ਤਪਾ ਮੰਡੀ ’ਚ ਖੁੱਲ੍ਹੇ ਆਸਮਾਨ ਹੇਠਾਂ ਪਿਆ ਹਜ਼ਾਰਾਂ ਕੁਇੰਟਲ ਝੋਨਾ ਮੀਂਹ ’ਚ ਭਿੱਜਿਆ

10/24/2021 3:29:07 PM

ਤਪਾ ਮੰਡੀ  (ਸ਼ਾਮ, ਗਰਗ)-ਖਰੀਦ ਕੇਂਦਰਾਂ ’ਚ ਖੁੱਲ੍ਹੇ ਆਸਮਾਨ ਹੇਠਾਂ ਪਿਆ ਝੋਨਾ ਬੇਮੌਸਮੇ ਮੀਂਹ ਕਾਰਨ ਗਿੱਲਾ ਹੋ ਗਿਆ ਹੈ, ਜਦਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਬੇਸ਼ੱਕ ਬੀਤੇ ਸਮੇਂ ਦੌਰਾਨ ਕਿਸਾਨਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਉਨ੍ਹਾਂ ਦੀ ਝੋਨੇ ਦੀ ਫਸਲ ਨੂੰ ਮੰਡੀਆਂ ’ਚ ਰੁਲਣ ਨਹੀਂ ਦਿੱਤਾ ਜਾਵੇਗਾ ਅਤੇ ਅਨਾਜ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਪਰ ਅਸਲ ਹਕੀਕਤ ਅਨਾਜ ਮੰਡੀਆਂ ’ਚ ਵੇਖ ਕੇ ਹੀ ਪਤਾ ਲੱਗਦੀ ਹੈ। ਬੀਤੀ ਰਾਤ ਬੇਮੌਸਮੇ ਪਏ ਮੀਂਹ ਅਤੇ ਹਨੇਰੀ ਝੱਖੜ ਤੋਂ ਬਾਅਦ ਦੇ ਹਾਲਾਤ ਜਾਣਨ ਲਈ ਜਦੋਂ ਸਾਡੇ ਪ੍ਰਤੀਨਿਧੀ ਵੱਲੋਂ ਤਪਾ ਮੰਡੀ ਦੀ ਅੰਦਰਲੀ ਅਨਾਜ ਮੰਡੀ ਦਾ ਦੌਰਾ ਕਰ ਕੇ ਹਾਲ ਜਾਣਿਆ ਗਿਆ ਤਾਂ ਪਤਾ ਲੱਗਿਆ ਕਿ ਅਨਾਜ ਮੰਡੀਆਂ ’ਚ ਕਿਸਾਨ 10-10 ਦਿਨਾਂ ਤੋਂ ਝੋਨਾ ਲੈ ਕੇ ਰੁਲ ਰਹੇ ਹਨ ਅਤੇ ਅਨਾਜ ਮੰਡੀ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਢੇਰੀਆਂ ਥੱਲੇ ਪਾਣੀ ਖੜ੍ਹਨ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ’ਚ ਹੋਰ ਵਾਧਾ ਹੋ ਗਿਆ ਹੈ।

ਇਸ ਮੌਕੇ ਕਿਸਾਨਾਂ ਅਜੈਬ ਸਿੰਘ, ਗੁਰਮੇਲ ਸਿੰਘ, ਗੁਰਵੰਤ ਸਿੰਘ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਮੰਡੀ ’ਚ ਬੈਠੇ ਹਨ, ਜਦਕਿ ਸਰਕਾਰ ਵੱਲੋਂ 3 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਕਰਨ ਦੀ ਗੱਲ ਆਖੀ ਗਈ ਸੀ ਪਰ ਸਰਕਾਰੀ ਦਾਅਵੇ ਇਸ ਸਮੇਂ ਖੋਖਲੇ ਨਜ਼ਰ ਆ ਰਹੇ ਹਨ ਕਿਉਂਕਿ ਉਪਰੋਂ ਮੌਸਮ ਖ਼ਰਾਬ ਹੋਣ ਕਾਰਨ ਮੁਸ਼ਕਿਲਾਂ ’ਚ ਹੋਰ ਵਾਧਾ ਹੋ ਰਿਹਾ ਹੈ। ਕਿਸਾਨ ਗੁਰਮੇਲ ਸਿੰਘ ਦਰਾਜ ਨੇ ਦੱਸਿਆ ਕਿ ਪਹਿਲਾਂ ਹੀ ਦਸ ਦਿਨਾਂ ਤੋਂ ਬੋਲੀ ਦੇ ਇੰਤਜ਼ਾਰ ’ਚ ਬੈਠੇ ਹਨ, ਜਦਕਿ ਝੋਨਾ ਗਿੱਲਾ ਹੋਣ ਕਾਰਨ ਉਨ੍ਹਾਂ ਨੂੰ ਹੋਰ ਸਮਾਂ ਬੈਠਣਾ ਪਵੇਗਾ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਮਾਰਕੀਟ ਫੀਸ ਲੈਣ ਵਾਲੀ ਮਾਰਕੀਟ ਕਮੇਟੀ ਨੂੰ ਮੀਂਹ ਦੇ ਪਾਣੀ ਦੇ ਵੀ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਸਰਕਾਰੀ ਅਧਿਕਾਰੀਆਂ ਨੂੰ ਝੋਨੇ ਦੀ ਫਸਲ ਖਰੀਦਣ ਲਈ ਕਹਿੰਦੇ ਹਾਂ ਤਾਂ ਉਹ ਅੱਗੋਂ ਆਖ ਦਿੰਦੇ ਹਨ ਕਿ ਝੋਨੇ ਦੀ ਫਸਲ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਅਸੀਂ ਨਹੀਂ ਭਰ ਸਕਦੇ। ਉਨ੍ਹਾਂ ਪੰਜਾਬ ਦੀ ਚੰਨੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਰਫ਼ ਬੱਸਾਂ ਤੇ ਸੜਕਾਂ ’ਤੇ ਫੋਟੋਆਂ ਲਾ ਕੇ ਆਪਣੀ ਸਰਕਾਰ ਦੀ ਫੋਕੀ ਵਾਹ-ਵਾਹ ਕਰਾਉਣ ਵਿਚ ਹੀ ਰੁੱਝੇ ਨਾ ਰਹਿਣ, ਜਦਕਿ ਕਿਸਾਨ-ਮਜ਼ਦੂਰਾਂ ਦੇ ਹਾਲ ਆ ਕੇ ਉਹ ਅਨਾਜ ਮੰਡੀਆਂ ’ਚ ਵੀ ਦੇਖਣ।

ਸਾਡੇ ਪ੍ਰਤੀਨਿਧੀ ਨੇ ਇਹ ਵੀ ਦੇਖਿਆ ਕਿ ਖਰੀਦ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਦੀ ਅਜੇ ਤੱਕ ਨਾਮਾਤਰ ਹੀ ਲਿਫਟਿੰਗ ਹੋਈ ਹੈ ਅਤੇ ਭਰੀਆਂ ਹੋਈਆਂ ਬੋਰੀਆਂ ਮੀਂਹ ਦੇ ਪਾਣੀ ’ਚ ਪਈਆਂ ਨਜ਼ਰ ਆਈਆਂ। ਜਦ ਉਕਤ ਮਾਮਲੇ ਬਾਰੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਨੀਸ਼ ਮੌੜ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਆਪਣਾ ਮੋਬਾਇਲ ਨਹੀਂ ਚੁੱਕਿਆ। ਮਾਰਕੀਟ ਕਮੇਟੀ ਦੇ ਸਕੱਤਰ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਅਚਾਨਕ ਪਈ ਭਾਰੀ ਵਰਖਾ ਕਾਰਨ ਢੇਰੀਆਂ ਨੂੰ ਤਰਪਾਲਾਂ ਨਾਲ ਢਕਵਾ ਦਿੱਤਾ ਗਿਆ ਸੀ ਅਤੇ 10 ਦਿਨਾਂ ਤੋਂ ਕੋਈ ਵੀ ਕਿਸਾਨ ਨਹੀਂ ਬੈਠਾ, ਜੇ ਕੋਈ ਬੈਠਾ ਵੀ ਹੈ ਤਾਂ ਉਹ ਹਰਾ ਝੋਨਾ ਮੰਡੀ ’ਚ ਲਿਆ ਕੇ ਸੁੱਟ ਲੈਂਦਾ ਹੈ ਅਤੇ ਉਸ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਬੋਲੀ ਨਹੀਂ ਲੱਗ ਸਕੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ’ਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਕੋਈ ਮੁਸ਼ਕਿਲ ਪੇਸ਼ ਨਾ ਆਵੇ।


Manoj

Content Editor

Related News