ਟ੍ਰੈਵਲ ਏਜੰਟ ਦੀ ਠੱਗੀ : ਕੈਨੇਡਾ ਦਾ ਜਾਅਲੀ ਵੀਜ਼ਾ ਲਗਾ ਲੱਖਾਂ ਰੁਪਏ ਠੱਗੇ, ਗ੍ਰਿਫ਼ਤਾਰ

05/05/2022 3:23:22 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਕੈਨੇਡਾ ਦਾ ਜਾਅਲੀ ਵੀਜ਼ਾ ਲਗਾ ਕੇ ਲੱਖਾਂ ਰੁਪਏ ਠੱਗਣ ਦੇ ਕਥਿਤ ਦੋਸ਼ ਹੇਠ ਇੰਦਰਪਾਲ ਸਿੰਘ ਭੱਟੀ ਵਾਸੀ ਰਾਮਗੜ੍ਹ ਜਲੰਧਰ ਦਿਹਾਤੀ ਅਤੇ ਡੀ.ਕੇ. ਪਾਂਡੇ ਵਾਸੀ ਗੁੜਗਾਉਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ’ਚੋਂ ਇੰਦਰਪਾਲ ਭੱਟੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਵਿਜੈ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਮੰਡ ਉਧੋਵਾਲ ਦੇ ਵਾਸੀ ਜਸਪਾਲ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਦੁਬਈ ਤੋਂ ਕੁਝ ਸਾਲ ਪਹਿਲਾਂ ਵਾਪਸ ਆਇਆ ਸੀ ਅਤੇ ਹੁਣ ਕੈਨੇਡਾ ਜਾਣਾ ਚਾਹੁੰਦਾ ਸੀ। ਉਸਦੀ ਮੁਲਾਕਾਤ ਦਵਿੰਦਰ ਸਿੰਘ ਵਾਸੀ ਲੱਖਪੁਰ ਨਵਾਂਸ਼ਹਿਰ ਨਾਲ ਹੋਈ ਜਿਸ ਨੇ ਦੱਸਿਆ ਕਿ ਇੰਦਰਪਾਲ ਸਿੰਘ ਭੱਟੀ ਟ੍ਰੈਵਲ ਏਜੰਟ ਹੈ ਜੋ ਲੋਕਾਂ ਨੂੰ ਵਿਦੇਸ਼ ਭੇਜਦਾ ਹੈ। ਮੇਰੇ ਵਲੋਂ ਕੈਨੇਡਾ ਜਾਣ ਲਈ ਇੰਦਰਪਾਲ ਭੱਟੀ ਨੂੰ ਗਵਾਹਾਂ ਦੀ ਮੌਜੂਦਗੀ ਵਿਚ 4 ਲੱਖ ਰੁਪਏ ਦਿੱਤੇ, 2021 ਜੁਲਾਈ ਵਿਚ 2 ਲੱਖ ਰੁਪਏ ਦਿੱਤੇ ਅਤੇ ਕੁਝ ਪੈਸੇ ਉਸ ਦੇ ਬੈਂਕ ਖਾਤੇ ’ਚ ਪਾ ਦਿੱਤੇ। ਕੈਨੇਡਾ ਜਾਣ ਲਈ ਟ੍ਰੈਵਲ ਏਜੰਟ ਨਾਲ 20 ਲੱਖ ਰੁਪਏ ਵਿਚ ਸੌਦਾ ਤੈਅ ਹੋਇਆ ਸੀ। ਟ੍ਰੈਵਲ ਏਜੰਟ ਇੰਦਰਪਾਲ ਸਿੰਘ ਭੱਟੀ ਨੇ ਮੇਰੇ ਮੋਬਾਈਲ ਦੇ ਵਟਸਐਪ ਨੰਬਰ ’ਤੇ ਕੈਨੇਡਾ ਦਾ ਲੱਗਿਆ ਵੀਜ਼ਾ ਭੇਜ ਦਿੱਤਾ ਅਤੇ ਕਿਹਾ ਕਿ ਉਹ ਵਿਦੇਸ਼ ਜਾਣ ਦੀ ਤਿਆਰੀ ਕਰ ਲਵੇ। ਮੇਰੇ ਵਲੋਂ ਜਦੋਂ ਇਹ ਵੀਜ਼ਾ ਚੈੱਕ ਕਰਵਾਇਆ ਗਿਆ ਤਾਂ ਉਹ ਜਾਅਲੀ ਨਿਕਲਿਆ।

PunjabKesari

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਭਾਜਪਾ ਦਾ 'ਆਪ' ਖ਼ਿਲਾਫ਼ ਹੱਲਾ ਬੋਲ

ਬਿਆਨਕਰਤਾ ਨੇ ਦੋਸ਼ ਲਗਾਇਆ ਕਿ ਇੰਦਰਪਾਲ ਸਿੰਘ ਭੱਟੀ ਅਤੇ ਉਸਦੇ ਸਾਥੀ ਡੀ.ਕੇ. ਪਾਂਡੇ ਨੇ ਮਿਲ ਕੇ ਸਾਡੇ ਨਾਲ 6 ਲੱਖ 27 ਹਜ਼ਾਰ ਰੁਪਏ ਦੀ ਠੱਗੀ ਮਾਰੀ। ਵਿਦੇਸ਼ ਜਾਣ ਵਾਲੇ ਜਸਪਾਲ ਸਿੰਘ ਨੇ ਕੈਨੇਡਾ ਦੇ ਜਾਅਲੀ ਵੀਜ਼ੇ ਬਾਰੇ ਕੋਈ ਜਾਣਕਾਰੀ ਨਾ ਦਿੱਤੀ ਅਤੇ ਕਿਹਾ ਕਿ ਉਹ ਬਕਾਇਆ 13 ਲੱਖ ਰੁਪਏ ਆ ਕੇ ਲੈ ਜਾਵੇ। ਕੱਲ ਇੰਦਰਪਾਲ ਭੱਟੀ ਜਦੋਂ ਮਾਛੀਵਾੜਾ ਵਿਖੇ ਜਸਪਾਲ ਸਿੰਘ ਤੋਂ 13 ਲੱਖ ਰੁਪਏ ਲੈਣ ਆਇਆ ਤਾਂ ਪੁਲਸ ਨੇ ਉਸ ਨੂੰ ਦਬੋਚ ਲਿਆ। ਪੁਲਸ ਵਲੋਂ ਇੰਦਰਪਾਲ ਸਿੰਘ ਭੱਟੀ ਅਤੇ ਡੀ.ਕੇ. ਪਾਂਡੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਟ੍ਰੈਵਲ ਏਜੰਟਾਂ ਨੇ ਕੈਨੇਡਾ ਦੇ ਜਾਅਲੀ ਵੀਜ਼ੇ ਦਿਖਾ ਕੇ ਪੰਜਾਬ ਦੇ ਕਈ ਲੋਕਾਂ ਨਾਲ ਠੱਗੀ ਮਾਰੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News