ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਕੌਂਸਲਰ ਦੀ ਸਕੂਟਰੀ ਚੋਰੀ, ਸੀਸੀਟੀਵੀ ’ਚ ਕੈਦ ਹੋਈ ਵਾਰਦਾਤ
Thursday, Feb 27, 2025 - 07:30 PM (IST)

ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਦੇ ਵਾਰਡ ਨੰਬਰ 28 ਦੇ ਕਾਂਗਰਸੀ ਕੌਂਸਲਰ ਦੀ ਅੱਜ ਵਾਰਡ ਵਿਚ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਦੌਰਾਨ ਚੋਰਾਂ ਵੱਲੋਂ ਸਕੂਟਰੀ ਚੋਰੀ ਕਰ ਲਈ ਗਈ। ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਈ ਹੈ।
ਜਾਣਕਾਰੀ ਦਿੰਦਿਆਂ ਵਾਰਡ ਨੰਬਰ 28 ਦੇ ਕੌਂਸਲਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ 'ਚ ਵਿਕਾਸ ਕਾਰਜ ਚੱਲ ਰਹੇ ਹਨ ਤੇ ਉਹ ਜਾਇਜ਼ਾ ਲੈਣ ਲਈ ਆਪਣੀ ਸਕੂਟਰੀ ’ਤੇ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਸਕੂਟਰੀ ਦੇ ਨਾਲ ਹੀ ਚਾਬੀ ਰਹਿਣ ਦਿੱਤੀ। ਇਸੇ ਦੌਰਾਨ ਇੱਕ ਨੌਜਵਾਨ ਆਇਆ ਅਤੇ ਸਕੂਟਰੀ ਚੋਰੀ ਕਰਕੇ ਲੈ ਗਿਆ। ਸਕੂਟਰੀ ਵਿੱਚ ਉਨ੍ਹਾਂ ਦੇ ਕਾਰੋਬਾਰ ਨਾਲ ਸੰਬੰਧਿਤ ਲੈਜਰ ਬੁੱਕ ਅਤੇ ਹੋਰ ਕਿਤਾਬਾਂ, ਏਟੀਐੱਮ ਕਾਰਡ ਅਤੇ ਹੋਰ ਕਈ ਜ਼ਰੂਰੀ ਦਸਤਾਵੇਜ਼ ਵੀ ਸਨ। ਉਨ੍ਹਾਂ ਜਦੋਂ ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇੱਕ ਚੋਰ ਉਸ ਵਿੱਚ ਸਕੂਟਰੀ ਚੋਰੀ ਕਰਦੇ ਸਾਫ ਨਜ਼ਰ ਆ ਰਿਹਾ ਹੈ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਜਾਂਚ ਅਧਿਕਾਰੀ ਏਐੱਸਆਈ ਜੈ ਮਸੀਹ ਨੇ ਕਿਹਾ ਕਿ ਕੌਂਸਲਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।