ਹੱਤਿਆ ਦੇ ਦੋਸ਼ ’ਚ 2 ਨੂੰ ਉਮਰ ਕੈਦ ਦੀ ਸਜ਼ਾ

Thursday, Nov 01, 2018 - 12:12 AM (IST)

ਹੱਤਿਆ ਦੇ ਦੋਸ਼ ’ਚ 2 ਨੂੰ ਉਮਰ ਕੈਦ ਦੀ ਸਜ਼ਾ

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)- ਸੈਸ਼ਨ ਜੱਜ ਬਰਨਾਲਾ ਵੱਲੋਂ  ਹਰਦੀਪ ਕੌਰ ਕਤਲ ਕਾਂਡ ਜੋ ਮਿਤੀ 12.11.2013  ਨੂੰ ਹੋਇਆ ਸੀ,  ਦਾ ਫੈਸਲਾ ਸੁਣਾਉਂਦੇ ਹੋਏ ਚਮਕੌਰ ਸਿੰਘ ਡਾਕਟਰ ਅਤੇ ਸੁਖਬੀਰ ਸਿੰਘ ਉਰਫ ਕਾਕਾ ਵਾਸੀ ਪਿੰਡ ਸੇਖੋਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਦੀ ਪੀਡ਼ਤ ਧਿਰ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਐਡਵੋਕੇਟ ਨੇ ਮੁਫਤ ਪੈਰਵਾਈ ਕੀਤੀ ਸੀ। ਇਸਤਗਾਸਾ ਅਨੁਸਾਰ ਹਰਦੀਪ ਕੌਰ ਪੁੱਤਰੀ ਦਰਸ਼ਨ ਸਿੰਘ ਵਾਸੀ ਪਿੰਡ ਸੇਖਾਂ ਹਰ ਰੋਜ਼ ਦੀ ਤਰ੍ਹਾਂ ਮਿਤੀ 12.11.2013  ਨੂੰ ਨਰਸਿੰਗ ਸਕੂਲ ਬਰਨਾਲਾ ਵਿਖੇ ਪਡ਼੍ਹਨ ਗਈ ਸੀ ਤਾਂ ਉਸ ਨੂੰ ਦੋਸ਼ੀਆਂ ਨੇ ਜਬਰੀ ਅਗਵਾ ਕਰ ਲਿਆ ਅਤੇ 12.11.2013  ਅਤੇ 13.11.2013  ਦੀ ਦਰਮਿਆਨੀ ਰਾਤ ਨੂੰ ਉਸ ਦੀ ਲਾਸ਼  ਉਸ ਦੇ ਘਰ ਸਾਹਮਣੇ ਦੋਸ਼ੀਆਨ ਸੁੱਟ ਕੇ ਭੱਜ ਗਏ। ਇਸ ਕਤਲ ਕਾਂਡ ਸਬੰਧੀ ਸਾਰੇ ਇਲਾਕੇ ’ਚ ਹਾਹਾਕਾਰ ਮੱਚ ਗਈ  ਤੇ ਰੋਸ ਮੁਜ਼ਾਹਰੇ ਹੋਏ ਸਨ। ਪਿੰਡ ਸੇਖਾਂ ਦੇ ਗੁਰਦੁਆਰਾ ਸਾਹਿਬ ਵਿਖੇ ਭਾਰੀ ਇਕੱਠ ਹੋਇਆ ਸੀ। ਇਸ ਕੇਸ ਵਿਚ ਉਕਤ ਦੋਸ਼ੀਆਨ ਤੋਂ ਇਲਾਵਾ ਪਰਮਬੀਰ ਸਿੰਘ ਵੀ ਦੋਸ਼ੀ ਨਾਮਜ਼ਦ ਹੋਇਆ ਸੀ, ਜਿਸ ਦੀ ਦੌਰਾਨੇ ਮੁਕੱਦਮਾ ਮੌਤ ਹੋ ਗਈ ਸੀ। ਇਸ ਕੇਸ ਵਿਚ ਹਰਦੀਪ ਕੌਰ ਦਾ ਪਰਸ, ਬੱਸ ਦਾ ਪਾਸ ਨਰਸਿੰਗ ਸਕੂਲ ਦੀ ਕਿਤਾਬ, ਮੋਬਾਇਲ ਫੋਨ ਆਦਿ ਦੋਸ਼ੀ ਚਮਕੌਰ ਸਿੰਘ ਦੇ ਕਬਜ਼ੇ ’ਚੋਂ ਮਿਲੇ ਸਨ। ਇਸ ਕੇਸ ਵਿਚ ਦੋਸ਼ੀਆਂ ਦੀ ਗ੍ਰਿਫਤਾਰੀ ਪਿਛੋਂ ਮੌਜੂਦਾ ਮੁਕੱਦਮਾ ਸੈਸ਼ਨ ਕੋਰਟ ਬਰਨਾਲਾ ਵਿਚ ਚੱਲ ਰਿਹਾ ਸੀ ਅਤੇ ਇਸ ਸਬੰਧੀ ਐੱਫ. ਆਈ. ਆਰ. ਨੰ. 111 ਮਿਤੀ 13.11.2013  ਪੁਲਸ ਥਾਣਾ ਬਰਨਾਲਾ ਵਿਚ ਦਰਜ ਹੋਇਆ ਸੀ ਜੋ ਜ਼ੇਰੇ ਦਫਾ 302, 120-ਬੀ ਅਤੇ 34 ਆਈ.ਪੀ.ਸੀ.  ਤਹਿਤ ਹੋਇਆ ਸੀ। ਰਾਜਦੇਵ ਸਿੰਘ ਖਾਲਸਾ ਵਕੀਲ ਪੀਡ਼ਤ ਧਿਰ ਨੇ ਕਿਹਾ ਕਿ ਮ੍ਰਿਤਕ ਹਰਦੀਪ ਕੌਰ ਦੀਆਂ ਨਿੱਜੀ ਵਸਤੂਆਂ ਮੁਲਜ਼ਮਾਨ ਕੋਲੋਂ ਬਰਾਮਦ ਹੋਈਆਂ ਸਨ।  ਮੈਡੀਕਲ ਰਿਪੋਰਟ ਵਿਚ ਮੌਤ ਦਾ ਕਾਰਨ ਨਾ ਦੱਸਿਆ ਜਾਣਾ ਕੋਈ ਮਾਇਨੇ ਨਹੀਂ ਰੱਖਦਾ। ਜਦੋਂਕਿ ਇਹ ਸਾਬਤ ਹੋ ਗਿਆ ਕਿ ਹਰਦੀਪ ਕੌਰ ਦੀ ਮੌਤ ਗੈਰ-ਕੁਦਰਤੀ ਸੀ ਅਤੇ ਇਹ ਕਤਲ ਦਾ ਸਾਫ ਸਬੂਤ  ਹੈ।


Related News