UK ਭੇਜਣ ਦੇ ਨਾਂ 'ਤੇ ਟ੍ਰੈਵਲ ਏਜੰਟ ਨੇ ਮਾਰੀ 25 ਲੱਖ ਤੋਂ ਵੱਧ ਦੀ ਠੱਗੀ, ਦੁਖੀ ਹੋ ਵਿਅਕਤੀ ਨੇ ਕੀਤੀ ਖੁਦਕੁਸ਼ੀ

Sunday, Mar 20, 2022 - 02:56 PM (IST)

UK ਭੇਜਣ ਦੇ ਨਾਂ 'ਤੇ ਟ੍ਰੈਵਲ ਏਜੰਟ ਨੇ ਮਾਰੀ 25 ਲੱਖ ਤੋਂ ਵੱਧ ਦੀ ਠੱਗੀ, ਦੁਖੀ ਹੋ ਵਿਅਕਤੀ ਨੇ ਕੀਤੀ ਖੁਦਕੁਸ਼ੀ

ਮੋਗਾ (ਗੋਪੀ ਰਾਊਂਕੇ) : ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੇ ਪਰਿਵਾਰ ਨੂੰ ਯੂ. ਕੇ. 'ਚ ਸੈਟਲ ਕਰਨ ਲਈ ਸ਼ਮਸ਼ੇਰ ਸਿੰਘ ਨਾਂ ਦੇ ਵਿਅਕਤੀ ਨੇ ਮੁੱਦਕੀ ਦੇ ਗੁਰਪ੍ਰੀਤ ਨਾਂ ਦੇ ਇਕ ਟ੍ਰੈਵਲ ਏਜੰਟ ਕੋਲ ਪਹੁੰਚ ਕੀਤੀ ਅਤੇ ਆਪਣੀ ਪਤਨੀ ਦਾ ਯੂ. ਕੇ. ਦਾ ਵੀਜ਼ਾ ਲਗਵਾਉਣ ਲਈ ਏਜੰਟ ਨੂੰ 25 ਲੱਖ 70 ਹਜ਼ਾਰ ਰੁਪਏ ਦੇ ਦਿੱਤੇ। ਏਜੰਟ ਨੇ ਸ਼ਮਸ਼ੇਰ ਨਾਲ ਗੱਲ ਕੀਤੀ ਸੀ ਕਿ ਇੱਥੋਂ ਉਨ੍ਹਾਂ ਦੀ ਪਤਨੀ ਦਾ 3 ਮਹੀਨੇ ਦਾ ਵੀਜ਼ਾ ਲਗਾ ਕੇ ਯੂ. ਕੇ. ਭੇਜੇਗਾ, ਯੂ. ਕੇ. ਪਹੁੰਚਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੂੰ ਵਰਕ ਪਰਮਿਟ ਦਿਵਾਇਆ ਜਾਵੇਗਾ ਅਤੇ ਬਾਅਦ ਵਿੱਚ ਉਨ੍ਹਾਂ ਦੀ ਬੇਟੀ ਤੇ ਸ਼ਮਸ਼ੇਰ ਨੂੰ ਵੀ ਉਥੇ ਬੁਲਾਇਆ ਜਾਵੇਗਾ।

ਇਹ ਵੀ ਪੜ੍ਹੋ : ਮੋਗਾ ’ਚ ਤਾਰ-ਤਾਰ ਹੋਏ ਰਿਸ਼ਤੇ, 9 ਸਾਲਾ ਭਤੀਜੀ ਦੇ ਮੂੰਹੋਂ ਚਾਚੇ ਦੀ ਕਰਤੂਤ ਸੁਣ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀ

ਟ੍ਰੈਵਲ ਏਜੰਟ ਨੇ ਸ਼ਮਸ਼ੇਰ ਸਿੰਘ ਦੀ ਪਤਨੀ ਦਾ ਵੀਜ਼ਾ ਲਗਾ ਕੇ ਯੂ. ਕੇ. ਭੇਜ ਦਿੱਤਾ ਪਰ ਬਾਅਦ 'ਚ ਉੱਥੇ ਕੋਈ ਵੀਜ਼ਾ ਨਾ ਲੱਗਣ ਕਾਰਨ ਉਸ ਨੂੰ ਭਾਰਤ ਵਾਪਸ ਆਉਣਾ ਪਿਆ। ਟ੍ਰੈਵਲ ਏਜੰਟ ਹੱਥੋਂ ਠੱਗੀ ਦਾ ਸ਼ਿਕਾਰ ਹੋਏ ਸ਼ਮਸ਼ੇਰ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਭਾਵੁਕ ਹੁੰਦਿਆਂ ਦੱਸਿਆ ਕਿ ਮੁੱਦਕੀ ਦੇ ਰਹਿਣ ਵਾਲੇ ਗੁਰਪ੍ਰੀਤ ਨਾਂ ਦੇ ਟ੍ਰੈਵਲ ਏਜੰਟ ਨੇ ਮੈਨੂੰ ਯੂ. ਕੇ. ਭੇਜਣ ਦੇ ਨਾਂ ’ਤੇ 25 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰੀ। ਉਕਤ ਏਜੰਟ ਨੇ ਨਾ ਤਾਂ ਸਾਨੂੰ ਯੂ. ਕੇ. ਸੈਟਲ ਕਰਵਾਇਆ ਤੇ ਨਾ ਹੀ ਸਾਡੇ ਪੈਸੇ ਮੋੜੇ।

ਇਹ ਵੀ ਪੜ੍ਹੋ : ਪੱਕੇ ਨਾ ਕਰਨ ਤੋਂ ਦੁਖੀ ਸਫ਼ਾਈ ਸੇਵਕਾਂ ਨੇ ਵਿਧਾਇਕ ਸੁਖਾਨੰਦ ਤੋਂ ਕੀਤੀ ਇਨਸਾਫ਼ ਦੀ ਮੰਗ

ਵਾਰ-ਵਾਰ ਟ੍ਰੈਵਲ ਏਜੰਟ ਦੀਆਂ ਮਿੰਨਤਾਂ-ਤਰਲੇ ਕਰਕੇ ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਪੈਸੇ ਵਿਆਜ ’ਤੇ ਚੁੱਕ ਕੇ ਤੁਹਾਨੂੰ ਦਿੱਤੇ ਹਨ, ਜੇਕਰ ਸਾਡਾ ਵੀਜ਼ਾ ਨਹੀਂ ਲੱਗਦਾ ਤਾਂ ਸਾਡੇ ਪੈਸੇ ਵਾਪਸ ਕਰ ਦਿਓ ਪਰ ਏਜੰਟ ਨੇ ਸਾਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ। ਇਸ ਸਬੰਧੀ ਅਸੀਂ ਥਾਣਾ ਸਦਰ 'ਚ ਪਹਿਲਾਂ ਵੀ ਸ਼ਿਕਾਇਤ ਕੀਤੀ ਪਰ ਏਜੰਟ ਖ਼ਿਲਾਫ਼ ਕੋਈ ਪੁਖਤਾ ਕਾਰਵਾਈ ਨਹੀਂ ਹੋਈ ਤੇ ਬੀਤੇ ਕੱਲ੍ਹ ਕਰਜ਼ੇ ਦੀ ਪੰਡ ਭਾਰੀ ਹੁੰਦੀ ਦੇਖ ਸ਼ਮਸ਼ੇਰ ਨੇ ਆਪਣੇ ਖੇਤਾਂ 'ਚ ਬਣੀ ਕੋਠੜੀ ’ਚ ਜਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਰ 2 ਦਿਨ ਬੀਤਣ ਦੇ ਬਾਵਜੂਦ ਥਾਣਾ ਸਦਰ ਮੋਗਾ ਦੀ ਪੁਲਸ ਵੱਲੋਂ ਪੀੜਤ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਅੱਜ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਨੈਸ਼ਨਲ ਹਾਈਵੇ ’ਤੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਉਕਤ ਏਜੰਟ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਵਿਧਾਇਕ ਡਾ. ਨਿੱਝਰ ਨੇ ਛੁੱਟੀ ਵਾਲੇ ਦਿਨ ਨਿਗਮ ਅਧਿਕਾਰੀਆਂ ਦੀ ਬੁਲਾਈ ਮੀਟਿੰਗ

ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਸੁਖਦੇਵ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਕੱਲ੍ਹ ਸ਼ਾਮ ਸੂਚਨਾ ਮਿਲੀ ਸੀ ਕਿ ਸ਼ਮਸ਼ੇਰ ਸਿੰਘ ਨਾਂ ਦੇ ਇਕ ਵਿਅਕਤੀ ਨੇ ਆਪਣੇ ਖੇਤਾਂ 'ਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਹੈ। ਅਸੀਂ ਡੈੱਡ ਬਾਡੀ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਮੋਗਾ ਦੀ ਮੋਰਚਰੀ 'ਚ ਲਗਵਾ ਦਿੱਤਾ ਸੀ। ਪਰਿਵਾਰ ਦੀ ਰਾਜ਼ੀਨਾਮੇ ਦੀ ਗੱਲ ਚੱਲਦੀ ਕਰਕੇ ਪਰਿਵਾਰ ਵੱਲੋਂ ਕੋਈ ਸਾਨੂੰ ਲਿਖਤੀ ਸਟੇਟਮੈਂਟ ਜਾਂ ਲਿਖਤੀ ਦਰਖਾਸਤ ਨਹੀਂ ਦਿੱਤੀ ਗਈ, ਜਿਸ ਕਰਕੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਜਦੋਂ ਵੀ ਪਰਿਵਾਰ ਵਾਲੇ ਸਾਨੂੰ ਲਿਖਤੀ ਬਿਆਨ ਦੇਣਗੇ, ਉਸ ਦੇ ਆਧਾਰ ’ਤੇ ਕਾਰਵਾਈ ਕਰਾਂਗੇ।


author

Anuradha

Content Editor

Related News