ਸ਼ਹਿਰ ’ਚ ਲੁੱਟ-ਖੋਹ ਤੇ ਚੋਰੀਆਂ ਕਰਨ ਵਾਲੇ 2 ਨੌਜਵਾਨ ਗ੍ਰਿਫ਼ਤਾਰ
Saturday, Feb 22, 2025 - 02:45 PM (IST)

ਮੋਹਾਲੀ (ਨਿਆਮੀਆਂ) : ਮੋਹਾਲੀ ਪੁਲਸ ਵੱਲੋਂ ਸ਼ਹਿਰ ’ਚ ਲੁੱਟ-ਖੋਹ ਅਤੇ ਚੋਰੀਆਂ ਕਰਨ ਵਾਲੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੋਨੂੰ ਖਾਨ ਤੇ ਖੁਸ਼ ਕੁਮਾਰ ਵਾਸੀ ਪਿੰਡ ਸੋਹਾਣਾ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣੇਦਾਰ ਭੁਪਿੰਦਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਫੇਜ਼-9 ਵਿਖੇ ਮਜੈਸਟਿਕ ਹੋਟਲ ਦੇ ਨਜ਼ਦੀਕ ਨਾਕਾਬੰਦੀ ਕੀਤੀ ਗਈ ਸੀ।
ਇਸ ਦੌਰਾਨ ਫੇਜ਼-7 ਵਾਲੇ ਪਾਸਿਓਂ ਮੋਟਰਸਾਈਕਲ ’ਤੇ ਸਵਾਰ 2 ਨੌਜਵਾਨ ਆਏ, ਜੋ ਪੁਲਸ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗੇ ਤਾਂ ਪੁਲਸ ਨੇ ਦੋਹਾਂ ਨੂੰ ਕਾਬੂ ਕਰ ਲਿਆ। ਉਕਤ ਨੌਜਵਾਨ ਮੋਟਰਸਾਈਕਲ ਦੇ ਦਸਤਾਵੇਜ਼ ਨਹੀਂ ਦਿਖਾ ਸਕੇ ਅਤੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਉਕਤ ਮੋਟਰਸਾਈਕਲ ਕੁੱਝ ਦਿਨ ਪਹਿਲਾਂ ਹੀ ਪਿੰਡ ਕੁੰਭੜਾ ਤੋਂ ਚੋਰੀ ਕੀਤਾ ਸੀ। ਪੁਲਸ ਨੇ ਦੋਹਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-8 ਵਿਖੇ ਮਾਮਲਾ ਦਰਜ ਕਰ ਲਿਆ। ਮੁਲਜ਼ਮਾਂ ਦੀ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਉਹ ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਦੇ ਆਦੀ ਹਨ। ਉਕਤ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।