ਤੇਜ਼ਧਾਰ ਹਥਿਆਰਾਂ ਨਾਲ ਮਹਿਲਾ ਦੇ ਕਤਲ ਦੇ ਮਾਮਲੇ ’ਚ ਪ੍ਰੇਮੀ ਕੁਲਬੀਰ ਖਿਲਾਫ ਕੇਸ ਦਰਜ
Thursday, Jun 12, 2025 - 01:45 PM (IST)

ਪਟਿਆਲਾ (ਬਲਜਿੰਦਰ) : ਥਾਣਾ ਪਸਿਆਣਾ ਦੀ ਪੁਲਸ ਨੇ ਗੁਰਮਤਿ ਇਨਕਲੇਵ ਮਹਿਲਾ ਦੇ ਕਤਲ ਦੇ ਮਾਮਲੇ ’ਚ ਕੁਲਬੀਰ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮਵੀ ਸੰਭਾਂ ਥਾਣਾ ਪਸਿਆਣਾ ਖਿਲਾਫ 103 (1) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਲਿਆ ਹੈ, ਜਿਸ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਮਾਮਲੇ ’ਚ ਪੁਲਸ ਨੇ ਮ੍ਰਿਤਕ ਰਜਨੀ ਰਾਣੀ ਦੀ ਲੜਕੀ ਰਚਨਾ ਰਾਣੀ ਪਤਨੀ ਅਰੁਣ ਕੁਮਾਰ ਵਾਸੀ ਅਮਰ ਦਰਸ਼ਨ ਬੁੱਢਾ ਦਲ ਕੰਪਲੈਕਸ ਦੀ ਸ਼ਿਕਾਇਤ ’ਤੇ ਕੁਲਬੀਰ ਸਿੰਘ ਖ਼ਿਲਾਫ ਕੇਸ ਦਰਜ ਕੀਤਾ ਹੈ। ਰਚਨਾ ਰਾਣੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮਾਤਾ ਰਜਨੀ ਰਾਣੀ ਉਮਰ ਕਰੀਬ 35 ਸਾਲ ਦੇ ਪਿਛਲੇ 2 ਸਾਲਾਂ ਤੋਂ ਕੁਲਬੀਰ ਸਿੰਘ ਨਾਲ ਸਬੰਧ ਸਨ। ਕੁਝ ਸਮੇਂ ਤੋਂ ਉਹ ਰਜਨੀ ਰਾਣੀ ਨੂੰ ਕਾਫੀ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਦਾ ਜਿਕਰ ਉਸ ਦੀ ਮਾਤਾ ਅਕਸਰ ਕਰਦੀ ਹੁੰਦੀ ਸੀ।
ਬੀਤੀ 9 ਜੂਨ ਨੂੰ ਉਸ ਦੀ ਮਾਤਾ ਦਾ ਸ਼ਿਕਾਇਤਕਰਤਾ ਨੂੰ ਫੋਨ ਆਇਆ ਕਿ ਕੁਲਬੀਰ ਸਿੰਘ ਨੇ ਆਪਣੀ ਗੁਰਮਤਿ ਇਨਕਲੇਵ ਰਿਹਾਇਸ਼ ਵਿਖੇ ਬੁਲਾਇਆ ਹੈ ਅਤੇ ਨਾ ਆਉਣ ਦੀ ਸੂਰਤ ’ਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਹੈ। ਇਸ ਤੋਂ ਬਾਅਦ ਜਦੋਂ ਰਚਨਾ ਨੇ ਆਪਣੀ ਮਾਂ ਅਤੇ ਕੁਲਬੀਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ। ਜਦੋਂ ਉਸ ਦੀ ਮਾਤਾ ਅਗਲੇ ਦਿਨ ਵੀ ਘਰ ਨਹੀਂ ਆਈ ਤਾਂ ਉਹ ਆਪਣੀ ਮਾਸੀ ਨਾਲ ਕੁਲਬੀਰ ਸਿੰਘ ਦੀ ਗੁਰਮਤਿ ਇਨਕਲੇਵ ਵਿਖੇ ਰਿਹਾਇਸ਼ ’ਤੇ ਚਲੀ ਗਈ, ਜਿੱਥੇ ਉੱਪਰ ਜਾ ਕੇ ਦੇਖਿਆ ਤਾਂ ਉਸ ਦੀ ਮਾਤਾ ਖੂਨ ਨਾਲ ਲਥ-ਪਥ ਫਰਸ਼ ’ਤੇ ਪਈ ਸੀ। ਉਸ ਦਾ ਕੁਲਬੀਰ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।