ਯੂਨੀਅਨ ਆਗੂਆਂ ’ਤੇ ਕੇਸ ਦਰਜ, ਮੁਲਾਜ਼ਮਾਂ ਨੇ ਦਿੱਤੀ ਕੰਮਕਾਜ ਠੱਪ ਕਰਨ ਦੀ ਚਿਤਾਵਨੀ
Saturday, Dec 01, 2018 - 02:28 AM (IST)

ਬਠਿੰਡਾ, (ਪਰਮਿੰਦਰ)- ਬੀਤੇ ਦਿਨੀਂ ਸਰਕਾਰ ਖਿਲਾਫ ਸਰਕਟ ਹਾਊਸ ਰੋਡ ’ਤੇ ਡੀ. ਸੀ. ਰਿਹਾਇਸ਼ ਨੇਡ਼ੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰਨ ਵਾਲੇ ਮੁਲਾਜ਼ਮਾਂ ਜਥੇਬੰਦੀਆਂ ਦੇ ਆਗੂਆਂ ਤੇ ਹੋਰ ਮੁਲਾਜ਼ਮਾਂ ਖਿਲਾਫ ਪੁਲਸ ਨੇ ਅਮਨ ਸ਼ਾਂਤੀ ਭੰਗ ਕਰਨ ਅਤੇ ਸਰਕਾਰ ਖਿਲਾਫ ਬੋਲਣ ਦੇ ਦੋਸ਼ਾਂ ਤਹਿਤ ਕੇਸ ਕਰ ਦਿੱਤਾ ਹੈ। ਇਸ ਤੋਂ ਭਡ਼ਕੀਆਂ ਮੁਲਾਜ਼ਮ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਐਤਵਾਰ ਤੱਕ ਉਕਤ ਕੇਸ ਰੱਦ ਨਾ ਕੀਤਾ ਤਾਂ ਮੁਲਾਜ਼ਮ ਪੂਰੇ ਜ਼ਿਲੇ ’ਚ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਠੱਪ ਕਰ ਦੇਣਗੇ। ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਮੇਘ ਸਿੰਘ ਸਿੱਧੂ, ਕੇਵਲ ਬਾਂਸਲ ਆਦਿ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਖਿਲਾਫ ਪੁਲਸ ਕੇਸ ਦਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਏ ਦਿਨ ਇਸੇ ਜਗ੍ਹਾ ਧਰਨੇ ਮੁਜ਼ਾਹਰੇ ਹੁੰਦੇ ਹਨ, ਪਰ ਇਸ ਤਰ੍ਹਾਂ ਕੇਸ ਸਿਰਫ ਮੁਲਾਜ਼ਮਾਂ ਖਿਲਾਫ ਹੀ ਜਾਣ ਬੁੱਝ ਕੇ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 2 ਦਸੰਬਰ ਤੱਕ ਇਹ ਕੇਸ ਰੱਦ ਰੱਦ ਨਾ ਕੀਤਾ ਗਿਆ ਤਾਂ 3 ਦਸੰਬਰ ਤੋਂ ਪੂਰੇ ਜ਼ਿਲੇ ਦੇ ਸਰਕਾਰੀ ਦਫ਼ਤਰਾਂ ਵਿਚ ਕੰਮਕਾਜ ਠੱਪ ਕੀਤਾ ਜਾਵੇਗਾ। ਇਸ ਮੌਕੇ ਮੁਲਾਜ਼ਮ ਆਗੂ ਗੁਰਨਾਮ ਸਿੰਘ ਵਿਰਕ, ਗੁਰਮੀਤ ਸਿੰਘ ਵਾਲੀਆ, ਖੁਸਵਿੰਤਰ ਕਪਿਲਾ, ਗੁਰਮੇਲ ਸਿੰਘ ਸਿੱਧੂ, ਨਛੱਤਰ ਸਿੰਘ ਭਾਈਰੂਪਾ, ਪਵਨਜੀਤ ਸਿੰਘ ਸਿੱਧੂ, ਭਰਪੂਰ ਸਿੰਘ, ਪਰਵਿੰਦਰ ਸਿੰਘ, ਬਲਦੇਵ ਸਿੰਘ ਆਦਿ ਮੌਜੂਦ ਸਨ।
150 ਮੁਲਾਜ਼ਮਾਂ ’ਤੇ ਕੀਤਾ ਕੇਸ ਦਰਜ
ਥਾਣਾ ਸਿਵਲ ਲਾਇਨ ਪੁਲਸ ਨੇ ਬੀਤੇ ਦਿਨ ਧਰਨਾ ਦੇਣ ਦੇ ਦੋਸ਼ਾਂ ਤਹਿਤ ਮੁਲਾਜ਼ਮ ਆਗੂਆਂ ਮੇਘ ਸਿੰਘ ਸਿੱਧੂ, ਮਨਜੀਤ ਸਿੰਘ, ਕੇਵਲ ਕ੍ਰਿਸ਼ਨ, ਗੁਰਤੇਜ ਸਿੰਘ ਪੱਕਾ, ਹਰਮੇਲ ਸਿੰਘ ਪੂਹਲਾ, ਬਲੌਰ ਸਿੰਘ, ਸੁਖਪ੍ਰੀਤ ਸਿੰਘ, ਪ੍ਰੇਮ, ਸੁਖਦਰਸ਼ਨ ਸਿੰਘ ਸਮੇਤ ਕਰੀਬ 150 ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਪ੍ਰਦਰਸ਼ਨਕਾਰੀਆਂ ’ਤੇ ਦੋਸ਼ ਲਾਏ ਹਨ ਕਿ ਧਰਨਾਕਾਰੀਆਂ ਨੇ ਬਿਨਾਂ ਜ਼ਿਲਾ ਮੈਜਿਸਟ੍ਰੇਟ ਦੀ ਮਨਜ਼ੂਰੀ ਸਕੱਤਰੇਤ ਨੇਡ਼ੇ ਧਰਨਾ ਲਾਇਆ। ਇਸ ਦੌਰਾਨ ਲਾਉਡ ਸਪੀਕਰ ਲਗਾ ਕੇ ਅਮਨ ਸ਼ਾਂਤੀ ਭੰਗ ਕੀਤੀ ਅਤੇ ਸਰਕਾਰ ਖਿਲਾਫ ਬਿਆਨਬਾਜ਼ੀ ਕੀਤੀ।