ਦੀਵਾਲੀ ਦੀ ਰਾਤ ਵਾਪਰੇ ਹਾਦਸੇ ਦੀ ਖ਼ੌਫ਼ਨਾਕ CCTV ਆਈ ਸਾਹਮਣੇ, ਪਿਓ-ਪੁੱਤ ਦੀ ਗਈ ਜਾਨ
Saturday, Nov 02, 2024 - 01:46 PM (IST)
ਜਲੰਧਰ (ਮ੍ਰਿਦੁਲ)–ਜਲੰਧਰ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਸਥਿਤ ਥਿੰਦ ਅੱਖਾਂ ਦੇ ਹਸਪਤਾਲ ਦੇ ਬਾਹਰ ਦੀਵਾਲੀ ਦੀ ਰਾਤ ਬਰਥਡੇ ਪਾਰਟੀ ਵਿਚੋਂ ਪਰਿਵਾਰ ਨਾਲ ਘਰ ਵਾਪਸ ਜਾਣ ਸਮੇਂ ਵਾਪਰੇ ਇਕ ਵੱਡੇ ਹਾਦਸੇ ਦੌਰਾਨ ਪਿਤਾ-ਪੁੱਤਰ ਦੀ ਮੌਤ ਹੋ ਗਈ। ਇਸ ਹਾਦਸੇ ਦੀ ਸੀ. ਸੀ. ਟੀ. ਵੀ. ਸਾਹਮਣੇ ਆਈ ਹੈ। ਹਾਦਸਾ ਇਕ ਤੇਜ਼ ਰਫ਼ਤਾਰ ਕਾਰ ਐੱਕਸ. ਯੂ. ਵੀ. ਕਾਰ ਚਾਲਕ ਵੱਲੋਂ ਬ੍ਰੇਜ਼ਾ ਕਾਰ ਵਿਚ ਟੱਕਰ ਮਾਰਨ ਕਾਰਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਉਪਰੰਤ ਐੱਕਸ. ਯੂ. ਵੀ. ਚਾਲਕ ਆਪਣੀ ਕਾਰ ਮੌਕੇ ’ਤੇ ਛੱਡ ਕੇ ਪਿੱਛਿਓਂ ਉਸ ਦੀ ਦੋਸਤ ਦੀ ਆ ਰਹੀ ਮਹਿੰਦਰਾ ਥਾਰ ਵਿਚ ਬੈਠ ਕੇ ਫ਼ਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਸਾਹਿਲ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਦੀਪ ਸ਼ਰਮਾ ਪੁੱਤਰ ਮਦਨ ਲਾਲ ਸ਼ਰਮਾ ਨਿਵਾਸੀ 74-ਏ ਧੋਬੀ ਮੁਹੱਲਾ ਅਤੇ ਉਨ੍ਹਾਂ ਦੇ ਬੇਟੇ ਸਨਨ ਸ਼ਰਮਾ (17) ਵਜੋਂ ਹੋਈ। ਉਹ ਵੀਰਵਾਰ ਰਾਤ ਸਮੇਂ ਥਿੰਦ ਹਸਪਤਾਲ ਨਾਲ ਲੱਗਦੇ ਇਕ ਰੈਸਟੋਰੈਂਟ ਵਿਚ ਆਪਣੇ ਦੋਸਤ ਦੀ ਬੇਟੀ ਦੀ ਬਰਥਡੇ ਪਾਰਟੀ ਵਿਚ ਸ਼ਾਮਲ ਹੋਣ ਲਈ ਆਏ ਸਨ। ਜਦੋਂ ਉਹ ਉਥੋਂ ਫ੍ਰੀ ਹੋਏ ਤਾਂ ਰਾਤ ਨੂੰ ਘਰ ਜਾਣ ਲਈ ਰੈਸਟੋਰੈਂਟ ਦੇ ਬਾਹਰ ਖੜ੍ਹੀ ਕੀਤੀ ਕਾਰ ਵਿਚ ਪਰਿਵਾਰ ਸਮੇਤ ਬੈਠਣ ਲੱਗੇ ਤਾਂ ਇਸੇ ਦੌਰਾਨ ਪਿੱਛਿਓਂ ਲਗਭਗ 150 ਕਿ. ਮੀ. ਤੋਂ ਉੱਪਰ ਰਫ਼ਤਾਰ ’ਤੇ ਆ ਰਹੀ ਐੱਕਸ. ਯੂ. ਵੀ. ਕਾਰ ਨੇ ਉਨ੍ਹਾਂ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਚਾਲਕ ਸੰਦੀਪ ਸ਼ਰਮਾ ਕਾਫ਼ੀ ਦੂਰ ਜਾ ਕੇ ਡਿੱਗੇ ਅਤੇ ਇਸੇ ਟੱਕਰ ਦੌਰਾਨ ਉਨ੍ਹਾਂ ਦਾ ਬੇਟਾ ਕਾਰ ਦੇ ਹੇਠਾਂ ਜਾ ਡਿੱਗਾ। ਹਾਦਸਾ ਹੋਣ ਦੌਰਾਨ ਰੈਸਟੋਰੈਂਟ ਦੇ ਬਾਹਰ ਖੜ੍ਹੇ ਵੈਲੇ ਕਾਰ ਪਾਰਕਿੰਗ ਸਟਾਫ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਪੁਲਸ ਨੂੰ ਫੋਨ ਕੀਤਾ। ਉਨ੍ਹਾਂ ਕਾਫੀ ਮੁਸ਼ੱਕਤ ਤੋਂ ਬਾਅਦ 17 ਸਾਲਾ ਸਨਨ ਸ਼ਰਮਾ ਦੀ ਬਾਡੀ ਨੂੰ ਕਾਰ ਦੇ ਹੇਠੋਂ ਕੱਢਿਆ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ ਤੋਂ ਮੰਦਭਾਗੀ ਖ਼ਬਰ, ਕਿਸਾਨ ਮੋਰਚੇ 'ਚ ਡਟੇ ਕਿਸਾਨ ਆਗੂ ਦੀ ਮੌਤ
ਉਥੇ ਹੀ ਕਾਰ ਦੀ ਪਿਛਲੀ ਸੀਟ ’ਤੇ ਬੈਠੀ ਮ੍ਰਿਤਕ ਸੰਦੀਪ ਸ਼ਰਮਾ ਦੀ ਪਤਨੀ ਮੋਨਾ ਸ਼ਰਮਾ ਅਤੇ ਵੱਡੀ ਧੀ ਇਸ਼ਿਕਾ ਸ਼ਰਮਾ ਕਾਫ਼ੀ ਜ਼ਖ਼ਮੀ ਹੋ ਗਈਆਂ। ਹਾਦਸਾ ਹੋਣ ਦੇ ਕੁਝ ਦੇਰ ਤਕ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੋਇਆ ਕੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਪਿਤਾ ਸੰਦੀਪ ਸ਼ਰਮਾ ਅਤੇ ਬੇਟੇ ਸਨਨ ਸ਼ਰਮਾ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਹੀ, ਮੌਕੇ ’ਤੇ ਬਾਕੀ ਪਰਿਵਾਰਕ ਮੈਂਬਰਾਂ ਦਾ ਇਲਾਜ ਕਰਵਾਇਆ ਗਿਆ।
ਐੱਸ. ਐੱਚ. ਓ. ਸਾਹਿਲ ਚੌਧਰੀ ਮੁਤਾਬਕ ਐੱਕਸ. ਯੂ. ਵੀ. ਚਾਲਕ ਕਾਰ ਉਥੇ ਹੀ ਛੱਡ ਕੇ ਭੱਜ ਗਿਆ ਸੀ। ਅੱਖੀਂ ਵੇਖਣ ਵਾਲਿਆਂ ਮੁਤਾਬਕ ਹਾਦਸਾ 2 ਕਾਰ ਚਾਲਕਾਂ ਵੱਲੋਂ ਰੇਸ ਲਾਉਣ ਕਾਰਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਐੱਕਸ. ਯੂ. ਵੀ. ਕਾਰ ਚਾਲਕ ਅਤੇ ਇਕ ਥਾਰ ਕਾਰ ਚਾਲਕ ਆਪਸ ਵਿਚ ਰੇਸ ਲਾ ਰਹੇ ਸਨ, ਜਿੱਥੇ ਐੱਕਸ. ਯੂ. ਵੀ. ਕਾਰ ਚਾਲਕ (ਪੀ. ਬੀ. 08 ਈ. ਐੱਫ਼-0900) ਹਾਦਸੇ ਤੋਂ ਬਾਅਦ ਪਿੱਛਿਓਂ ਆ ਰਹੀ ਉਸ ਦੇ ਦੋਸਤ ਦੀ ਮਹਿੰਦਰਾ ਥਾਰ ਵਿਚ ਬੈਠ ਕੇ ਫ਼ਰਾਰ ਹੋ ਗਿਆ। ਹਾਲਾਂਕਿ ਪੁਲਸ ਵੱਲੋਂ ਕਾਰ ਨੂੰ ਟ੍ਰੇਸ ਕਰ ਲਿਆ ਗਿਆ ਹੈ। ਮਾਮਲੇ ਨੂੰ ਲੈ ਕੇ ਕਾਰ ਚਾਲਕ ਦੇ ਐਡਰੈੱਸ ਕਢਵਾ ਲਿਆ ਗਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਬੇਟੀ ਇਸ਼ਿਕਾ ਦੇ ਬਿਆਨਾਂ ’ਤੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ
2 ਭੈਣਾਂ ਦਾ ਇਕਲੌਤਾ ਭਰਾ ਸੀ ਸਨਨ, ਅਗਲੇ ਮਹੀਨੇ ਸੀ 18ਵਾਂ ਜਨਮ ਦਿਨ
ਹਾਦਸੇ ਦੌਰਾਨ ਮੌਜੂਦ ਰੈਸਟੋਰੈਂਟ ਦੇ ਵੈਲੇ ਸਟਾਫ਼ ਨੇ ਦੱਸਿਆ ਕਿ ਉਕਤ ਪਰਿਵਾਰ ਬਰਥਡੇ ਪਾਰਟੀ ਵਿਚ ਸ਼ਾਮਲ ਹੋਣ ਲਈ ਆਇਆ ਸੀ। ਇਸ ਦੌਰਾਨ ਜਦੋਂ ਉਹ ਜਾਣ ਲੱਗੇ ਤਾਂ ਪਹਿਲਾਂ ਬੇਟਾ ਸਨਨ ਸ਼ਰਮਾ ਆਪਣੇ ਪਿਤਾ ਨਾਲ ਖ਼ੁਦ ਕਾਰ ਚਲਾ ਕੇ ਜਾਣ ਦੀ ਜ਼ਿੱਦ ਕਰ ਰਿਹਾ ਸੀ ਪਰ ਬਾਅਦ ਵਿਚ ਪਿਤਾ ਵੱਲੋਂ ਮਨ੍ਹਾ ਕਰਨ ’ਤੇ ਉਹ ਨਾਲ ਵਾਲੀ ਸੀਟ ’ਤੇ ਬੈਠਣ ਲੱਗਾ ਸੀ। ਇਸ ਦੌਰਾਨ ਬੇਟਾ ਆਪਣੇ ਪਿਤਾ ਨੂੰ ਕਹਿ ਰਿਹਾ ਸੀ ਕਿ ਜਦੋਂ ਅਗਲੇ ਮਹੀਨੇ ਉਹ 18 ਸਾਲ ਦਾ ਹੋਵੇਗਾ ਤਾਂ ਉਹ ਖ਼ੁਦ ਕਾਰ ਚਲਾਇਆ ਕਰੇਗਾ। ਪਰਿਵਾਰ ਮੁਤਾਬਕ ਸਨਨ 2 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਘਰ ਵਿਚ ਸਭ ਤੋਂ ਛੋਟਾ ਸੀ। ਉਸ ਦੀ ਵੱਡੀ ਭੈਣ ਇਸ਼ਿਕਾ ਗ੍ਰੈਜੂਏਸ਼ਨ ਕਰ ਰਹੀ ਹੈ।
ਭਰਾ ਇਕਬਾਲ ਸ਼ਰਮਾ ਨੇ ਕਿਹਾ-ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ
ਦੂਜੇ ਪਾਸੇ ਸਪੇਅਰ ਪਾਰਟਸ ਕਾਰੋਬਾਰੀ ਸੰਦੀਪ ਸ਼ਰਮਾ ਦੇ ਭਰਾ ਇਕਬਾਲ ਸ਼ਰਮਾ (ਰਿਟਾ. ਸਰਕਾਰੀ ਅਧਿਕਾਰੀ) ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਉਕਤ ਸਜ਼ਾ ਬਾਕੀ ਲੋਕਾਂ ਲਈ ਇਕ ਮਿਸਾਲ ਵਾਂਗ ਹੋਵੇ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮੁਲਜ਼ਮਾਂ ਨੂੰ ਟ੍ਰੇਸ ਤਾਂ ਕਰ ਲਿਆ ਗਿਆ ਹੈ ਪਰ ਉਨ੍ਹਾਂ ਦੀ ਮੰਗ ਹੈ ਕਿ ਪੁਲਸ ਉਨ੍ਹਾਂ ਨੂੰ ਜਲਦ ਤੋਂ ਜਲਦ ਕਾਬੂ ਕਰੇ ਅਤੇ ਮਾਣਯੋਗ ਅਦਾਲਤ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ।
ਇਹ ਵੀ ਪੜ੍ਹੋ- ਮਾਂ-ਬੇਟਿਆਂ ਦਾ ਕਾਂਡ ਕਰੇਗਾ ਹੈਰਾਨ, ਇੰਝ ਲਾਇਆ ਦਿਮਾਗ ਤੇ ਕਰ ਲਈ 30 ਲੱਖ ਦੀ ਠੱਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8