ਮਲੋਟ ''ਚ ਵਾਪਰੀ ਮੰਦਭਾਗੀ ਘਟਨਾ, ਪੁੱਤ ਦੇ ਢਿੱਡ ''ਚ ਜਾ ਵੱਜੀਆਂ ਪਿਓ ਦੇ ਰਿਵਾਲਵਰ ''ਚੋਂ ਚੱਲੀਆਂ ਗੋਲੀਆਂ
Thursday, Nov 30, 2023 - 06:37 PM (IST)
ਮਲੋਟ (ਜੁਨੇਜਾ)- ਮਲੋਟ ਨੇੜੇ ਪਿੰਡ ਧੌਲਾ ਵਿਖੇ ਵਾਪਰੀ ਮੰਦਭਾਗੀ ਘਟਨਾ ਵਿਚ ਪਿਤਾ ਕੋਲੋਂ ਚੱਲੀ ਗੋਲੀ ਨਾਲ ਨੌਜਵਾਨ ਪੁੱਤਰ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜ਼ਖ਼ਮੀ ਨੌਜਵਾਨ ਨੂੰ ਪਹਿਲਾ ਮਲੋਟ ਤੇ ਫਿਰ ਬਠਿੰਡਾ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 11 ਕਰੋੜ ਦੀ ਹੈਰੋਇਨ, BSF ਤੇ ਪੁਲਸ ਨੇ ਡਰੋਨ ਸਣੇ ਕੀਤੀ ਬਰਾਮਦ
ਜਾਣਕਾਰੀ ਅਨੁਸਾਰ ਪਿੰਡ ਧੌਲਾ ਵਿਖੇ ਮਨਜੋਤ ਸਿੰਘ ਪੁੱਤਰ ਸ਼ਿਵਰਾਜ ਸਿੰਘ ਵਾਸੀ ਧੌਲਾ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਸ ਦੇ ਢਿੱਡ 'ਚ ਦੋ ਗੋਲੀਆਂ ਲੱਗੀਆਂ ਹੋਈਆਂ ਸਨ। ਨੌਜਵਾਨ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ, ਜਿੱਥੇ ਉਸ ਨੂੰ ਦਿੱਲੀ ਹਾਰਟ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਗੋਲੀਆਂ ਹਾਦਸੇ ਕਾਰਨ ਚੱਲੀਆਂ ਸਨ ਜਾਂ ਜਾਣ ਬੁੱਝ ਕੇ ਮਾਰੀਆਂ ਹਨ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਮਾਮਲੇ ਵਿਚ ਕੋਈ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹੈ ਪਰ ਮੁਢਲੀ ਜਾਣਕਾਰੀ ਅਨੁਸਾਰ ਇਹ ਗੋਲੀਆਂ ਉਸਦੇ ਪਿਤਾ ਦੇ ਰਿਵਾਲਵਰ ਤੋਂ ਚੱਲੀਆ ਹਨ।
ਇਹ ਵੀ ਪੜ੍ਹੋ- 10 ਦਿਨ ਪਹਿਲਾਂ ਸਾਈਪ੍ਰਸ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਵਿਛੇ ਸੱਥਰ
ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਜਖ਼ਮੀ ਨੌਜਵਾਨ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ। ਉਸ ਦੀ ਹਾਲਤ ਸਥਿਰ ਹੋਣ ਜਾਂ ਕਿਸੇ ਵੱਲੋਂ ਬਿਆਨ ਦੇਣ ਤੋਂ ਬਾਅਦ ਪੁਲਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਪਰ ਅਜੇ ਤੱਕ ਨੌਜਵਾਨ ਦੀ ਮਾਤਾ ਜਾਂ ਕਿਸੇ ਹੋਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜਾਣਕਾਰੀ ਅਨੁਸਾਰ ਗੋਲੀਆਂ ਲੱਗਣ ਨਾਲ ਉਸਦੀ ਕਿਡਨੀ ਅਤੇ ਸਰੀਰ ਦੇ ਕਈ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਜ਼ਿਕਰਯੋਗ ਹੈ ਕਿ ਮਨਜੋਤ ਸਿੰਘ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਹੈ ਅਤੇ 10 ਦਸੰਬਰ ਨੂੰ ਉਸਦੀ ਕਨੈਡਾ ਫਲਾਈਟ ਸੀ। ਇਹ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਆਮ ਲੋਕਾਂ ਵਿਚ ਭਾਰੀ ਸੋਗ ਦਾ ਮਾਹੌਲ ਹੈ।
ਇਹ ਵੀ ਪੜ੍ਹੋ- ਮੁੜ ਸਵਾਲਾਂ ਦੇ ਘੇਰੇ 'ਚ ਆਈ ਪੰਜਾਬ ਦੀ ਇਹ ਜੇਲ੍ਹ, ਹਵਾਲਾਤੀਆਂ ਦੀ ਵੀਡੀਓ ਹੋਈ ਵਾਇਰਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8