ਨਗਰ ਸੁਧਾਰ ਟਰੱਸਟ ਨੇ ਹਟਵਾਏ ਝੁੱਗੀਆਂ-ਝੌਂਪੜੀਆਂ ਤੇ ਦੁਕਾਨਾਂ ਦੇ ਕਬਜ਼ੇ, ਹੋਇਆ ਹੰਗਾਮਾ

Thursday, Aug 08, 2024 - 04:58 PM (IST)

ਨਗਰ ਸੁਧਾਰ ਟਰੱਸਟ ਨੇ ਹਟਵਾਏ ਝੁੱਗੀਆਂ-ਝੌਂਪੜੀਆਂ ਤੇ ਦੁਕਾਨਾਂ ਦੇ ਕਬਜ਼ੇ, ਹੋਇਆ ਹੰਗਾਮਾ

ਲੁਧਿਆਣਾ (ਹਿਤੇਸ਼) : ਇਮਪਰੂਵਮੈਂਟ ਟਰੱਸਟ ਵੱਲੋਂ ਵੀਰਵਾਰ ਨੂੰ ਤਾਜਪੁਰ ਰੋਡ 'ਤੇ ਝੁੱਗੀਆਂ-ਝੌਂਪੜੀਆਂ ਅਤੇ ਦੁਕਾਨਾਂ ਤੋਂ ਕੀਤੇ ਗਏ ਕਬਜ਼ੇ ਹਟਾਉਣ ਦੌਰਾਨ ਭਾਰੀ ਹੰਗਾਮਾ ਹੋਇਆ। ਇਸ ਕਾਰਵਾਈ ਦਾ ਵਿਰੋਧ ਕਰ ਰਹੇ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਜਗ੍ਹਾ 'ਤੇ ਲੰਬੇ ਸਮੇਂ ਤੋਂ ਰਹਿ ਰਹੇ ਹਨ ਤੇ ਉਨ੍ਹਾਂ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਝੁੱਗੀਆਂ ਅਤੇ ਦੁਕਾਨਾਂ ਨੂੰ ਢਾਹ ਦਿੱਤਾ ਗਿਆ ਹੈ। ਲੋਕਾਂ ਅਨੁਸਾਰ ਝੁੱਗੀਆਂ ਅਤੇ ਦੁਕਾਨਾਂ ਵਿੱਚ ਬਿਜਲੀ ਦੇ ਕੁਨੈਕਸ਼ਨ ਲੱਗੇ ਹੋਏ ਹਨ ਅਤੇ ਇਸ ਜਗ੍ਹਾ ਸਬੰਧੀ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ। ਜਦੋਂ ਕਿ ਇੰਪਰੂਵਮੈਂਟ ਟਰੱਸਟ ਦੇ ਐਕਸੀਅਨ ਨਵੀਨ ਮਲਹੋਤਰਾ ਦਾ ਕਹਿਣਾ ਹੈ ਕਿ ਸਕੂਲਾਂ ਅਤੇ ਪੈਟਰੋਲ ਪੰਪਾਂ ਲਈ ਨਿਸ਼ਾਨਬੱਧ ਕੀਤੀਆਂ ਥਾਵਾਂ ਤੋਂ ਇਲਾਵਾ ਸੜਕ 'ਤੇ ਸਥਿਤ ਝੁੱਗੀਆਂ ਅਤੇ ਦੁਕਾਨਾਂ ਤੋਂ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਗਈ ਹੈ। ਇਸ ਤੋਂ ਪਹਿਲਾਂ ਲੋਕਾਂ ਨੂੰ ਖੁਦ ਹੀ ਕਬਜ਼ੇ ਹਟਾਉਣ ਦੀ ਚਿਤਾਵਨੀ ਦਿੱਤੀ ਗਈ ਸੀ। ਉਨ੍ਹਾਂ ਇਸ ਜਗ੍ਹਾ ਸਬੰਧੀ ਅਦਾਲਤ ਵਿੱਚ ਚੱਲ ਰਹੇ ਕੇਸ ਸਬੰਧੀ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।

ਡੀਸੀ ਨੇ ਕਬਜ਼ਿਆਂ ਖ਼ਿਲਾਫ਼ ਕਾਰਵਾਈ ਦੇ ਦਿੱਤੇ ਹੁਕਮ
ਐਕਸੀਅਨ ਨਵੀਨ ਮਲਹੋਤਰਾ ਅਨੁਸਾਰ ਤਾਜਪੁਰ ਰੋਡ 'ਤੇ ਕਰੀਬ ਇੱਕ ਏਕੜ ਜ਼ਮੀਨ ਇੰਪਰੂਵਮੈਂਟ ਟਰੱਸਟ ਵੱਲੋਂ ਸਕੂਲ ਬਣਾਉਣ ਲਈ ਸਿੱਖਿਆ ਵਿਭਾਗ ਨੂੰ ਲੀਜ਼ 'ਤੇ ਦਿੱਤੀ ਗਈ ਹੈ। ਇਸ ਜਗ੍ਹਾ 'ਤੇ ਸਕੂਲ ਦੀ ਉਸਾਰੀ ਦੇ ਵਿਕਾਸ ਦਾ ਜਾਇਜ਼ਾ ਲੈਣ ਲਈ ਡੀਸੀ ਵੱਲੋਂ ਹਾਲ ਹੀ ਵਿਚ ਬੁਲਾਈ ਗਈ ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਝੁੱਗੀਆਂ ਅਤੇ ਦੁਕਾਨਾਂ ਦੇ ਕਬਜ਼ੇ ਕਾਰਨ ਚਾਰਦੀਵਾਰੀ ਬਣਾਉਣ ਦਾ ਕੰਮ ਪੂਰਾ ਨਹੀਂ ਹੋਇਆ। ਇਸ ਦੇ ਮੱਦੇਨਜ਼ਰ ਡੀਸੀ ਵੱਲੋਂ ਸਕੂਲ ਦੀ ਉਸਾਰੀ ਦੇ ਰਾਹ ਵਿੱਚ ਆਉਣ ਵਾਲੇ ਕਬਜ਼ਿਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।


author

Baljit Singh

Content Editor

Related News