਤ ਤੋੜ ਕੀਤੀ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


author

Gurminder Singh

Content Editor

Related News