ਅਣਪਛਾਤੇ ਚੋਰ ਵਲੋਂ ਘਰੋਂ ’ਚੋਂ ਨਕਦੀ ਤੇ ਗਹਿਣੇ ਚੋਰੀ
Wednesday, Feb 26, 2025 - 03:31 PM (IST)

ਅਬੋਹਰ (ਜ.ਬ.) : ਬੀਤੀ ਰਾਤ ਇਕ ਅਣਪਛਾਤੇ ਚੋਰ ਨੇ ਲਾਈਨ ਪਾਰ ਖੇਤਰ ਨਵੀਂ ਆਬਾਦੀ ਖੇਤਰ 'ਚ ਇਕ ਘਰ 'ਚ ਦਾਖ਼ਲ ਹੋ ਕੇ ਉੱਥੋਂ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਜਦੋਂ ਘਰ ਦੇ ਮਾਲਕਾਂ ਨੂੰ ਸਵੇਰੇ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਨੰਬਰ-2 ਦੀ ਪੁਲਸ ਨੂੰ ਸੂਚਿਤ ਕੀਤਾ, ਜਿਸ ਤੇ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਕਿਰਾਏ ਦੇ ਮਕਾਨ 'ਚ ਰਹਿਣ ਵਾਲੇ ਪਤੀ-ਪਤਨੀ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾਈ, ਜਿਸ ਕਾਰਨ ਉਨ੍ਹਾਂ ਨੂੰ ਚੋਰ ਦੇ ਆਉਣ ਦਾ ਪਤਾ ਹੀ ਨਹੀਂ ਲੱਗਾ।
ਨਵੀਂ ਆਬਾਦੀ ਗਲੀ ਨੰਬਰ-8 ਦੇ ਕੁਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਉਹ ਅਤੇ ਉਸ ਦੀ ਪਤਨੀ ਕਮਰੇ ਵਿੱਚ ਸੁੱਤੇ ਪਏ ਸਨ ਕਿ ਦੇਰ ਰਾਤ ਅਣਪਛਾਤੇ ਚੋਰ ਘਰ ਦੇ ਸਾਹਮਣੇ ਵਾਲੇ ਹਿੱਸੇ 'ਚ ਖਾਲੀ ਜਗ੍ਹਾ ਤੋਂ ਘਰ ਵਿੱਚ ਦਾਖ਼ਲ ਹੋਏ ਅਤੇ ਦੂਜੇ ਕਮਰੇ ਵਿੱਚ ਪਈ ਅਲਮਾਰੀ ਵਿੱਚੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਕਰੀਬ 80 ਹਜ਼ਾਰ ਰੁਪਏ ਚੋਰੀ ਕਰ ਲਏ। ਔਰਤ ਨੇ ਦੱਸਿਆ ਕਿ ਜਦੋਂ ਉਸ ਨੇ ਸਵੇਰੇ 5 ਵਜੇ ਦੇ ਕਰੀਬ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਸ ਦੀਆਂ ਅੱਖਾਂ 'ਚ ਬਹੁਤ ਦਰਦ ਸੀ।
ਇਸ ਤੋਂ ਬਾਅਦ ਜਦੋਂ ਉਹ ਕਸਰਤ ਲਈ ਦੂਜੇ ਕਮਰੇ 'ਚ ਗਈ ਤਾਂ ਗਹਿਣਿਆਂ ਦੇ ਲਪੇਟਣ ਵਾਲੇ ਕਾਗਜ਼ ਬਿਸਤਰੇ ’ਤੇ ਪਏ ਸਨ, ਜਿਸ ਕਾਰਨ ਉਸ ਨੂੰ ਸ਼ੱਕ ਸੀ ਕਿ ਘਰ 'ਚ ਚੋਰੀ ਹੋਈ ਹੈ। ਇਸ ਤੋਂ ਬਾਅਦ ਉਸ ਨੇ ਪੁਲਸ ਸਟੇਸ਼ਨ ਨੰਬਰ-2 ਨੂੰ ਸੂਚਿਤ ਕੀਤਾ ਅਤੇ ਜਦੋਂ ਉਸਨੇ ਆਪਣੇ ਗੁਆਂਢੀ ਦੇ ਘਰ ਵਿਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਤਾਂ ਇਕ ਚੋਰ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੁੰਦਾ ਦੇਖਿਆ ਗਿਆ।