ਮੋਬਾਇਲ ਝਪਟਮਾਰ ਤੇ ਚੋਰ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ, 19 ਮੋਬਾਇਲ ਬਰਾਮਦ

Monday, Mar 03, 2025 - 02:55 PM (IST)

ਮੋਬਾਇਲ ਝਪਟਮਾਰ ਤੇ ਚੋਰ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ, 19 ਮੋਬਾਇਲ ਬਰਾਮਦ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਨੂੰ ਅੱਜ ਉਸ ਸਮੇਂ ਭਾਰੀ ਸਫ਼ਲਤਾ ਮਿਲੀ, ਜਦੋਂ ਮੋਬਾਇਲ ਝਪਟਮਾਰ ਅਤੇ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 19 ਮੋਬਾਇਲ ਅਤੇ 1 ਮੋਟਰਸਾਈਕਲ ਬਰਾਮਦ ਹੋਇਆ। ਅੱਜ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਡਾ. ਜੋਤੀ ਯਾਦਵ ਦੀ ਅਗਵਾਈ ਹੇਠ ਕਾਸੋ ਆਪ੍ਰੇਸ਼ਨ ਚੱਲ ਰਿਹਾ ਹੈ, ਜਿਸ ਤਹਿਤ ਥਾਣਾ ਮੁਖੀ ਹਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਤਨਦੇਹੀ ਨਾਲ ਕੰਮ ਕਰਦਿਆਂ ਇਸ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਵਾਸੀ ਹਿਯਾਤਪੁਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਮੋਟਰਸਾਈਕਲ 'ਤੇ ਟੰਗੇ ਝੋਲੇ ’ਚੋਂ ਮੋਬਾਇਲ ਫੋਨ ਚੋਰੀ ਹੋਇਆ ਸੀ, ਜਿਸ ਨੂੰ ਪਤਾ ਲੱਗਾ ਕਿ ਇਹ ਫੋਨ ਅਰਜਨ ਕੁਮਾਰ ਅਤੇ ਅਕਸ਼ੈ ਵਾਸੀ ਹਿਯਾਤਪੁਰ ਦੋਵੇਂ ਭਰਾ ਹਨ, ਨੇ ਚੋਰੀ ਕੀਤਾ ਹੈ। ਮਾਛੀਵਾੜਾ ਪੁਲਸ ਨੇ ਦੋਹਾਂ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਤੋਂ ਕਈ ਚੋਰੀ ਤੇ ਮੋਬਾਇਲ ਝਪਟਮਾਰ ਦੀਆਂ ਵਾਰਦਾਤਾਂ ਦਾ ਖ਼ੁਲਾਸਾ ਹੋਇਆ। ਇਨ੍ਹਾਂ ਦੋਹਾਂ ਨੌਜਵਾਨਾਂ ਤੋਂ 14 ਮੋਬਾਇਲ ਫੋਨ ਚੋਰੀ ਦੇ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਰਜਨ ਤੇ ਅਕਸ਼ੈ ਦੋਵੇਂ ਭਰਾ ਹਨ, ਇਹ ਦੋਵੇਂ ਲੁਧਿਆਣਾ ਫੋਕਲ ਪੁਆਇੰਟ ਏਰੀਏ ਵਿਚ ਮੋਬਾਇਲ ਝਪਟਮਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

ਇਸ ਤੋਂ ਇਲਾਵਾ ਰੇਖਾ ਦੇਵੀ ਜੋ ਕਿ ਮਾਛੀਵਾੜਾ ਵਿਖੇ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ ਅਤੇ ਉਹ ਬੱਸ ਸਟੈਂਡ ਨੇੜੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ 2 ਮੋਟਰਸਾਈਕਲ ਸਵਾਰ ਉਸਦੇ ਹੱਥ ਵਿਚ ਫੜ੍ਹਿਆ ਮੋਬਾਇਲ ਫੋਨ ਝਪਟ ਕੇ ਲੈ ਗਏ। ਪੁਲਸ ਵਲੋਂ ਜਦੋਂ ਤਫ਼ਤੀਸ਼ ਕੀਤੀ ਗਈ ਤਾਂ ਇਸ ਮਾਮਲੇ ਵਿਚ ਗੁਰਪ੍ਰੀਤ ਸਿੰਘ ਗੋਪੀ ਅਤੇ ਅਮਰਜੀਤ ਸਿੰਘ ਵਾਸੀ ਸ਼ਤਾਬਗੜ੍ਹ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਤੋਂ ਰੇਖਾ ਦੇਵੀ ਕੋਲੋਂ ਖੋਹੇ ਮੋਬਾਇਲ ਤੋਂ ਇਲਾਵਾ 5 ਹੋਰ ਚੋਰੀ ਤੇ ਝਪਟਮਾਰ ਦੇ ਮੋਬਾਇਲ ਬਰਾਮਦ ਕੀਤੇ ਗਏ।

ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਝਪਟਮਾਰਾਂ ਦੀ ਉਮਰ 22 ਤੋਂ 25 ਸਾਲ ਹੈ, ਜਿਨ੍ਹਾਂ ਤੋਂ ਹੋਰ ਵੀ ਕਈ ਵਾਰਦਾਤਾਂ ਦਾ ਖ਼ੁਲਾਸਾ ਹੋ ਸਕਦਾ ਹੈ। ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਮਾਛੀਵਾੜਾ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਪੁਲਸ ਟੀਮ ਦਾ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਇਹ ਵੱਡਾ ਝਪਟਮਾਰ ਗਿਰੋਹ ਕਾਬੂ ਆਇਆ ਹੈ।
 


author

Babita

Content Editor

Related News