ਪਰਾਲੀ ਦੀਆਂ ਗੱਠਾਂ ਲਿਜਾ ਰਹੇ ਟਰੱਕ ਨੂੰ ਲੱਗੀ ਅੱਗ, ਸੜ ਕੇ ਹੋਇਆ ਸੁਆਹ
Monday, Nov 07, 2022 - 02:19 AM (IST)
ਜ਼ੀਰਾ (ਰਾਜੇਸ਼ ਢੰਡ, ਸਤੀਸ਼ ਵਿੱਜ) : ਪਿੰਡ ਮਹੀਆਂਵਾਲਾ-ਵਰਨਾਲਾ ਨੂੰ ਜਾਂਦੀ ਸੜਕ ਨੇੜੇ ਖੇਤਾਂ 'ਚੋਂ ਪਰਾਲੀ ਦੀਆਂ ਗੱਠਾਂ ਨੂੰ ਲੱਦ ਕੇ ਜਾਣ ਸਮੇਂ ਇਕ ਟਰੱਕ ਨੂੰ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਟਰੱਕ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਟਰੱਕ ਮਾਲਕ ਭੱਲਾ ਪੁੱਤਰ ਸੁੱਖਾ ਵਾਸੀ ਜ਼ੀਰਾ ਨੇ ਦੱਸਿਆ ਕਿ ਉਹ ਆਪਣੇ ਟਰੱਕ ਨੰ. ਪੀ ਬੀ 19 ਐੱਫ 8791 ’ਚ ਪਰਾਲੀ ਦੀਆਂ ਗੱਠਾਂ ਨੂੰ ਇਕ ਖੇਤ 'ਚੋਂ ਲੱਦ ਕੇ ਲਿਜਾਣ ਸਮੇਂ ਜਦੋਂ ਸੜਕ ’ਤੇ ਚੜ੍ਹਿਆ ਤਾਂ ਸੜਕ ਉੱਪਰੋ ਲੰਘਦੀਆਂ ਬਿਜਲੀ ਦੀਆਂ ਤਾਰਾਂ ਤੋਂ ਸ਼ਾਰਟ ਸਰਕਟ ਹੋ ਗਿਆ, ਜਿਸ ਕਾਰਨ ਗੱਠਾਂ ’ਤੇ ਬਿਜਲੀ ਦੀ ਚੰਗਿਆੜੀ ਡਿੱਗ ਪਈ ਅਤੇ ਉਸ ਦੇ ਟਰੱਕ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਲਾਏ ਇਲਜ਼ਾਮਾਂ ’ਤੇ ਖੁੱਲ੍ਹ ਕੇ ਬੋਲੇ ਐਡਵੋਕੇਟ ਧਾਮੀ (ਵੀਡੀਓ)
ਇਸ ਬਾਰੇ ਪਤਾ ਲੱਗਣ ’ਤੇ ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਟਰੱਕ ਨੂੰ ਲੱਗੀ ਅੱਗ ਨੂੰ ਆਪਣੇ ਵੱਲੋਂ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਫਾਇਰ ਬ੍ਰਿਗੇਡ ਜ਼ੀਰਾ ਨੂੰ ਸੂਚਿਤ ਕੀਤਾ ਪਰ ਅੱਗ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਗਈ ਅਤੇ ਸਾਰੇ ਟਰੱਕ ਨੂੰ ਆਪਣੀ ਲਪੇਟ ’ਚ ਲੈ ਲਿਆ। ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਟਰੱਕ ਨੂੰ ਲੱਗੀ ਅੱਗ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਅੱਗ ਭਿਆਨਕ ਹੋਣ ਕਾਰਨ ਨਹੀਂ ਬੁਝ ਪਾਈ ਅਤੇ ਦੇਖਦੇ ਹੀ ਦੇਖਦੇ ਟਰੱਕ ਸੜ ਕੇ ਸੁਆਹ ਹੋ ਗਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।