ਸਰਕਾਰੀ ਸਕੂਲ ’ਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ

Friday, Feb 21, 2025 - 05:06 AM (IST)

ਸਰਕਾਰੀ ਸਕੂਲ ’ਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ

ਭਵਾਨੀਗੜ੍ਹ (ਕਾਂਸਲ) - ਬੀਤੇ ਦਿਨੀ ਨੇੜਲੇ ਪਿੰਡ ਕਾਕੜਾ ਦੇ ਸਰਕਾਰੀ ਸਕੂਲ ’ਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਸਥਾਨਕ ਪੁਲਸ ਵੱਲੋਂ ਚੋਰੀ ਕੀਤੇ ਸਮਾਨ ਸਮੇਤ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਡੀਵਜਨ ਦੇ ਡੀ.ਐਸ.ਪੀ ਰਾਹੁਲ ਕੌਂਸਲ ਅਤੇ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਘੁੰਮਣ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਕਾਕੜਾ ਦੇ ਸਰਕਾਰੀ ਸਕੂਲ ਵਿਚੋਂ ਚੋਰਾਂ ਵੱਲੋਂ ਕੰਪਿਊਟਰ ਅਤੇ ਹੋਰ ਸਮਾਨ ਚੋਰੀ ਕੀਤਾ ਗਿਆ ਸੀ। ਇਸ ਘਟਨਾ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਦਵਿੰਦਰ ਦਾਸ ਅਤੇ ਸਹਾਇਕ ਸਬ ਇੰਸਪੈਕਟਰ ਚਮਕੌਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਅਵਤਾਰ ਸਿੰਘ ਵਾਸੀ ਸਕਰੌਦੀ, ਸੰਜੇ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗਹਿਲਾ ਨੂੰ ਕਾਬੂ ਕਰਕੇ ਉਨਾਂ ਤੋਂ ਚੋਰੀ ਹੋਇਆ ਸਮਾਨ ਬਰਾਮਦ ਕੀਤਾ।

ਦੂਜੇ ਪਾਸੇ ਇਸ ਸਬੰਧੀ ਪਿੰਡ ਕਾਕੜਾ ਦੇ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਕਾਰੀ ਸਕੂਲ ’ਚ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਰਾਤ ਸਮੇਂ ਉਨ੍ਹਾਂ ਨੇ ਕਥਿਤ ਤੌਰ ’ਤੇ ਘੇਰ ਲਿਆ ਸੀ, ਪਰ ਉਨ੍ਹਾਂ ਵਿਚੋਂ 3 ਹਨੇਰੇ ਦਾ ਫਾਇਦਾ ਉਠਾਉਂਦੇ ਮੌਕੇ ਤੋਂ ਫ਼ਰਾਰ ਹੋ ਗਏ ਸੀ।  ਪਰ ਗਿਰੋਹ ਦੇ 2 ਮੈਂਬਰ ਪਿੰਡ ਵਾਸੀਆਂ ਨੇ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤੇ ਸਨ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਇਨ੍ਹਾਂ ’ਤੇ ਸਖ਼ਤ ਕਾਰਵਾਈ ਕਰਕੇ ਫ਼ਰਾਰ ਹੋਏ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਕਾਬੂ ਕਰਨਾ ਚਾਹੀਦਾ ਹੈ। ਜਿਸ ਸਬੰਧੀ ਉਹ ਜਲਦੀ ਹੀ ਪੁਲਸ ਦੇ ਉਚ ਅਧਿਕਾਰੀਆਂ ਨੂੰ ਮਿਲਣਗੇ।


author

Inder Prajapati

Content Editor

Related News