ਚੰਡੀਗੜ੍ਹ ''ਚ ਜਨਵਰੀ ਮਹੀਨੇ ਠੰਡ ਨੇ ਤੋੜੇ ਪੁਰਾਣੇ ਸਾਰੇ ਰਿਕਾਰਡ, 17 ਸਾਲ ਬਾਅਦ ਮੀਂਹ ਵੀ ਪਿਆ ਸਭ ਤੋਂ ਘੱਟ

02/01/2024 4:16:41 AM

ਚੰਡੀਗੜ੍ਹ (ਪਾਲ) : ਚੰਡੀਗੜ੍ਹ ਦੇ ਲੋਕਾਂ ਨੂੰ ਇਸ ਤੋਂ ਪਹਿਲਾਂ ਜਨਵਰੀ ਦੇ ਮਹੀਨੇ ਵਿਚ ਇੰਨੀ ਜ਼ਿਆਦਾ ਠੰਢ ਪਹਿਲਾਂ ਕਦੇ ਨਹੀਂ ਝੱਲਣੀ ਪਈ। ਜਨਵਰੀ ਮਹੀਨੇ ਦੌਰਾਨ ਨਾ ਸਿਰਫ਼ ਸ਼ਹਿਰ ਵਾਸੀਆਂ ਨੇ ਧੁੰਦ ਅਤੇ ਸੁੱਕੀ ਠੰਢ ਮਹਿਸੂਸ ਕੀਤੀ, ਸਗੋਂ ਮੌਸਮ ਵਿਭਾਗ ਦੀ ਰਿਕਾਰਡਸ਼ੀਟ ਵਿਚ ਵੀ ਇਸ ਸਾਲ ਦਾ ਪਹਿਲਾ ਮਹੀਨਾ ਜਨਵਰੀ ਹੁਣ ਤਕ ਦਾ ਸਭ ਤੋਂ ਠੰਢੇ ਮਹੀਨੇ ਵਜੋਂ ਦਰਜ ਕੀਤਾ ਗਿਆ ਹੈ।

ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਨੇ ਦੱਸਿਆ ਕਿ ਜਨਵਰੀ ਮਹੀਨੇ ਦੇ ਦਿਨ ਚੰਡੀਗੜ੍ਹ ਦੇ ਇਤਿਹਾਸ ਵਿਚ ਹੁਣ ਤਕ ਸਭ ਤੋਂ ਠੰਢੇ ਦਿਨਾਂ ਵਜੋਂ ਦਰਜ ਕੀਤੇ ਗਏ ਹਨ। ਉਂਝ ਤਾਂ ਜਨਵਰੀ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 8 ਡਿਗਰੀ ਤਕ ਵੀ ਹੇਠਾਂ ਆਇਆ ਅਤੇ ਰਾਤ ਦਾ ਘੱਟੋ-ਘੱਟ ਤਾਪਮਾਨ 3 ਡਿਗਰੀ ਤਕ ਆਇਆ। ਮੀਂਹ ਤੋਂ ਬਿਨ੍ਹਾਂ ਸੰਘਣੀ ਧੁੰਦ ਨੇ ਸ਼ਹਿਰ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਔਸਤਨ 14.9 ਡਿਗਰੀ ਤੋਂ ਵੱਧ ਦਰਜ ਨਹੀਂ ਹੋਣ ਦਿੱਤਾ।

ਇਹ ਵੀ ਪੜ੍ਹੋ- ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਹੇਮੰਤ ਸੋਰੇਨ ਨੂੰ ED ਨੇ ਕੀਤਾ ਗ੍ਰਿਫ਼ਤਾਰ

ਇੰਨਾ ਹੀ ਨਹੀਂ, ਚੰਡੀਗੜ੍ਹ ਸ਼ਹਿਰ ਦਾ ਔਸਤ ਘੱਟੋ-ਘੱਟ ਤਾਪਮਾਨ ਵੀ 6.6 ਡਿਗਰੀ ਹੀ ਦਰਜ ਕੀਤਾ ਗਿਆ। 2011 ਤੋਂ ਪਹਿਲਾਂ ਦੇ ਏਅਰਪੋਰਟ ਦੀ ਆਬਜ਼ਰਵੇਟਰੀ ਵਿਚ ਦਰਜ ਹੋ ਰਹੇ ਰਿਕਾਰਡ ਨੂੰ ਵੀ ਵੇਖਣ ’ਤੇ ਪਤਾ ਲੱਗਾ ਹੈ ਕਿ ਚੰਡੀਗੜ੍ਹ ਵਿਚ ਜਨਵਰੀ ਮਹੀਨੇ ਦੇ ਦਿਨ ਇਸ ਤੋਂ ਪਹਿਲਾਂ ਇੰਨੇ ਠੰਡੇ ਕਦੇ ਵੀ ਦਰਜ ਨਹੀਂ ਹੋਏ। ਡਾਇਰੈਕਟਰ ਏ.ਕੇ. ਸਿੰਘ ਨੇ ਦੱਸਿਆ ਕਿ ਮੀਂਹ ਨੇ ਵੀ ਇਸ ਜਨਵਰੀ ਮਹੀਨੇ ਵਿਚ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। 2007-2008 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਸ਼ਹਿਰ ਵਿਚ ਜਨਵਰੀ ਮਹੀਨੇ ਸ਼ਹਿਰ ਵਿਚ ਮੀਂਹ ਹੀ ਨਹੀਂ ਪਿਆ। ਹਾਲਾਂਕਿ ਬੁੱਧਵਾਰ ਸ਼ਹਿਰ ਵਿਚ ਇਕ ਐੱਮ.ਐੱਮ. ਮੀਂਹ ਪਿਆ ਹੈ, ਜੋ ਨਾਂਹ ਦੇ ਬਰਾਬਰ ਹੀ ਰਿਹਾ।

ਇਸ ਲਈ ਇਸ ਵਾਰ ਇੰਨਾ ਠੰਡਾ ਰਿਹਾ ਜਨਵਰੀ
ਸਰਦੀਆਂ ਵਿਚ ਪੈਣ ਵਾਲੇ ਮੀਂਹ ਤੋਂ ਬਾਅਦ ਮੌਸਮ ਖੁੱਲ੍ਹਣ ’ਤੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਦੋਵਾਂ ਵਿਚ 15 ਜਨਵਰੀ ਤੋਂ ਬਾਅਦ ਵਾਧਾ ਦਰਜ ਹੁੰਦਾ ਹੈ। ਇਸ ਵਾਰ ਪੱਛਮੀ ਪੌਣਾਂ ਬਿਲਕੁਲ ਵੀ ਸਰਗਰਮ ਨਹੀਂ ਹੋਈਆਂ। ਇੱਥੋਂ ਤਕ ਕਿ ਜੰਮੂ-ਕਸ਼ਮੀਰ ਅਤੇ ਹਿਮਾਚਲ ਵਿਚ ਵੀ 31 ਜਨਵਰੀ ਨੂੰ ਛੱਡ ਕੇ ਪੂਰੇ ਜਨਵਰੀ ਮਹੀਨੇ ਵਿਚ ਇਕ ਵੀ ਬੂੰਦ ਮੀਂਹ ਨਹੀਂ ਪਿਆ ਅਤੇ ਬਰਫ਼ਬਾਰੀ ਨਹੀਂ ਹੋਈ। ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਇਹ ਹੋਇਆ ਕਿ ਅਰਬ ਸਾਗਰ ਤੋਂ ਆਉਣ ਵਾਲੀ ਭਾਰੀ ਨਮੀ ਅਤੇ ਤਾਪਮਾਨ ਵਿਚ ਗਿਰਾਵਟ ਨੇ ਸ਼ਹਿਰ ਨੂੰ ਰਾਤ ਨੂੰ ਹੀ ਨਹੀਂ ਸਗੋਂ ਦਿਨ ਵੇਲੇ ਵੀ ਧੁੰਦ ਦੀ ਲਪੇਟ ਵਿਚ ਰੱਖਿਆ। ਇਸ ਕਾਰਨ ਧੁੱਪ ਨਹੀਂ ਨਿਕਲੀ ਅਤੇ ਤਾਪਮਾਨ ਨਹੀਂ ਵਧ ਸਕਿਆ। ਸ਼ਹਿਰ ਦੀ ਆਬੋਹਵਾ ਵਿਚ ਨਮੀ ਦੀ ਮਾਤਰਾ ਮੀਂਹ ਦੇ ਦਿਨਾਂ ਤੋਂ ਵੀ ਕਿਤੇ ਜ਼ਿਆਦਾ 87 ਫੀਸਦੀ ਤਕ ਪਹੁੰਚਣ ਕਾਰਨ ਧੁੰਦ ਲਗਾਤਾਰ ਅਜੇ ਵੀ ਬਰਕਰਾਰ ਹੈ।

ਇਹ ਵੀ ਪੜ੍ਹੋ- ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਹੇਮੰਤ ਸੋਰੇਨ ਨੂੰ ED ਨੇ ਕੀਤਾ ਗ੍ਰਿਫ਼ਤਾਰ

ਇਸ ਠੰਡ ਕਾਰਨ ਇਸ ਵਾਰ ਬਾਜ਼ਾਰਾਂ ’ਚ ਸੇਲ ਵੀ ਅਜੇ ਤਕ ਨਹੀਂ
ਚੰਡੀਗੜ੍ਹ ਸ਼ਹਿਰ ਵਿਚ ਹਰ ਸਾਲ 26 ਜਨਵਰੀ ਦੇ ਆਸ-ਪਾਸ ਮਲਟੀ ਨੈਸ਼ਨਲ ਅਤੇ ਹੋਰ ਬ੍ਰਾਂਡਾਂ ਦੇ ਸਰਦੀਆਂ ਦੇ ਕੱਪੜਿਆਂ ਦੀ ਸੇਲ ਸ਼ੁਰੂ ਹੋ ਜਾਂਦੀ ਸੀ ਕਿਉਂਕਿ 26 ਜਨਵਰੀ ਤੋਂ ਬਾਅਦ ਗਰਮ ਕੱਪੜਿਆਂ ਦੀ ਲੋੜ ਨਹੀਂ ਪੈਂਦੀ ਸੀ ਅਤੇ ਕੰਪਨੀਆਂ ਅਤੇ ਦੁਕਾਨਦਾਰ ਇਸ ਸਾਲ ਸਰਦੀਆਂ ਦੇ ਕੱਪੜਿਆਂ ਦਾ ਸਟਾਕ ਕੱਢਣ ਲਈ ਸੇਲ ਲਾ ਦਿੰਦੇ ਸਨ ਪਰ ਇਸ ਸਾਲ ਦੀ ਜਨਵਰੀ ਦੀ ਠੰਢ ਕਾਰਨ ਅਜੇ ਵੀ ਕੱਪੜਿਆਂ ਦੀ ਇਹ ਸੇਲ ਵੱਡੀਆਂ ਕੰਪਨੀਆਂ ਅਤੇ ਸ਼ੋਅਰੂਮਾਂ ਵਿਚ ਸ਼ੁਰੂ ਨਹੀਂ ਹੋਈ।

ਇਸ ਵਾਰ ਮੀਂਹ ਵੀ 17 ਸਾਲਾਂ ਬਾਅਦ ਸਭ ਤੋਂ ਘੱਟ
ਹੁਣ ਤਕ ਸਭ ਤੋਂ ਵੱਧ ਠੰਢ ਝੱਲਣ ਤੋਂ ਬਾਅਦ ਚੰਡੀਗੜ੍ਹ ਦੇ ਲੋਕਾਂ ਨੂੰ 2007 ਅਤੇ 2008 ਤੋਂ ਬਾਅਦ ਪਹਿਲੀ ਵਾਰ ਜਨਵਰੀ ਦਾ ਮਹੀਨਾ ਇੰਨਾ ਸੁੱਕਾ ਮਹਿਸੂਸ ਹੋਇਆ। ਇਸ ਵਾਰ ਜੇਕਰ ਜਨਵਰੀ ਦੇ ਆਖਰੀ ਦਿਨ ਮਤਲਬ 31 ਜਨਵਰੀ ਨੂੰ ਇਕ ਮਿ.ਮੀ. ਮੀਂਹ ਨਾ ਪਿਆ ਹੁੰਦਾ ਤਾਂ ਇਹ ਸਾਲ ਵੀ 2008 ਅਤੇ 2008 ਤੋਂ ਬਾਅਦ ਜਨਵਰੀ ਵਿਚ ਬਿਨ੍ਹਾਂ ਮੀਂਹ ਤੋਂ ਬੀਤਣ ਵਾਲਾ ਸਾਲ ਹੁੰਦਾ। ਇਸ ਵਾਰ 31 ਜਨਵਰੀ ਨੂੰ ਇਕ ਮਿ.ਮੀ. ਮੀਂਹ ਪਿਆ ਸੀ, ਜੋ ਇਨ੍ਹਾਂ ਦੋ ਸਾਲਾਂ ਤੋਂ ਬਾਅਦ ਸਭ ਤੋਂ ਘੱਟ ਹੈ।

ਵੀਰਵਾਰ ਮੀਂਹ ਦੀ ਚੰਗੀ ਸੰਭਾਵਨਾ
ਸ਼ਹਿਰ ਵਿਚ ਇਸ ਸਮੇਂ ਪੱਛਮੀ ਪੌਣਾਂ ਸਰਗਰਮ ਹਨ, ਜਿਸ ਕਾਰਨ ਹਲਕਾ ਮੀਂਹ ਪਿਆ। ਡਾਇਰੈਕਟਰ ਏ.ਕੇ. ਸਿੰਘ ਮੁਤਾਬਕ ਵੀਰਵਾਰ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਨੀਵਾਰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਵੀਰਵਾਰ ਤਾਪਮਾਨ ਵਿਚ ਥੋੜ੍ਹੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਤੋਂ ਹੁਣ ਰਾਹਤ ਮਿਲ ਚੁੱਕੀ ਹੈ। ਠੰਡੀਆਂ ਹਵਾਵਾਂ ਕਾਰਨ ਅਜੇ ਵੀ ਠੰਡ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ ਆਮ ਵਾਂਗ ਹੀ ਰਹੇਗਾ। ਬੁੱਧਵਾਰ ਵੱਧ ਤੋਂ ਵੱਧ ਤਾਪਮਾਨ 20.2 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 10.6 ਡਿਗਰੀ ਦਰਜ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News