ਬਿਹਾਰ ਤੋਂ ''ਗੋਲ਼ੀ-ਸਿੱਕਾ'' ਲਿਆ ਕੇ ਪੰਜਾਬ ''ਚ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਹਥਿਆਰਾਂ ਸਣੇ 2 ਕਾਬੂ
Friday, Feb 28, 2025 - 04:03 AM (IST)

ਫਗਵਾੜਾ (ਜਲੋਟਾ)- ਐੱਸ.ਐੱਸ.ਪੀ. ਗੌਰਵ ਤੂਰਾ ਵੱਲੋਂ ਜ਼ਿਲ੍ਹੇ ’ਚ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਫਗਵਾੜਾ ਪੁਲਸ ਨੇ ਬਿਹਾਰ ਤੋਂ ਪੰਜਾਬ (ਫਗਵਾੜਾ) ਲਿਆ ਕੇ ਨਾਜਾਇਜ਼ ਹਥਿਆਰ ਅਤੇ ਗੋਲੀ ਸਿੱਕਾ ਵੇਚਣ ਵਾਲੇ ਖਤਰਨਾਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫਗਵਾੜਾ ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਗਿਰੋਹ ਕਿੰਨੇ ਸਮੇਂ ਤੋਂ ਇਹ ਸਭ ਇੱਥੇ ਚੱਲਾ ਰਿਹਾ ਹੈ ਅਤੇ ਇਸ ਗੈਂਗ ’ਚ ਹੋਰ ਕਿੰਨੇ ਗੈਂਗਸਟਰ ਆਦਿ ਸ਼ਾਮਲ ਹਨ।
ਵੀਰਵਾਰ ਐੱਸ.ਪੀ. ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਡੀ.ਐੱਸ.ਪੀ. ਫਗਵਾੜਾ ਭਾਰਤ ਭੂਸ਼ਣ ਅਤੇ ਥਾਣਾ ਸਤਨਾਮਪੁਰਾ ਦੇ ਐੱਸ.ਐੱਚ.ਓ. ਇੰਸਪੈਕਟਰ ਹਰਦੀਪ ਸਿੰਘ ਦੇ ਯਤਨਾਂ ਸਦਕਾ ਪੁਲਸ ਨੇ ਬਿਹਾਰ ਤੋਂ ਨਾਜਾਇਜ਼ ਹਥਿਆਰ ਅਤੇ ਗੋਲੀ ਸਿੱਕਾ ਲਿਆ ਕੇ ਪੰਜਾਬ (ਫਗਵਾੜਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ) ’ਚ ਵੇਚਣ ਵਾਲੇ ਗਿਰੋਹ ਦੇ ਮੁਖੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਵੱਡੀ ਮਾਤਰਾ ਵਿਚ ਨਾਜਾਇਜ਼ ਹਥਿਆਰ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ।
ਐੱਸ.ਪੀ. ਭੱਟੀ ਨੇ ਦੱਸਿਆ ਕਿ ਕੁੱਟ-ਮਾਰ ਦੇ ਇਕ ਮਾਮਲੇ ’ਚ ਪੁਲਸ ਨੇ ਨਿਸ਼ਾਂਤ ਰਾਜ ਪੁੱਤਰ ਰੋਹਿਤ ਕੁਮਾਰ ਵਾਸੀ ਬਿਹਾਰ ਹਾਲ ਵਾਸੀ ਲਾਅ ਗੇਟ ਪਿੰਡ ਮਹੇੜੂ, ਫਗਵਾੜਾ ਅਤੇ ਆਸ਼ੂਤੋਸ਼ ਪੁੱਤਰ ਏ.ਕੇ. ਠਾਕੁਰ ਵਾਸੀ ਮੁਜ਼ੱਫਰਪੁਰ ਬਿਹਾਰ ਦੇ ਰਹਿਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਨਿਸ਼ਾਂਤ ਰਾਜ ਅਤੇ ਆਸ਼ੂਤੋਸ਼ ਨੇ ਪੁਲਸ ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ, ਜਿਸ ਦੇ ਆਧਾਰ ’ਤੇ ਪੁਲਸ ਨੇ ਜੇ ਮਨੀ ਰਤਨਮ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੁਜ਼ੱਫਰਪੁਰ, ਬਿਹਾਰ ਹਾਲ ਵਾਸੀ ਮਾਂ ਬਗਲਾਮੁਖੀ ਅਪਾਰਟਮੈਂਟ ਪਿੰਡ ਮਹੇੜੂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਦਿਵਿਆਂਗ ਸੈਨਿਕਾਂ ਲਈ ਵੱਡਾ ਐਲਾਨ ; ਐਕਸ ਗ੍ਰੇਸ਼ੀਆ ਰਕਮ ਕੀਤੀ ਦੁੱਗਣੀ
ਐੱਸ.ਪੀ. ਭੱਟੀ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਜੇ ਮਨੀ ਰਤਨਮ ਤੋਂ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਹ ਬਿਹਾਰ ਤੋਂ ਨਾਜਾਇਜ਼ ਹਥਿਆਰ ਅਤੇ ਗੋਲੀ ਸਿੱਕਾ ਲਿਆ ਕੇ ਪੰਜਾਬ ਚ ਫਗਵਾੜਾ ਦੇ ਆਸ ਪਾਸ ਦੇ ਇਲਾਕਿਆਂ ਆਦਿ ’ਚ ਸਪਲਾਈ ਕਰਦਾ ਰਿਹਾ ਹੈ। ਇਸ ਤੋਂ ਬਾਅਦ ਮੁਲਜ਼ਮ ਜੇ ਮਨੀ ਰਤਨਮ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ 3 ਪਿਸਤੌਲਾਂ ਜਿਨ੍ਹਾਂ ’ਚ 2 7.65 ਐੱਮ.ਐੱਮ. ਅਤੇ ਇਕ 32 ਬੋਰ ਹੈ, 15 ਜ਼ਿੰਦਾ ਕਾਰਤੂਸ ਅਤੇ 2 ਖਾਲੀ ਕਾਰਤੂਸ ਬਰਾਮਦ ਕੀਤੇ ਹਨ।
ਮੁਲਜ਼ਮ ਖਿਲਾਫ਼ ਪਹਿਲਾਂ ਵੀ ਦਰਜ ਹੀ ਕਈ ਕੇਸ
ਐੱਸ.ਪੀ. ਭੱਟੀ ਨੇ ਦੱਸਿਆ ਕਿ ਮੁਲਜ਼ਮ ਜੇ ਮਨੀ ਰਤਨਮ ਖ਼ਿਲਾਫ਼ ਪਹਿਲਾਂ ਵੀ ਪੁਲਸ ਥਾਣਾ ਸਤਨਾਮਪੁਰਾ ਚ 3 ਪੁਲਸ ਕੇਸ ਦਰਜ ਹਨ, ਜਿਨ੍ਹਾਂ ’ਚੋਂ 2 ਕੇਸ ਆਰਮਜ਼ ਐਕਟ ਤਹਿਤ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਆਸ਼ੂਤੋਸ਼ ਅਤੇ ਜੇ ਮਨੀ ਰਤਨਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲੈ ਲਿਆ ਹੈ, ਜਦਕਿ ਉਨ੍ਹਾਂ ਦੇ ਤੀਜੇ ਸਾਥੀ ਨਿਸ਼ਾਂਤ ਰਾਜ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਹੈ।
ਇਹ ਪੁੱਛੇ ਜਾਣ 'ਤੇ ਕਿ ਇਸ ਮਾਮਲੇ ’ਚ ਦੋਸ਼ੀ ਆਸ਼ੂਤੋਸ਼ ਅਤੇ ਨਿਸ਼ਾਂਤ ਰਾਜ ਦੀ ਕੀ ਭੂਮਿਕਾ ਰਹੀ ਹੈ? ਐੱਸ.ਪੀ. ਭੱਟੀ ਨੇ ਕਿਹਾ ਕਿ ਪੁਲਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਰਿਮਾਂਡ ਦੌਰਾਨ ਮੁਲਜ਼ਮ ਜੇ ਮਨੀ ਰਤਨਮ ਜੋ ਕਿ ਪਿੰਡ ਮਹੇੜੂ ਨੇੜੇ ਸਥਿਤ ਇਕ ਨਿੱਜੀ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹੈ, ਤੋਂ ਸਖ਼ਤੀ ਨਾਲ ਪੁੱਛਗਿਛ ਕਰੇਗੀ। ਇਸ ਲਈ ਇਸ ਮਾਮਲੇ ’ਚ ਹੋਰ ਵੱਡੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ। ਪੁਲਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇ ਮਨੀ ਰਤਨਮ ਦੇ ਨਾਲ ਹੋਰ ਕਿੰਨੇ ਸਾਥੀ ਬਿਹਾਰ ਤੋਂ ਪੰਜਾਬ (ਫਗਵਾੜਾ) ’ਚ ਨਾਜਾਇਜ਼ ਹਥਿਆਰ ਅਤੇ ਗੋਲੀ ਸਿੱਕੇ ਦੀ ਸਪਲਾਈ ਕਰਨ ਵਿਚ ਸ਼ਾਮਲ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਮਾਲਵਾ ਸੁਪਰਫਾਸਟ ਐਕਸਪ੍ਰੈੱਸ 'ਚੋਂ ਮਿਲਿਆ ਲਾਵਾਰਸ ਬੈਗ, ਕੀਤੀ ਚੈਕਿੰਗ ਤਾਂ ਪੁਲਸ ਵੀ ਰਹਿ ਗਈ ਹੱਕੀ-ਬੱਕੀ
ਵੱਡਾ ਸਵਾਲ : ਗੈਂਗਸਟਰ ਜੇ ਮਨੀ ਰਤਨਮ ਬਿਹਾਰ ਤੋਂ ਕਿੱਥੋਂ ਲੈ ਕੇ ਆ ਰਿਹਾ ਸੀ ਨਾਜਾਇਜ਼ ਪਿਸਤੌਲਾਂ ਅਤੇ ਗੋਲੀ ਸਿੱਕਾ ?
ਗੈਂਗਸਟਰ ਜੇ ਮਨੀ ਰਤਨਮ ਬਿਹਾਰ ਤੋਂ ਨਾਜਾਇਜ਼ ਹਥਿਆਰ ਅਤੇ ਗੋਲੀਆਂ ਕਿਥੋਂ ਲੈ ਕੇ ਆ ਰਿਹਾ ਹੈ ਇਹ ਇਕ ਡੂੰਘਾ ਰਹੱਸ ਬਣਿਆ ਹੋਇਆ ਹੈ, ਜਿਸ ਦੀ ਪੁਲਸ ਵੱਲੋਂ ਪਰਤ ਦਰ ਪਰਤ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਸ ਤੋਂ ਪਹਿਲਾ ਨਾਜਾਇਜ਼ ਅਸਲਾ ਅਤੇ ਗੋਲੀ ਸਿੱਕੇ ਦੀ ਕਿੰਨੀ ਮਾਤਰਾ ਫਗਵਾੜਾ ਸਮੇਤ ਆਸ ਪਾਸ ਦੇ ਇਲਾਕਿਆਂ ’ਚ ਸਪਲਾਈ ਕੀਤੀ ਗਈ ਹੈ? ਗੈਂਗਸਟਰ ਨਾਲ ਇਸ ਦੀ ਸਪਲਾਈ ਚੇਨ ਵਿੱਚ ਕੌਣ ਹੋਰ ਸਾਥੀ ਸ਼ਾਮਲ ਹਨ। ਹਾਲਾਂਕਿ, ਇਸ ਸਨਸਨੀਖੇਜ਼ ਮਾਮਲੇ ਨੇ ਇਸ ਤੱਥ ਨੂੰ ਪ੍ਰਮਾਣਤ ਕਰ ਦਿੱਤਾ ਹੈ ਕਿ ਗੈਰ-ਕਾਨੂੰਨੀ ਹਥਿਆਰ ਅਤੇ ਗੋਲੀ ਸਿੱਕਾ ਬਿਹਾਰ ਦੇ ਰਸਤੇ ਫਗਵਾੜਾ ਪਹੁੰਚ ਰਿਹਾ ਸੀ। ਇਹ ਇਸ ਤੱਥ ਤੋਂ ਸਪੱਸ਼ਟ ਹੈ ਕਿ ਫਗਵਾੜਾ ਪੁਲਸ ਨੇ 3 ਨਾਜਾਇਜ਼ ਪਿਸਤੌਲਾਂ ਅਤੇ 15 ਜ਼ਿੰਦਾ ਕਾਰਤੂਸ ਅਤੇ 2 ਖਾਲੀ ਕਾਰਤੂਸ ਬਰਾਮਦ ਕੀਤੇ ਹਨ ਜਿਸਦੀ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਨੌਜਵਾਨਾਂ ਨੂੰ ਨਾਜਾਇਜ਼ ਹਥਿਆਰਾਂ ਤੋਂ ਦੂਰ ਰਹਿਣਾ ਚਾਹੀਦੈ : ਐੱਸ.ਪੀ. ਰੁਪਿੰਦਰ ਕੌਰ ਭੱਟੀ
ਐੱਸ. ਪੀ. ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਉਹ ਸਾਰੇ ਨੌਜਵਾਨਾਂ ਨੂੰ ਨਾਜਾਇਜ਼ ਹਥਿਆਰਾਂ ਅਤੇ ਗੋਲੀ ਸਿੱਕੇ ਆਦਿ ਤੋਂ ਦੂਰ ਰਹਿਣ ਦੀ ਜ਼ੋਰਦਾਰ ਅਪੀਲ ਕਰਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਹ ਦੇਖਿਆ ਗਿਆ ਹੈ ਕਿ ਨੌਜਵਾਨ ਬਿਨਾਂ ਕਿਸੇ ਜਾਣ-ਪਛਾਣ ਵਾਲੇ ਅਨਜਾਨ ਵਿਅਕਤੀ ਨੂੰ ਆਪਣੀ ਗੱਡੀ ਦੇ ਦਿੰਦੇ ਹਨ, ਜੋ ਸ਼ਾਤਰ ਅਪਰਾਧੀਆਂ ਨਾਲ ਜੁੜੀਆ ਹੁੰਦਾ ਹੈ। ਉਹ ਨੌਜਵਾਨ ਪੀੜ੍ਹੀ ਨੂੰ ਹਰ ਚੀਜ਼ ਬਾਰੇ ਗੰਭੀਰਤਾ ਨਾਲ ਸੋਚ ਕੇ ਕਾਰਜ ਕਰਨ ਦੀ ਗੱਲ ਆਖੀ ਹੈ ਅਤੇ ਕਿਹਾ ਹੈ ਕਿ ਨੌਜਵਾਨ ਆਪਣੇ ਵਾਹਨ ਅਤੇ ਪੈਸੇ ਦੇ ਲੈਣ-ਦੇਣ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਨਾ ਕਰਨ ਜਿਸ ਸੰਬੰਧੀ ਉਹ ਪੁਰੀ ਤਰਾਂ ਨਾਲ ਜਾਣੂ ਨਾ ਹੋਣ।
ਉਨ੍ਹਾਂ ਕਿਹਾ ਕਿ ਕਈ ਵਾਰ ਭੋਲੇਪਨ ’ਚ ਕੀਤੀ ਗਈ ਛੋਟੀ ਜਿਹੀ ਗਲਤੀ ਕਾਰਨ ਬਹੁਤ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। ਇਸ ਲਈ ਜਿੰਨਾ ਸੰਭਵ ਹੋ ਸਕੇ ਅਣਜਾਣ ਲੋਕਾਂ ਬਾਰੇ ਜਾਗਰੂਕ ਰਹੋ ਅਤੇ ਹਰ ਪੱਧਰ 'ਤੇ ਸਾਵਧਾਨ ਰਹੋ। ਇਸ ਦੌਰਾਨ ਐੱਸ. ਪੀ. ਫਗਵਾੜਾ ਭੱਟੀ ਦੀ ਨੌਜਵਾਨ ਪੀੜ੍ਹੀ ਨੂੰ ਕੀਤੀ ਗਈ ਇਸ ਅਪੀਲ ਦੀ ਫਗਵਾੜਾ ’ਚ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨਵੀਂ ਆਬਕਾਰੀ ਨੀਤੀ 'ਤੇ ਲੱਗੀ ਮੋਹਰ, ਠੇਕਿਆਂ ਦੀ ਅਲਾਟਮੈਂਟ ਬਾਰੇ ਵੀ ਲਏ ਗਏ ਵੱਡੇ ਫ਼ੈਸਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e