ਅਨੇਕਾਂ ਘਾਟਾਂ ਤੇ ਊਣਤਾਈਆਂ ਦਾ ਸ਼ਿਕਾਰ ਪਿੰਡ ਸੰਮੇਂਵਾਲੀ, ਸਰਕਾਰਾਂ ਨੇ ਕੀਤਾ ਮਤਰੇਈ ਮਾਂ ਵਾਲਾ ਸਲੂਕ

Tuesday, Dec 07, 2021 - 10:31 AM (IST)

ਅਨੇਕਾਂ ਘਾਟਾਂ ਤੇ ਊਣਤਾਈਆਂ ਦਾ ਸ਼ਿਕਾਰ ਪਿੰਡ ਸੰਮੇਂਵਾਲੀ, ਸਰਕਾਰਾਂ ਨੇ ਕੀਤਾ ਮਤਰੇਈ ਮਾਂ ਵਾਲਾ ਸਲੂਕ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ ,(ਸੁਖਪਾਲ ਢਿੱਲੋਂ/ਪਵਨ ਤਨੇਜਾ) - ਭਾਵੇਂ ਸਮੇਂ ਦੀਆਂ ਸਰਕਾਰਾਂ ਇਹ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਕਿ ਪੇਂਡੂ ਖੇਤਰਾਂ ਵਿੱਚ ਵੱਸਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੱਚ ਤਾਂ ਇਹ ਹੈ ਕਿ ਅਨੇਕਾਂ ਪਿੰਡਾਂ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਅਜਿਹੇ ਪਿੰਡਾਂ ਵਿੱਚੋਂ ਹੀ ਇੱਕ ਪਿੰਡ ਸੰਮੇਂਵਾਲੀ ਹੈ, ਜੋ ਫਾਜ਼ਿਲਕਾ ਜ਼ਿਲ੍ਹੇ ਦੀ ਹੱਦ ਨਾਲ ਲੱਗਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਆਖ਼ਰੀ ਪਿੰਡ ਹੈ । ਪਿੰਡ ਸੰਮੇਂਵਾਲੀ ਅਨੇਕਾਂ ਘਾਟਾਂ ਅਤੇ ਵਿਕਾਸ ਪੱਖੋਂ ਪਿੱਛੇ ਰਹਿ ਚੁੱਕੇ ਦਾ ਸ਼ਿਕਾਰ ਹੈ। ਸਮੇਂ ਦੀਆਂ ਸਰਕਾਰਾਂ ਨੇ ਇਸ ਪਿੰਡ ਨੂੰ ਅੱਖੋਂ ਪਰੋਖੇ ਕਰਕੇ ਹਮੇਸ਼ਾਂ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅਤੇ ਭੋਰਾ ਵੀ ਵਿਕਾਸ ਨਹੀਂ ਕਰਵਾਇਆ । 

PunjabKesari

ਪਾਣੀ ਨੂੰ ਤਰਸਦੇ ਲੋਕ
ਬੜੀ ਹੈਰਾਨੀ ਦੀ ਗੱਲ ਹੈ ਕਿ ਉਕਤ ਪਿੰਡ ਵਿੱਚ ਧਰਤੀ ਹੇਠਲਾ ਪਾਣੀ ਬੇਹੱਦ ਖ਼ਰਾਬ ਹੈ ਅਤੇ ਪੀਣ ਯੋਗ ਨਹੀਂ ਹੈ । ਇਸ ਪਿੰਡ ਦਾ ਜਲ ਘਰ ਲਗਾਤਾਰ ਪਿਛਲੇਂ ਡੇਢ ਦਹਾਕੇ ਬੰਦ ਰਿਹਾ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਜਲ ਘਰ ਦੀਆਂ ਟੂਟੀਆਂ ’ਚ ਵੀ ਪਾਣੀ ਨਹੀਂ ਆਇਆ । ਇਸ ਵਾਰ ਜਿਹੜਾ ਸਰਪੰਚ ਬਣਿਆ। ਉਨ੍ਹਾਂ ਨੇ ਹਿੰਮਤ ਕਰਕੇ ਜਲਘਰ ਦੇ ਕੱਟੇ ਹੋਏ ਕੁਨੈਕਸ਼ਨ ਜੁੜਵਾ ਕੇ ਜਲ ਸੇਵਾ ਘਰ-ਘਰ ਚਾਲੂ ਕਰਵਾਈ। ਪੁਰਾਣੀਆਂ ਪਾਈਪਾਂ ਹੋਣ ਕਰਕੇ ਪਾਣੀ ਦੀ ਸਪਲਾਈ ਚੰਗੀ ਤਰ੍ਹਾਂ ਨਹੀਂ ਚੱਲੀ ।‌ ਦੂਜੇ ਪਾਸੇ ਜਿਹੜਾ ਆਰ.ਓ. ਸਿਸਟਮ ਪਿੰਡ ਵਾਸੀਆਂ ਨੂੰ ਪੀਣ ਲਈ ਸਾਫ਼ ਸੁਥਰਾ ਰੱਖਣ ਲਈ ਲਗਾਇਆ ਗਿਆ ਸੀ , ਉਹ ਵੀ ਪਿਛਲੇਂ ਤਿੰਨ ਚਾਰ ਸਾਲ ਤੋਂ ਬੰਦ ਪਿਆ ਹੈ । ਪਤਾ ਲੱਗਾ ਕਿ ਚੋਰ ਆਰ. ਓ. ਸਿਸਟਮ ਦੀ ਮੋਟਰ ਵੀ ਚੋਰੀ ਕਰਕੇ ਲੈ ਗਏ ਹਨ । 

PunjabKesari

ਬੀਮਾਰੀਆਂ ਫੈਲਣ ਦਾ ਖ਼ਤਰਾ
 ਪਿੰਡ ਦਾ ਛੱਪੜ ਗੰਦੇ ਪਾਣੀ ਨਾਲ ਭਰਿਆ ਪਿਆ ਹੈ ਅਤੇ ਨਿਰਾ ਬਿਮਾਰੀਆਂ ਦਾ ਘਰ ਬਣਿਆ ਪਿਆ ਹੈ । ਨਾਲੀਆਂ ਦਾ ਗੰਦਾ ਪਾਣੀ ਵੀ ਗਲ਼ੀਆਂ ਵਿੱਚ ਰੁੜਦਾ-ਫ਼ਿਰਦਾ ਹੈ । ਸਵੱਛ ਭਾਰਤ ਮੁਹਿੰਮ ਦੀ ਲਹਿਰ ਕਿਧਰੇ ਨਜ਼ਰ ਨਹੀਂ ਆ ਰਹੀ । 

ਨਾ ਸਿਹਤ ਡਿਸਪੈਂਸਰੀ ਨਾ ਪਸ਼ੂ ਹਸਪਤਾਲ 
ਉਕਤ ਪਿੰਡ ਦੇ ਲੋਕ ਸਿਹਤ ਸਹੂਲਤਾਂ ਤੋਂ ਬਿਲਕੁਲ ਸੱਖਣੇ ਹਨ, ਕਿਉਂਕਿ ਇੱਥੇ ਅਜੇ ਤੱਕ ਸਰਕਾਰੀ ਸਿਹਤ ਡਿਸਪੈਂਸਰੀ ਹੀ ਨਹੀਂ ਬਣਾਈ ਗਈ । ਜਦੋਂ ਕਿ ਬਿਮਾਰ ਹੋਏ ਪਸ਼ੂਆਂ ਦੇ ਇਲਾਜ ਵਾਸਤੇ ਵੀ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ ਅਤੇ ਪਸ਼ੂ ਹਸਪਤਾਲ ਨਹੀਂ ਹੈ । 

ਅੱਠਵੀਂ ਜਮਾਤ ਤੱਕ ਸਰਕਾਰੀ ਸਕੂਲ 
ਵਿੱਦਿਅਕ ਪੱਖੋਂ ਵੀ ਪਿੰਡ ਸੰਮੇਂਵਾਲੀ ਕਾਫ਼ੀ ਪੱਛੜਿਆ ਹੋਇਆ ਹੈ, ਕਿਉਂਕਿ ਇਥੇ ਸਿਰਫ਼ ਅੱਠਵੀਂ ਜਮਾਤ ਤੱਕ ਹੀ ਸਰਕਾਰੀ ਸਕੂਲ ਚੱਲ ਰਿਹਾ ਹੈ । ਪਿੰਡ ਦੇ ਕਈ ਗ਼ਰੀਬ ਬੱਚੇ ਇਸੇ ਕਰਕੇ ਹੀ ਅੱਗੇ ਪੜ੍ਹਾਈ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਕਿ ਉਨ੍ਹਾਂ ਦੇ ਮਾਪੇ ਸਕੂਲਾਂ ਦੀਆਂ ਵੈਨਾਂ ਦਾ ਖ਼ਰਚਾ ਨਹੀਂ ਭਰ ਸਕਦੇ ।

PunjabKesari

ਕੀ ਕਹਿਣਾ ਹੈ ਪਿੰਡ ਦੇ ਵਸਨੀਕਾਂ ਦਾ 
ਜਦੋਂ ' ਜਗ ਬਾਣੀ ' ਵੱਲੋਂ ਪਿੰਡ ਦੇ ਵਸਨੀਕਾਂ ਸਮਾਜ ਸੇਵਕ ਬਿਕਰਮਜੀਤ ਸਿੰਘ ਖ਼ਾਲਸਾ ਸੰਮੇਂਵਾਲੀ ਅਤੇ ਬਾਬਾ ਜੀਵਨ ਸਿੰਘ ਕਲੱਬ ਦੇ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਬਸ਼ਿੰਦਿਆਂ ਨੂੰ ਸਾਰੀਆਂ ਸਹੂਲਤਾਂ ਇਥੇ ਮਿਲਣੀਆਂ ਚਾਹੀਦੀਆਂ ਹਨ । ਪੰਜਾਬ ਸਰਕਾਰ ਇਸ ਪਿੰਡ ਦੇ ਵਿਕਾਸ ਲਈ ਬਣਦਾ ਯੋਗਦਾਨ ਪਾਵੇ ਤੇ ਸਿਆਸੀ ਨੇਤਾ ਵੀ ਪਿੰਡ ਦਾ ਮੂੰਹ ਮੱਥਾ ਸੰਵਾਰਨ ਅਤੇ ਪਿੰਡ ਵਾਸੀਆਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਲੋਕ ਤੰਗ ਪ੍ਰੇਸ਼ਾਨ ਨਾ ਹੋਣ । 
 


author

rajwinder kaur

Content Editor

Related News