ਗਾਹਕਾਂ ਨੂੰ ਜਾਅਲੀ ਹਵਾਈ ਟਿਕਟਾਂ ਵੇਚ ਕੇ ਟ੍ਰੈਵਲ ਏਜੰਟ ਹੋਇਆ ਫ਼ਰਾਰ

03/28/2024 11:34:07 AM

ਮੁੱਲਾਂਪੁਰ ਦਾਖਾ (ਕਾਲੀਆ) : ਸਥਾਨਕ ਸੁੱਖ ਆਨਲਾਈਨ ਸਰਵਿਸ ਦਾ ਮਾਲਕ ਵਿਦੇਸ਼ ਜਾਣ ਵਾਲੇ ਗਾਹਕਾਂ ਨੂੰ ਜਾਅਲੀ ਹਵਾਈ ਟਿਕਟਾਂ ਵੇਚ ਕੇ ਕਰੀਬ 10 ਲੱਖ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਿਆ ਹੈ, ਜਿਸ ਦੀ ਦਾਖਾ ਪੁਲਸ ਨੇ ਭਾਲ ਆਰੰਭ ਕਰ ਦਿੱਤੀ ਹੈ। ਥਾਣਾ ਦਾਖਾ ਦੇ ਮੁਖੀ ਇੰਸ. ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਕਰੀਬ 8 ਪੀੜਤਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਟ੍ਰੈਵਲ ਏਜੰਟ ਸੁਖਵੀਰ ਸਿੰਘ ਉਰਫ ਸੁੱਖ ਪੁੱਤਰ ਭੁਪਿੰਦਰ ਸਿੰਘ ਵਾਸੀ ਧੋਥੜ ਸੁੱਖ ਆਨਲਾਈਨ ਸਰਵਿਸ ਮੁੱਲਾਂਪੁਰ ਵਿਖੇ ਪਿਛਲੇ ਕਾਫ਼ੀ ਸਮੇਂ ਤੋਂ ਚਲਾ ਰਿਹਾ ਸੀ।

ਉਸ ਨੇ ਕੈਨੇਡਾ, ਅਮਰੀਕਾ ਵਗੈਰਾ ਨੂੰ ਜਾਣ ਵਾਲੇ ਸਟੂਡੈਂਟ ਵਗੈਰਾ ਜਾਂ ਹੋਰ ਲੋਕਾਂ ਨੂੰ ਫਲਾਈਟ ਦੀਆਂ ਜਾਅਲੀ ਟਿਕਟਾਂ ਵੇਚੀਆਂ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਨੂੰ ਤਾਂ ਦਿੱਲੀ ਏਅਰਪੋਰਟ ਤੇ ਪੁੱਜ ਕੇ ਪਤਾ ਲੱਗਾ ਕਿ ਉਨ੍ਹਾਂ ਨਾਲ ਠੱਗੀ ਵੱਜ ਗਈ ਹੈ। ਇਸ ਟ੍ਰੈਵਲ ਏਜੰਟ ਦਾ ਇਹ ਗੋਰਖਧੰਦਾ ਸਵੱਦੀ ਕਲਾਂ ਵਿਖੇ ਵੀ ਚੱਲ ਰਿਹਾ ਹੈ। ਇਸ ਟਰੈਵਲ ਏਜੰਟ ਵੱਲੋਂ ਬਹੁਤ ਸਾਰੇ ਲੋਕਾਂ ਨਾਲ ਪੈਸੇ ਦੀ ਠੱਗੀ ਮਾਰੀ ਗਈ ਹੈ। ਪੀੜਤਾਂ ਦੀ ਸ਼ਿਕਾਇਤ ’ਤੇ ਏ. ਐੱਸ. ਆਈ. ਆਤਮਾ ਸਿੰਘ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਟ੍ਰੈਵਲ ਏਜੰਟ ਪਿਛਲੇ ਦਿਨਾਂ ਤੋਂ ਆਪਣਾਂ ਮੋਬਾਇਲ ਫੋਨ ਬੰਦ ਕਰ ਕੇ ਅਤੇ ਮੁੱਲਾਂਪੁਰ ਦਾਖਾ ਅਤੇ ਸਵੱਦੀ ਕਲਾਂ ਵਿਖੇ ਆਪਣੀ ਦੁਕਾਨ ਨੂੰ ਤਾਲਾ ਲਗਾ ਕੇ ਗਾਇਬ ਹੈ, ਇਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Babita

Content Editor

Related News