ਖੇਤਾਂ ਵਿਚੋਂ ਟਰਾਂਸਫਾਰਮਰ, ਤਾਂਬਾ, ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ 9 ਮੈਂਬਰ ਕਾਬੂ

02/24/2024 5:35:08 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਸੁਖਪਾਲ) : ਸ੍ਰੀ ਮੁਕਤਸਰ ਸਾਹਿਬ ਸੀ. ਆਈ. ਏ. ਸਟਾਫ ਦੀਆਂ ਟੀਮਾਂ ਨੇ ਪੰਜਾਬ ਅਤੇ ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ 9 ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਤੋਂ 156 ਕਿੱਲੋਗ੍ਰਾਮ ਤਾਂਬਾ, 5 ਖੋਲ੍ਹ ਟਰਾਂਸਫਰ, 2 ਟਰੈਕਟਰ ਸਮੇਤ ਟਰਾਲੇ, ਇਕ ਮੋਟਰਸਾਇਕਲ ਅਤੇ ਟੂਲ ਬਰਾਮਦ ਟਰਾਂਸਫਰਮਰਾਂ ਨੂੰ ਖੋਲਣ ਲਈ ਵਰਤੇ ਜਾਂਦੇ ਟੂਲ ਬਰਾਮਦ ਹੋਇਆ ਹੈ। ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ. ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 23.02.2024 ਨੂੰ ਏ. ਐੱਸ. ਆਈ. ਸੁਖਜੀਤ ਸਿੰਘ ਸੀ.ਆਈ.ਏ. ਸ੍ਰੀ ਮੁਕਤਸਰ ਸਾਹਿਬ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਲੰਬੀ ਢਾਬ ਮੌਜੂਦ ਸੀ ਤਾਂ ਉਨ੍ਹਾਂ ਨੂੰ ਗੁਪਤ ਇਤਲਾਹ ਮਿਲੀ ਕਿ ਜਸਵੀਰ ਸਿੰਘ ਪੁੱਤਰ ਜੰਗੀਰ ਸਿੰਘ, ਬਲਵੰਤ ਸਿੰਘ, ਕੁਲਵੰਤ ਸਿੰਘ ਪੁੱਤਰਾਨ ਪ੍ਰੀਤਮ ਸਿੰਘ, ਜਗਤਾਰ ਸਿੰਘ ਉਰਫ ਤੇਜੂ, ਕਿਰਪਾਲ ਸਿੰਘ ਉਰਫ ਗੁੱਲੂ ਪੁੱਤਰਾਨ ਸੁੱਚਾ ਸਿੰਘ ਅਤੇ ਦਲੀਪ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀਆਨ ਪਿੰਡ ਕਾਨਿਆਂਵਾਲੀ ਜੋ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਕਰਕੇ ਵੇਚਣ ਦੇ ਆਦੀ ਹਨ ਅਤੇ ਪਿਛਲੇ ਕਈ ਦਿਨਾਂ ਤੋ ਵੱਖ-ਵੱਖ ਪਿੰਡਾਂ ਦੇ ਖੇਤਾਂ ਵਿਚ ਲੱਗੇ ਟਰਾਸਫਾਰਮਰਾਂ ਵਿੱਚੋਂ ਤਾਂਬਾ ਚੋਰੀ ਕਰਕੇ ਲਿਆਏ ਹਨ ਜੋ ਅੱਗੇ ਵੇਚਣ ਦੀ ਫਿਰਾਕ ਵਿਚ ਹਨ। ਇਸ ’ਤੇ ਪੁਲਸ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। 

ਇਸੇ ਤਰਾਂ ਹੌਲਦਾਰ ਸ਼ਮਿੰਦਰ ਸਿੰਘ ਥਾਣਾ ਬਰੀਵਾਲਾ ਨੂੰ ਇਤਲਾਹ ਮਿਲੀ ਕਿ ਰਾਮ ਜੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਾਨਿਆਂਵਾਲੀ, ਭੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਸਰੂਪ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ, ਧਰਮਿੰਦਰ ਸਿੰਘ, ਜੋਗਿੰਦਰ ਸਿੰਘ ਉਰਫ ਨੋਨੀ ਪੁੱਤਰਾਨ ਬਲਵੀਰ ਸਿੰਘ ਵਾਸੀਆਨ ਟਿੱਬਾ ਬਸਤੀ ਲੱਖੇਵਾਲੀ ਜੋ ਟਰਾਸਫਾਰਮਰਾਂ ਵਿਚ ਤਾਂਬਾ ਚੋਰੀ ਕਰਨ ਦੇ ਆਦੀ ਹਨ। ਜਿਸ ’ਤੇ ਮੁੱਕਦਮਾ ਨੰਬਰ 11 ਮਿਤੀ 23.02.2024 ਅ/ਧ 379/411 ਹਿੰ:ਦੰ: ਥਾਣਾ ਬਰੀਵਾਲਾ ਬਰਖਿਲਾਫ ਉਕਤਾਨ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਅਤੇ ਰੇਡ ਕਰਕੇ ਦੋਸ਼ੀਆਂ ਨੂੰ ਸਮੇਤ 70 ਕਿੱਲੋ ਤਾਂਬਾ, 05 ਖੋਲ ਟਰਾਂਸਫਾਰਮਰ ਅਤੇ ਟਰੈਕਟਰ ਟਰਾਲਾ ਦੇ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਹੁਣ ਤੱਕ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਨੇ ਪਿਛਲੇ ਦਿਨਾਂ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਦੇ ਏਰੀਆ ਵਿਚ ਟਰਾਂਸਫਾਰਮਰ ਅਤੇ ਮੋਟਰਾਂ ਵਿਚੋਂ ਤਾਂਬਾ ਚੋਰੀ ਕੀਤਾ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਗਲੇਰੀ ਤਫਤੀਸ਼ ਅਮਲ ਵਿਚ ਲਿਆਂਦੀ ਜਾਵੇਗੀ।


Gurminder Singh

Content Editor

Related News