ਵੈਟਨਰੀ ਯੂਨੀਵਰਸਿਟੀ ਨੇ ਡੇਅਰੀ ਪਸ਼ੂਆਂ ਦੇ ਪ੍ਰਜਣਨ ਪ੍ਰਬੰਧ ਸੰਬੰਧੀ ਦਿੱਤੀ ਸਿਖਲਾਈ

Monday, Nov 16, 2020 - 09:40 AM (IST)

ਵੈਟਨਰੀ ਯੂਨੀਵਰਸਿਟੀ ਨੇ ਡੇਅਰੀ ਪਸ਼ੂਆਂ ਦੇ ਪ੍ਰਜਣਨ ਪ੍ਰਬੰਧ ਸੰਬੰਧੀ ਦਿੱਤੀ ਸਿਖਲਾਈ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਵਲੋਂ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਤਹਿਤ ਇਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ ’ਡੇਅਰੀ ਪਸ਼ੂਆਂ ਦਾ ਪ੍ਰਜਣਨ ਪ੍ਰਬੰਧਨ’। ਪਿੰਡ ਮੁਸ਼ਕਾਬਾਦ ਵਿਖੇ ਕਰਵਾਏ ਗਏ ਇਸ ਸਿਖਲਾਈ ਪ੍ਰੋਗਰਾਮ ਵਿਚ ਪੱਟੀ ਦਰਜ ਜਾਤੀਆਂ ਦੇ 22 ਡੇਅਰੀ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਵਿਭਾਗ ਦੇ ਮੁਖੀ, ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਪਸ਼ੂ ਪ੍ਰਜਣਨ ਸੰਬੰਧੀ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਦੀ ਲੋੜ ਬਾਰੇ ਚਾਨਣਾ ਪਾਇਆ। 

ਡਾ. ਖੁਸ਼ਪ੍ਰੀਤ ਸਿੰਘ ਨੇ ਮਸਨੂਈ ਗਰਭਦਾਨ ਦੇ ਫ਼ਾਇਦਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਪਸ਼ੂਆਂ ਦੀਆਂ ਆਮ ਪ੍ਰਜਣਨ ਸਮੱਸਿਆਵਾਂ ਬਾਰੇ ਦੱਸਿਆ। ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਤਕਨੀਕੀ ਸਾਹਿਤ, ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਇਨ੍ਹਾਂ ਕਿਸਾਨਾਂ ਨੂੰ ਤੋਹਫ਼ੇ ਵਜੋਂ ਪਸ਼ੂਆਂ ਲਈ ਦਿੱਤਾ ਗਿਆ। ਇਸ ਰਾਹੀਂ ਉਨ੍ਹਾਂ ਨੂੰ ਇਨ੍ਹਾਂ ਵਸਤਾਂ ਦੀ ਮਹੱਤਤਾ ਦਾ ਪਤਾ ਲੱਗਦਾ ਹੈ। ਡਾ. ਸ਼ਰਮਾ ਨੇ ਕਿਹਾ ਕਿ ਵਿਭਾਗ ਵਲੋਂ ਅਜਿਹੇ ਹੋਰ ਸਿਖਲਾਈ ਪ੍ਰੋਗਾਰਮ ਵੀ ਕਰਵਾਏ ਜਾਣਗੇ।

ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਯੂਨੀਵਰਸਿਟੀ ਦੇ ਹੋਰ ਵਿਭਾਗਾਂ ਵਲੋਂ ਭਵਿੱਖ ਵਿਚ ਨਵੇਂ ਵਿਸ਼ਿਆਂ ਉਤੇ ਸਿਖਲਾਈ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਹਾਸ਼ੀਆਗਤ ਕਿਸਾਨਾਂ ਨੂੰ, ਜੋ ਪੱਟੀ ਦਰਜ ਜਾਤੀਆਂ ਨਾਲ ਸੰਬੰਧਿਤ ਹਨ, ਨੂੰ ਲਾਭ ਮਿਲੇਗਾ, ਉਥੇ ਸੂਬੇ ਦੇ ਵਿਕਾਸ ਵਿਚ ਵੀ ਯੋਗਦਾਨ ਪਵੇਗਾ।


author

rajwinder kaur

Content Editor

Related News