ਬੇਮੌਸਮੇ ਮੀਂਹ ਨੇ ਸੂਤੇ ਕਿਸਾਨਾਂ ਦੇ ਸਾਹ, ਮੰਡੀਆਂ ਵਿਚ ਪਾਣੀ ’ਚ ਡੁੱਬਿਆ ‘ਸੋਨਾ’

10/24/2021 7:48:43 PM

ਭਵਾਨੀਗੜ੍ਹ (ਵਿਕਾਸ) : ਇਲਾਕੇ ’ਚ ਐਤਵਾਰ ਨੂੰ ਬੇਮੌਸਮਾ ਮੀਂਹ ਕਿਸਾਨੀ ਲਈ ਆਫ਼ਤ ਬਣ ਕੇ ਵਰ੍ਹਿਆ। ਦੁਪਹਿਰ ਤੱਕ ਪਏ ਮੀਂਹ ਦੇ ਪਾਣੀ ਨਾਲ ਸ਼ਹਿਰ ਦੀ ਅਨਾਜ ਮੰਡੀ ਨੱਕੋ-ਨੱਕ ਭਰ ਗਈ ਤੇ ਨਿਕਾਸੀ ਦੇ ਮਾੜੇ ਪ੍ਰਬੰਧਾਂ ਦੇ ਚੱਲਦਿਆਂ ਅਨਾਜ ਮੰਡੀ ਦੇਖਦੇ ਹੀ ਦੇਖਦਿਆਂ ਝੀਲ ਦਾ ਰੂਪ ਧਾਰਨ ਕਰ ਗਈ। ਮੀਂਹ ਦੇ ਪਾਣੀ ਭਿੱਜ ਕੇ ਜਿਥੇ ਕਿਸਾਨਾਂ ਦੀ ਫਸਲ ਪਾਣੀ ’ਚ ਤਰ-ਬ-ਤਰ ਹੋ ਗਈ, ਉੱਥੇ ਹੀ ਮੀਂਹ ਕਾਰਨ ਇਲਾਕੇ ਦੇ ਖੇਤਾਂ ’ਚ ਪੱਕ ਕੇ ਖੜ੍ਹੀ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲ਼ੀ ਝੋਨੇ ਦੀ ਫਸਲ ਖੇਤਾਂ ਵਿਚ ਵਿਛ ਗਈ ਅਤੇ ਪੱਕੀਆਂ ਹੋਈਆਂ ਬੱਲੀਆਂ ਜ਼ੋਰਦਾਰ ਮੀਂਹ ਕਾਰਣ ਝੰਬੀਆਂ ਗਈਆਂ, ਜਿਸ ਨਾਲ ਕਿਸਾਨਾਂ ਨੂੰ ਇਸ ਵਾਰ ਝੋਨੇ ਦੇ ਘੱਟ ਝਾੜ ਨਿਕਲਣ ਦੀ ਚਿੰਤਾ ਸਤਾਉਣ ਲੱਗੀ ਹੈ। ਮੀਂਹ ਦੌਰਾਨ ਅੱਜ ‘ਜਗ ਬਾਣੀ’ ਵੱਲੋਂ ਸ਼ਹਿਰ ਦੀ ਨਵੀਂ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਕਿਸਾਨਾਂ ਵੱਲੋਂ ਲਿਆਂਦੀ ਝੋਨੇ ਦੀ ਫਸਲ ਮੀਂਹ ਦੇ ਪਾਣੀ ’ਚ ਤੈਰ ਰਹੀ ਸੀ ਤੇ ਬੋਰੀਆਂ ਪਾਣੀ ’ਚ ਡੁੱਬੀਆਂ ਪਈਆਂ ਸਨ।

PunjabKesari

ਇਸ ਦੌਰਾਨ ਕਈ ਕਿਸਾਨ ਆਪਣੀ ਫਸਲ ਨੂੰ ਪਾਣੀ ’ਚ ਰੁੜ੍ਹਨ ਤੋਂ ਬਚਾਉਣ ਲਈ ਜੱਦੋ-ਜਹਿਦ ਕਰਦੇ ਵੇਖੇ ਗਏ। ਇਸ ਤੋਂ ਇਲਾਵਾ ਮੀਂਹ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਪਿਆ। ਮਜ਼ਦੂਰ ਮੰਡੀ ਦੇ ਫੜ੍ਹ ਵਿਚ ਝੋਨੇ ਦੀਆਂ ਬੋਰੀਆਂ ਅਤੇ ਢੇਰੀਆਂ ਥੱਲੇ ਫਿਰਦੇ ਪਾਣੀ ਨੂੰ ਪੀਪਿਆਂ ਦੀ ਮਦਦ ਨਾਲ ਬਾਹਰ ਕੱਢਦੇ ਦਿਸੇ। ਉੱਥੇ ਹੀ ਆੜ੍ਹਤੀਆਂ ਨੇ ਕਿਹਾ ਕਿ ਸ਼ਹਿਰ ਦੀ ਅਨਾਜ ਮੰਡੀ ’ਚ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਹੱਲ ਨਾ ਹੋਣ ਕਰਕੇ ਮੰਡੀ ’ਚ ਪਈ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ।

PunjabKesari

ਕਿਸਾਨਾਂ-ਮਜ਼ਦੂਰਾਂ ਅਤੇ ਆੜ੍ਹਤੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੀਂਹ ਨਾਲ ਹੋਏ ਨੁਕਸਾਨ ਦਾ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਅਨਾਜ ਮੰਡੀ ਦੀ ਨਿਕਾਸੀ ਦੇ ਨਾਕਸ ਪ੍ਰਬੰਧਾਂ ਨੂੰ ਦਰੁੱਸਤ ਕੀਤਾ ਜਾਵੇ।


Manoj

Content Editor

Related News